ਨੌਜਵਾਨਾਂ ਨੂੰ ਮੁੱਖ ਮੰਤਰੀ ਦਾ ਪ੍ਰੇਰਣਾਦਾਇਕ ਸੰਦੇਸ਼
ਚੰਡੀਗੜ੍ਹ: 10 ਜੁਲਾਈ 2026 (ਛਤਰਪਾਲ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਹੈ ਕਿ ਹਰ ਵੱਡੀ ਕਾਮਯਾਬੀ ਦੀ ਸ਼ੁਰੂਆਤ ਇੱਕ ਛੋਟੇ ਜਿਹੇ ਸੁਪਨੇ ਤੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਸੁਪਨੇ ਦੇਖਣਾ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰਨਾ ਬਹੁਤ ਜ਼ਰੂਰੀ ਹੈ।
ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਨੌਜਵਾਨ ਕਦੇ ਵੀ ਆਪਣੇ ਸੁਪਨਿਆਂ ਨੂੰ ਸੀਮਿਤ ਨਾ ਕਰਨ, ਸਗੋਂ ਖੁੱਲੀਆਂ ਅੱਖਾਂ ਨਾਲ ਵੱਡੇ ਸੁਪਨੇ ਵੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਪੂਰੀ ਲਗਨ, ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਅੱਗੇ ਵਧਣ।
ਉਨ੍ਹਾਂ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਹੀ ਉਹ ਤਾਕਤ ਹੈ ਜੋ ਆਮ ਇਨਸਾਨ ਨੂੰ ਅਸਾਧਾਰਣ ਉਚਾਈਆਂ ਤੱਕ ਲੈ ਜਾਂਦੀ ਹੈ। ਹਰ ਨੌਜਵਾਨ ਕੋਲ ਆਪਣੀ ਕਿਸਮਤ ਬਦਲਣ ਦੀ ਸਮਰੱਥਾ ਹੈ, ਬਸ ਲੋੜ ਹੈ ਆਪਣੇ ਟੀਚੇ ਪ੍ਰਤੀ ਸਮਰਪਣ ਅਤੇ ਨਿਰੰਤਰ ਯਤਨਾਂ ਦੀ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ, ਆਪਣੀਆਂ ਕਾਬਲੀਅਤਾਂ ਨੂੰ ਨਿਖਾਰਨ ਅਤੇ ਪੰਜਾਬ ਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਵੱਡੇ ਸੁਪਨੇ ਹੀ ਵੱਡੀਆਂ ਉਪਲਬਧੀਆਂ ਦੀ ਨੀਂਹ ਬਣਦੇ ਹਨ।