Home ਹਰਿਆਣਾ ਮੀਂਹ ਵੀ ਗਰਮੀ ਦੀ ਲਪੇਟ ‘ਚ ਨਾ ਦੇ ਸਕਿਆ ਰਾਹਤ, ਪੰਜਾਬ...

ਮੀਂਹ ਵੀ ਗਰਮੀ ਦੀ ਲਪੇਟ ‘ਚ ਨਾ ਦੇ ਸਕਿਆ ਰਾਹਤ, ਪੰਜਾਬ ਤੇ ਹਰਿਆਣਾ

0

20 ਜੁਲਾਈ, 2026 (ਸੰਜੀਵ ਕੁਮਾਰ):ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਐਤਵਾਰ ਨੂੰ ਗਰਮੀ ਅਤੇ ਉਮਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ। ਕਈ ਸ਼ਹਿਰਾਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ, ਜਦਕਿ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦੇ ਬਾਵਜੂਦ ਗਰਮੀ ਤੋਂ ਕੋਈ ਖ਼ਾਸ ਰਾਹਤ ਨਹੀਂ ਮਿਲੀ।

ਪੰਜਾਬ ਵਿੱਚ ਬਠਿੰਡਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਫਿਰੋਜ਼ਪੁਰ ਵਿੱਚ 37.3 ਡਿਗਰੀ, ਮੁਹਾਲੀ ਵਿੱਚ 36.4 ਡਿਗਰੀ, ਪਟਿਆਲਾ ਅਤੇ ਚੰਡੀਗੜ੍ਹ ਵਿੱਚ 36 ਡਿਗਰੀ, ਲੁਧਿਆਣਾ ਵਿੱਚ 34.8 ਡਿਗਰੀ ਅਤੇ ਅੰਮ੍ਰਿਤਸਰ ਵਿੱਚ 34.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਅਤੇ ਮੁਹਾਲੀ ਦੇ ਕੁਝ ਇਲਾਕਿਆਂ ਵਿੱਚ ਸਵੇਰੇ ਅਤੇ ਸ਼ਾਮ ਵੇਲੇ ਹੋਈ ਹਲਕੀ ਬਾਰਿਸ਼ ਨੇ ਮੌਸਮ ਨੂੰ ਕੁਝ ਸਮੇਂ ਲਈ ਸੁਹਾਵਣਾ ਬਣਾਇਆ।

ਹਰਿਆਣਾ ਵਿੱਚ ਵੀ ਗਰਮੀ ਦਾ ਪ੍ਰਭਾਵ ਸਪਸ਼ਟ ਤੌਰ ‘ਤੇ ਦੇਖਣ ਨੂੰ ਮਿਲਿਆ। ਰੋਹਤਕ ਸਭ ਤੋਂ ਵੱਧ ਗਰਮ ਰਿਹਾ, ਜਿੱਥੇ ਪਾਰਾ 40.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਹਿਸਾਰ ਵਿੱਚ 39.5 ਡਿਗਰੀ, ਨਾਰਨੌਲ ਵਿੱਚ 37 ਡਿਗਰੀ, ਫਤਿਹਾਬਾਦ ਵਿੱਚ 36.8 ਡਿਗਰੀ, ਅੰਬਾਲਾ ਵਿੱਚ 36.2 ਡਿਗਰੀ, ਗੁਰੂਗ੍ਰਾਮ ਵਿੱਚ 35.9 ਡਿਗਰੀ ਅਤੇ ਕਰਨਾਲ ਵਿੱਚ 35.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਦੇ ਖ਼ਤਰੇ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਅਗਲੇ ਦੋ ਦਿਨਾਂ ਦੌਰਾਨ ਚੰਬਾ, ਕਾਂਗੜਾ, ਮੰਡੀ, ਸਿਰਮੌਰ ਅਤੇ ਕੁੱਲੂ ਦੇ ਕੁਝ ਹਿੱਸਿਆਂ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਸਥਿਤੀ ਨੂੰ ਦੇਖਦਿਆਂ ਰਾਜ ਸਰਕਾਰ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਪੂਰੀ ਤਿਆਰੀ ਰੱਖਣ ਲਈ ਕਿਹਾ ਹੈ।

ਮੁੱਖ ਸਕੱਤਰ ਕਮਲੇਸ਼ ਕੁਮਾਰ ਪੰਤ ਨੇ ਡਿਪਟੀ ਕਮਿਸ਼ਨਰਾਂ ਨੂੰ ਐਮਰਜੈਂਸੀ ਅਪ੍ਰੇਸ਼ਨ ਸੈਂਟਰ ਚੌਵੀ ਘੰਟੇ ਚਾਲੂ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਐਸ.ਡੀ.ਆਰ.ਐਫ., ਐਨ.ਡੀ.ਆਰ.ਐਫ., ਪੁਲੀਸ, ਹੋਮ ਗਾਰਡ ਅਤੇ ਫਾਇਰ ਸਰਵਿਸ ਦੀਆਂ ਟੀਮਾਂ ਨੂੰ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਕਿਨੌਰ ਜ਼ਿਲ੍ਹੇ ਦੇ ਮਸਤਰੰਗ ਖੇਤਰ ਵਿੱਚ ਬਾਰਿਸ਼ ਕਾਰਨ ਆਏ ਹੜ੍ਹ ਨਾਲ ਸਾਂਗਲਾ-ਚਿਤਕੁਲ ਸੜਕ ਪ੍ਰਭਾਵਿਤ ਹੋਈ ਹੈ, ਜਦਕਿ ਚੰਬਾ ਅਤੇ ਹੋਰ ਪਹਾੜੀ ਇਲਾਕਿਆਂ ਵਿੱਚ ਲੈਂਡਸਲਾਈਡ ਕਾਰਨ ਕਈ ਸੜਕਾਂ ਬੰਦ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਹਾਲਾਂਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।

ਪ੍ਰਸ਼ਾਸਨ ਨੇ ਲੋਕਾਂ ਨੂੰ ਮੌਸਮ ਖ਼ਰਾਬ ਰਹਿਣ ਦੌਰਾਨ ਗੈਰ-ਜ਼ਰੂਰੀ ਯਾਤਰਾ ਤੋਂ ਬਚਣ, ਦਰਿਆਵਾਂ ਅਤੇ ਨਾਲ਼ਿਆਂ ਦੇ ਨੇੜੇ ਨਾ ਜਾਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਲੋਕ ਰਾਜ ਹੈਲਪਲਾਈਨ 1070 ਜਾਂ ਜ਼ਿਲ੍ਹਾ ਹੈਲਪਲਾਈਨ 1077 ‘ਤੇ ਸੰਪਰਕ ਕਰ ਸਕਦੇ ਹਨ।

Exit mobile version