ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਸੇਵਾ ਸੰਕਲਪ ਅਭਿਆਨ ਤਹਿਤ ਲਗਾਏ ਗਏ ਖੂਨਦਾਨ ਕੈਂਪ ਵਿੱਚ ਕੀਤੀ ਸ਼ਿਰਕਤ
ਸ਼ਾਹਬਾਦ, 28 ਸਤੰਬਰ 2026 (ਸੰਜੀਵ ਸ਼ਰਮਾ): ਸੂਬੇ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਖੂਨਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ, ਕਿਉਂਕਿ ਖੂਨਦਾਨ ਰਾਹੀਂ ਹਾਦਸਿਆਂ ਵਿੱਚ ਜ਼ਖਮੀ ਹੋਏ ਅਤੇ ਹੋਰ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਮਦਦ ਮਿਲਦੀ ਹੈ। ਖੂਨਦਾਨ ਇੱਕ ਪਵਿੱਤਰ ਕਾਰਜ ਹੈ ਅਤੇ ਸਮਾਜ ਦੇ ਹਰ ਤੰਦਰੁਸਤ ਵਿਅਕਤੀ ਨੂੰ ਸੇਵਾ ਭਾਵਨਾ ਨਾਲ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਐਤਵਾਰ ਨੂੰ ਸੇਵਾ ਸੰਕਲਪ ਅਭਿਆਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੈਲਪਰ ਕਮੇਟੀ ਸ਼ਾਹਬਾਦ ਮਾਰਕੰਡਾ ਵੱਲੋਂ ਸਾਂਝੇ ਤੌਰ ’ਤੇ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੇਵਾ, ਸਮਰਪਣ ਅਤੇ ਮਨੁੱਖਤਾ ਦੀ ਭਾਵਨਾ ਨਾਲ ਲਗਾਇਆ ਗਿਆ ਇਹ ਖੂਨਦਾਨ ਕੈਂਪ ਸਮਾਜ ਪ੍ਰਤੀ ਸਾਡੀ ਸਾਂਝੀ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਹੈ।

ਇਸ ਮੌਕੇ ਐਚ.ਐਸ.ਸੀ.ਏ.ਆਰ.ਡੀ.ਬੀ. ਦੇ ਚੇਅਰਮੈਨ ਸੁਭਾਸ਼ ਕਲਸਾਨਾ ਨੇ ਕਿਹਾ ਕਿ 17 ਸਤੰਬਰ ਤੋਂ 17 ਅਕਤੂਬਰ ਤੱਕ ਸੇਵਾ ਸੰਕਲਪ ਅਭਿਆਨ ਤਹਿਤ ਵੱਖ-ਵੱਖ ਸੇਵਾ ਕਾਰਜ ਕਰਵਾਏ ਜਾ ਰਹੇ ਹਨ। ਇਸ ਅਭਿਆਨ ਦਾ ਉਦੇਸ਼ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਲੋੜਵੰਦ ਲੋਕਾਂ ਤੱਕ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸੇਵਾ ਸੰਕਲਪ ਅਭਿਆਨ ਤਹਿਤ ਹੀ ਇਸ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਖੂਨਦਾਨ ਮਹਾਦਾਨ ਹੈ ਅਤੇ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ, ਤਾਂ ਜੋ ਲੋੜ ਪੈਣ ’ਤੇ ਇਹ ਖੂਨ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਕੰਮ ਆ ਸਕੇ।

ਇਸ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਚੇਅਰਮੈਨ ਸੁਭਾਸ਼ ਕਲਸਾਨਾ ਦੇ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਵੀ ਸੁਣਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਸੈਣੀ, ਸੁਸ਼ੀਲ ਰਾਣਾ, ਬੀਬੀ ਕਰਤਾਰ ਕੌਰ, ਰਾਜਦੀਪ ਕੌਰ, ਸਤਪਾਲ ਜੀ, ਈਸ਼ੂ ਸਚਦੇਵਾ, ਸੁਪਾਰਸ਼ਵ ਜੈਨ, ਲੱਕੀ ਰਾਣਾ, ਰਵੀ ਖੇੜਾ, ਤਿਲਕ ਰਾਜ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ।







