ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰ. 21 ਅਤੇ ਪਿੰਡ ਕੋਟਲਾ ਬਜਵਾੜਾ ਵਿਖੇ ਲਗਾਏ ਵਿਸ਼ੇਸ਼ ਖੇਡ ਸਿਖਲਾਈ ਕੈਂਪ
ਮੰਡੀ ਗੋਬਿੰਦਗੜ੍ਹ/ਫਤਹਿਗੜ੍ਹ ਸਾਹਿਬ, 01 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵੱਡੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਨੌਜਵਾਨਾਂ ਨੂੰ ਖੇਡ ਗਤਿਵਿਧੀਆਂ ਨਾਲ ਜੋੜਨ ਦੇ ਮੰਤਵ ਨਾਲ ਖੇਡ ਵਿਭਾਗ ਵੱਲੋਂ ਜ਼ਿਲ੍ਹੇ ਦੇ ਡਰੱਗ ਹੌਟਸਪੌਟ ਖੇਤਰ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 21 ਅਤੇ ਪਿੰਡ ਕੋਟਲਾ ਬਜਵਾੜਾ ਵਿਖੇ ਵਿਸ਼ੇਸ਼ ਖੇਡ ਸਿਖਲਾਈ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਹਰੇਕ ਸਥਾਨ ਤੋਂ ਕਰੀਬ 30 ਤੋਂ 40 ਨੌਜਵਾਨ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਕੈਂਪਾਂ ਦੌਰਾਨ ਖੇਡ ਵਿਭਾਗ ਦੇ ਤਜਰਬੇਕਾਰ ਕੋਚਾਂ ਵੱਲੋਂ ਨੌਜਵਾਨਾਂ ਨੂੰ ਵੱਖ-ਵੱਖ ਖੇਡਾਂ ਦੀ ਮੁੱਢਲੀ ਸਿਖਲਾਈ ਦੇਣ ਦੇ ਨਾਲ-ਨਾਲ ਫਿਟਨੈੱਸ ਟ੍ਰੇਨਿੰਗ ਅਤੇ ਸਰੀਰਕ ਤੰਦਰੁਸਤੀ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਨੌਜਵਾਨਾਂ ਨੂੰ ਖੇਡ ਵਿਭਾਗ ਦੀਆਂ ਵੱਖ-ਵੱਖ ਭਲਾਈ ਸਕੀਮਾਂ, ਜਿਨ੍ਹਾਂ ਵਿੱਚ ਖੇਡ ਵਿੰਗ, ਖੇਡ ਨਰਸਰੀਆਂ ਅਤੇ ਸਪੋਰਟਸ ਸਕਾਲਰਸ਼ਿਪ ਸਕੀਮਾਂ ਸ਼ਾਮਲ ਹਨ, ਬਾਰੇ ਵੀ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ, ਤਾਂ ਜੋ ਉਹ ਇਨ੍ਹਾਂ ਸਕੀਮਾਂ ਦਾ ਲਾਭ ਉਠਾ ਕੇ ਖੇਡਾਂ ਦੇ ਖੇਤਰ ਵਿੱਚ ਆਪਣਾ ਭਵਿੱਖ ਬਿਹਤਰ ਬਣਾ ਸਕਣ। ਇਸ ਤੋਂ ਇਲਾਵਾ ਪਿੰਡ ਕੋਟਲਾ ਬਜਵਾੜਾ ਵਿਖੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਜਾਰੀ ਰੱਖਣ ਲਈ ਵਾਲੀਬਾਲ ਕਿੱਟ ਵੀ ਮੁਹੱਈਆ ਕਰਵਾਈ ਗਈ। ਡਿਪਟੀ ਕਮਿਸ਼ਨਰ ਨੇ ਆਸ ਪ੍ਰਗਟਾਈ ਕਿ ਅਜਿਹੇ ਉਪਰਾਲਿਆਂ ਸਦਕਾ ਨੌਜਵਾਨ ਖੇਡਾਂ ਦੇ ਖੇਤਰ ਵਿੱਚ ਅੱਗੇ ਵਧ ਕੇ ਆਪਣੇ ਪਿੰਡ, ਜ਼ਿਲ੍ਹੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਖੇਡ ਪ੍ਰੇਮੀ ਅਤੇ ਪਿੰਡ ਵਾਸੀ ਹਾਜ਼ਰ ਸਨ।
