ਮੋਗਾ, 16 ਜੁਲਾਈ: (ਲਛਮਣ ਜੀਤ ਸਿੰਘ ਪੁਰਬਾ) : “ਦੇਸ਼ ਬਚਾਓ ਮੋਰਚੇ” ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ‘ਤੇ ਮੋਗਾ ਜ਼ਿਲ੍ਹੇ ਵਿੱਚ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਭਾਰਤ-ਅਮਰੀਕਾ ਪ੍ਰਸਤਾਵਿਤ ਵਪਾਰ ਸਮਝੌਤੇ (FTA) ਦੇ ਵਿਰੋਧ ਵਿੱਚ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ। ਰੋਸ ਪ੍ਰਦਰਸ਼ਨ ਉਪਰੰਤ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਭਾਰਤ ਸਰਕਾਰ ਦੇ ਨਾਮ ਮੰਗ ਪੱਤਰ ਵੀ ਸੌਂਪਿਆ ਗਿਆ।
ਮੋਟਰਸਾਈਕਲ ਮਾਰਚ ਲਈ ਵੱਖ-ਵੱਖ ਥਾਵਾਂ ਤੋਂ ਕਾਫਲੇ ਰਵਾਨਾ ਹੋਏ, ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਬੀਕੇਯੂ (ਬ੍ਰਹਮ ਕੇ), ਬੀਕੇਯੂ ਏਕਤਾ (ਆਜ਼ਾਦ), ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕ੍ਰਾਂਤੀਕਾਰੀ ਈ-ਰਿਕਸ਼ਾ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਸਾਰੇ ਕਾਫਲੇ ਬੁੱਘੀਪੁਰਾ ਚੌਂਕ ਵਿਖੇ ਇਕੱਠੇ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਦੇ ਰੂਪ ਵਿੱਚ ਪਹੁੰਚੇ, ਜਿੱਥੇ ਇੱਕ ਵਿਸ਼ਾਲ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਬੀਕੇਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਕੰਗ, ਬੀਕੇਯੂ ਏਕਤਾ (ਆਜ਼ਾਦ) ਦੇ ਸੂਬਾਈ ਆਗੂ ਲਖਵੀਰ ਸਿੰਘ ਦੌਧਰ, ਬੀਕੇਯੂ (ਬ੍ਰਹਮ ਕੇ) ਦੇ ਸੂਬਾ ਪ੍ਰਧਾਨ ਬਲਵੰਤ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦਰਸ਼ਨ ਸਿੰਘ ਅਤੇ ਕ੍ਰਾਂਤੀਕਾਰੀ ਈ-ਰਿਕਸ਼ਾ ਯੂਨੀਅਨ ਦੇ ਸਰਵਣ ਸਿੰਘ ਬਰਾੜ ਨੇ ਸੰਬੋਧਨ ਕੀਤਾ।
ਆਗੂਆਂ ਨੇ ਦੋਸ਼ ਲਗਾਇਆ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਜਾ ਰਹੇ ਵਪਾਰ ਸਮਝੌਤੇ ਨਾਲ ਪੰਜਾਬ ਦੀ ਖੇਤੀ, ਬਾਗਬਾਨੀ, ਡੇਅਰੀ, ਪੋਲਟਰੀ, ਮੱਖੀ ਪਾਲਣ ਅਤੇ ਹੋਰ ਖੇਤੀ ਸਹਾਇਕ ਧੰਦੇ ਗੰਭੀਰ ਸੰਕਟ ਵਿੱਚ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਵੱਡੀਆਂ ਸਬਸਿਡੀਆਂ ਨਾਲ ਤਿਆਰ ਹੋਣ ਵਾਲੇ ਖੇਤੀ ਅਤੇ ਡੇਅਰੀ ਉਤਪਾਦ ਭਾਰਤ ਵਿੱਚ ਸਸਤੇ ਭਾਅ ‘ਤੇ ਆਉਣਗੇ, ਜਿਸ ਕਾਰਨ ਦੇਸ਼ ਦੇ ਕਿਸਾਨਾਂ, ਛੋਟੇ ਵਪਾਰੀਆਂ, ਦੁਕਾਨਦਾਰਾਂ, ਟਰਾਂਸਪੋਰਟਰਾਂ ਅਤੇ ਹੋਰ ਕਿੱਤਾਕਾਰ ਵਰਗ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ।
ਕਿਸਾਨ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਜੀਐਮ (Genetically Modified) ਫਸਲਾਂ ਅਤੇ ਉਨ੍ਹਾਂ ਨਾਲ ਤਿਆਰ ਹੋਣ ਵਾਲੀਆਂ ਖੁਰਾਕੀ ਵਸਤੂਆਂ ਦੇ ਮਨੁੱਖੀ ਸਿਹਤ ਅਤੇ ਵਾਤਾਵਰਣ ‘ਤੇ ਨੁਕਸਾਨਦੇਹ ਪ੍ਰਭਾਵ ਪੈ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖੇਤੀ ਅਤੇ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ “ਦੇਸ਼ ਬਚਾਓ ਮੋਰਚੇ” ਦੇ ਬੈਨਰ ਹੇਠ ਚਲਾਏ ਜਾ ਰਹੇ ਸੰਘਰਸ਼ ਨਾਲ ਜੁੜਨ।
ਰੈਲੀ ਦੇ ਅੰਤ ਵਿੱਚ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਭਾਰਤ ਸਰਕਾਰ ਦੇ ਨਾਮ ਮੰਗ ਪੱਤਰ ਭੇਜਿਆ। ਇਸ ਮੌਕੇ ਬੀਕੇਯੂ ਏਕਤਾ (ਆਜ਼ਾਦ), ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਈ-ਰਿਕਸ਼ਾ ਯੂਨੀਅਨ ਅਤੇ ਹੋਰ ਜਥੇਬੰਦੀਆਂ ਦੇ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਮੌਜੂਦ ਸਨ।
