ਚੰਡੀਗੜ੍ਹ, 30 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ 1857 ਦੀ ਕ੍ਰਾਂਤੀ ਅਤੇ ਆਜ਼ਾਦੀ ਦੀ ਪਹਿਲੀ ਲੜਾਈ ਨਾਲ ਜੁੜੇ ਕਈ ਮਹੱਤਵਪੂਰਨ ਅਤੇ ਇਤਿਹਾਸਕ ਤੱਥਾਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਇਸ ਕ੍ਰਾਂਤੀ ਵਿੱਚ ਭਾਰਤੀ ਸੈਨਿਕਾਂ ਅਤੇ ਆਜ਼ਾਦੀ ਲਈ ਲੜਨ ਵਾਲੇ ਵੀਰਾਂ ਨੇ ਅਦੁੱਤੀ ਹੌਸਲੇ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਅੰਬਾਲਾ ਛਾਉਣੀ ਵਿੱਚ ਸਤੰਬਰ, 1857 ਦੌਰਾਨ 5ਵੀਂ ਅਤੇ 60ਵੀਂ ਨੇਟਿਵ ਇਨਫੈਂਟਰੀ ਦੇ ਸੈਨਿਕਾਂ ਨਾਲ ਕੀਤੀ ਗਈ ਕਾਰਵਾਈ ਵਿੱਚ ਪਰੇਡ ਗਰਾਊਂਡ ’ਤੇ ਮਹਿਜ਼ 10 ਮਿੰਟਾਂ ਦੇ ਅੰਦਰ 135 ਭਾਰਤੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਅੰਗਰੇਜ਼ਾਂ ਨੇ 1857 ਦੀ ਕ੍ਰਾਂਤੀ ਦੌਰਾਨ 74 ਫੌਜੀ ਕੰਪਨੀਆਂ ਨੂੰ ਭੰਗ (ਡਿਸਬੈਂਡ) ਕਰ ਦਿੱਤਾ ਸੀ। ਸ੍ਰੀ ਵਿਜ ਨੇ ਕਿਹਾ ਕਿ ‘ਆਜ਼ਾਦੀ ਦੀ ਪਹਿਲੀ ਲੜਾਈ ਸ਼ਹੀਦ ਸਮਾਰਕ-1857’ ਦੇ ਨਿਰਮਾਣ ਨਾਲ ਜੁੜੀ ਖੋਜ ਦੌਰਾਨ ਕਈ ਸਰਕਾਰੀ ਦਸਤਾਵੇਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਭਾਰਤੀ ਸੈਨਿਕਾਂ ਅਤੇ ਕ੍ਰਾਂਤੀਕਾਰੀਆਂ ਦੀਆਂ ਅਦੁੱਤੀ ਕੁਰਬਾਨੀਆਂ ਅਤੇ ਸੰਘਰਸ਼ ਦੀਆਂ ਅਜਿਹੀਆਂ ਅਣਸੁਣੀਆਂ ਕਹਾਣੀਆਂ ਦਰਜ ਹਨ, ਜਿਨ੍ਹਾਂ ਨੂੰ ਹੁਣ ਤੱਕ ਇਤਿਹਾਸ ਦੇ ਪੰਨਿਆਂ ਵਿੱਚ ਉਚਿਤ ਸਥਾਨ ਨਹੀਂ ਮਿਲ ਸਕਿਆ ਸੀ।
ਊਰਜਾ ਮੰਤਰੀ ਨੇ ਕਿਹਾ ਕਿ ਅੰਬਾਲਾ ਵਿੱਚ ਬਣਨ ਵਾਲਾ ‘ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਸਮਾਰਕ-1857’ ਦੇਸ਼ ਦੇ ਉਨ੍ਹਾਂ ਗੁਮਨਾਮ ਕ੍ਰਾਂਤੀਕਾਰੀਆਂ ਅਤੇ ਸ਼ਹੀਦਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਨ੍ਹਾਂ ਭਾਵੁਕ ਸ਼ਬਦਾਂ ਵਿੱਚ ਕਿਹਾ ਕਿ “ਆਜ਼ਾਦੀ ਦੀ ਲੜਾਈ ਵਿੱਚ ਜਿਸ ਨੇ ਵੀ ਇੱਕ ਕਦਮ ਅੱਗੇ ਵਧਾਇਆ, ਮੈਂ ਉਸ ਦੇ ਚਰਨ ਸਪਰਸ਼ ਕਰਦਾ ਹਾਂ।” ਉਨ੍ਹਾਂ ਕਿਹਾ ਕਿ ਸਮਾਰਕ ਰਾਹੀਂ ਅਜਿਹੇ ਸਾਰੇ ਵੀਰਾਂ ਦੀਆਂ ਕੁਰਬਾਨੀਆਂ ਨੂੰ ਸਨਮਾਨ ਮਿਲੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇਸ਼ ਦੀ ਆਜ਼ਾਦੀ ਦੇ ਅਸਲ ਇਤਿਹਾਸ ਅਤੇ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਤੋਂ ਜਾਣੂ ਹੋ ਸਕਣਗੀਆਂ। ਸ੍ਰੀ ਵਿਜ ਨੇ ਦੱਸਿਆ ਕਿ ਆਉਣ ਵਾਲੀ 5 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅੰਬਾਲਾ ਵਿੱਚ ‘ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਸਮਾਰਕ-1857’ ਦਾ ਉਦਘਾਟਨ ਕਰਨਗੇ। ਇਸ ਮੌਕੇ ਉਨ੍ਹਾਂ ਦੇ ਆਗਮਨ ’ਤੇ ਅੰਬਾਲਾ ਛਾਉਣੀ ਦੇ ਗਾਂਧੀ ਗਰਾਊਂਡ ਵਿੱਚ ਇੱਕ ਵਿਸ਼ਾਲ ਜਨਸਭਾ ਦਾ ਆਯੋਜਨ ਵੀ ਕੀਤਾ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਹਰਿਆਣਾ ਸਰਕਾਰ ਨੇ ਸੂਬੇ ਦੇ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਖਰਚੇ ’ਤੇ ਸ਼ਹੀਦ ਸਮਾਰਕ ਦਾ ਦੌਰਾ ਕਰਵਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਨੌਜਵਾਨ ਪੀੜ੍ਹੀ 1857 ਦੀ ਕ੍ਰਾਂਤੀ ਦੇ ਸ਼ਾਨਦਾਰ ਇਤਿਹਾਸ, ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਨੂੰ ਨੇੜਿਓਂ ਜਾਣ ਸਕੇ।
ਮੇਰਠ ਤੋਂ ਨੌਂ ਘੰਟੇ ਪਹਿਲਾਂ ਅੰਬਾਲਾ ਛਾਉਣੀ ਵਿੱਚ ਸ਼ੁਰੂ ਹੋਈ ਸੀ 1857 ਦੀ ਕ੍ਰਾਂਤੀ – ਵਿਜ
ਉਨ੍ਹਾਂ ਕਿਹਾ ਕਿ ‘ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਸਮਾਰਕ-1857’ ਇਤਿਹਾਸਕ ਸਮਾਰਕ ਸਬੰਧੀ ਕੁਝ ਮਹੱਤਵਪੂਰਨ ਤੱਥ ਸਾਂਝੇ ਕਰਨੇ ਜ਼ਰੂਰੀ ਹਨ। ਖਾਸ ਤੌਰ ’ਤੇ ਦੋ ਸਵਾਲਾਂ ਦੇ ਜਵਾਬ ਜਾਣਨਾ ਜ਼ਰੂਰੀ ਹੈ ਕਿ ਇਹ ਸਮਾਰਕ ਅੰਬਾਲਾ ਛਾਉਣੀ ਵਿੱਚ ਹੀ ਕਿਉਂ ਬਣਾਇਆ ਗਿਆ ਹੈ ਅਤੇ 1857 ਦੀ ਕ੍ਰਾਂਤੀ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਿਉਂ ਕਿਹਾ ਜਾਂਦਾ ਹੈ। ਸ੍ਰੀ ਵਿਜ ਨੇ ਕਿਹਾ ਕਿ ਅੰਬਾਲਾ ਛਾਉਣੀ ਵਿੱਚ ਸ਼ਹੀਦ ਸਮਾਰਕ ਬਣਾਉਣ ਦਾ ਮੁੱਖ ਆਧਾਰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾ. ਕੇ. ਸੀ. ਯਾਦਵ ਵੱਲੋਂ ਆਪਣੀ ਖੋਜ ਅਤੇ ਪੁਸਤਕ ਵਿੱਚ ਪੇਸ਼ ਕੀਤੇ ਗਏ ਤੱਥ ਹਨ। ਉਨ੍ਹਾਂ ਦੀ ਖੋਜ ਅਨੁਸਾਰ, 1857 ਦੀ ਕ੍ਰਾਂਤੀ, ਜਿਸ ਨੂੰ ਅੰਗਰੇਜ਼ਾਂ ਨੇ ‘ਮਿਊਟਿਨੀ’ ਯਾਨੀ ਸੈਨਿਕ ਬਗਾਵਤ ਕਿਹਾ ਸੀ, ਮੇਰਠ ਤੋਂ ਲਗਭਗ ਨੌਂ ਘੰਟੇ ਪਹਿਲਾਂ ਅੰਬਾਲਾ ਛਾਉਣੀ ਵਿੱਚ ਸ਼ੁਰੂ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ’ਤੇ ਉਨ੍ਹਾਂ ਨੇ ਖੁਦ ਵੀ ਡੂੰਘਾਈ ਨਾਲ ਖੋਜ ਕੀਤੀ ਹੈ ਅਤੇ ਕਈ ਮਹੱਤਵਪੂਰਨ ਦਸਤਾਵੇਜ਼ ਇਕੱਠੇ ਕੀਤੇ ਹਨ। ਉਨ੍ਹਾਂ ਅਨੁਸਾਰ, 10 ਮਈ, 1857 ਨੂੰ ਅੰਬਾਲਾ ਛਾਉਣੀ ਦੀ 5ਵੀਂ ਅਤੇ 60ਵੀਂ ਨੇਟਿਵ ਇਨਫੈਂਟਰੀ ਦੇ ਸੈਨਿਕ ਮੇਰਠ ਤੋਂ ਲਗਭਗ ਨੌਂ ਘੰਟੇ ਪਹਿਲਾਂ ਸਵੇਰੇ ਹਥਿਆਰ ਲੈ ਕੇ ਆਪਣੀਆਂ ਬੈਰਕਾਂ ਤੋਂ ਬਾਹਰ ਆ ਗਏ ਸਨ। ਇਹ ਤੱਥ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ 1857 ਦੇ ਵਿਦਰੋਹ ਦੇ ਇਤਿਹਾਸ ਵਿੱਚ ਅੰਬਾਲਾ ਛਾਉਣੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ।
ਰਾਸ਼ਟਰੀ ਅਭਿਲੇਖਾਗਾਰ ਦੇ ਦਸਤਾਵੇਜ਼ ਵਿੱਚ ਦਰਜ ਹੈ ਅੰਬਾਲਾ ਵਿੱਚ 135 ਸੈਨਿਕਾਂ ਦੀ ਮੌਤ ਦਾ ਜ਼ਿਕਰ- ਵਿਜ
ਊਰਜਾ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਸ਼ਟਰੀ ਅਭਿਲੇਖਾਗਾਰ ਤੋਂ ਇੱਕ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਮਿਲਿਆ ਹੈ, ਜਿਸ ਦੀ ਕਾਪੀ ਵੀ ਉਪਲਬਧ ਕਰਵਾਈ ਜਾਵੇਗੀ। ਇਸ ਦਸਤਾਵੇਜ਼ ਅਨੁਸਾਰ, ਸਤੰਬਰ 1857 ਦੌਰਾਨ ਅੰਬਾਲਾ ਛਾਉਣੀ ਵਿੱਚ 5ਵੀਂ ਅਤੇ 60ਵੀਂ ਨੇਟਿਵ ਇਨਫੈਂਟਰੀ ਦੇ ਸੈਨਿਕਾਂ ਨੂੰ ਪਰੇਡ ਗਰਾਊਂਡ ਵਿੱਚ ਬੁਲਾਇਆ ਗਿਆ ਸੀ। ਇਸੇ ਦੌਰਾਨ ਕਥਿਤ ਤੌਰ ’ਤੇ ਕਿਸੇ ਸੈਨਿਕ ਨੇ ‘ਫਲਾਈ’ ਯਾਨੀ ਭੱਜਣ ਦਾ ਨਾਅਰਾ ਲਗਾਇਆ, ਜਿਸ ਤੋਂ ਬਾਅਦ ਯੂਰਪੀ ਸੈਨਿਕਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਸ੍ਰੀ ਵਿਜ ਨੇ ਦਾਅਵਾ ਕੀਤਾ ਕਿ ਇਸ ਘਟਨਾ ਵਿੱਚ ਮਹਿਜ਼ 10 ਮਿੰਟਾਂ ਦੇ ਅੰਦਰ 135 ਸੈਨਿਕ ਮਾਰੇ ਗਏ, 33 ਨੂੰ ਬੰਦੀ ਬਣਾ ਲਿਆ ਗਿਆ ਅਤੇ ਲਗਭਗ 40 ਸੈਨਿਕ ਭੱਜਣ ਵਿੱਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਦਸਤਾਵੇਜ਼ ਵਿੱਚ ਦਰਜ ਇਸ ਘਟਨਾ ਦਾ ਵੇਰਵਾ ਅੱਜ ਤੱਕ ਵਿਆਪਕ ਤੌਰ ’ਤੇ ਲੋਕਾਂ ਦੇ ਸਾਹਮਣੇ ਨਹੀਂ ਆਇਆ। ਉਨ੍ਹਾਂ ਅਨੁਸਾਰ, ਇਹ ਘਟਨਾ 1857 ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਅਤੇ ਅਣਗੌਲਿਆ ਅਧਿਆਇ ਹੈ। ਉਨ੍ਹਾਂ ਦੱਸਿਆ ਕਿ ਇੰਨੀ ਵੱਡੀ ਘਟਨਾ ਅੱਜ ਤੱਕ ਦੁਨੀਆ ਦੇ ਸਾਹਮਣੇ ਨਹੀਂ ਆਈ।
1857 ਦੇ ਵਿਦਰੋਹ ਤੋਂ ਬਾਅਦ ਬੰਗਾਲ ਆਰਮੀ ਦੀਆਂ ਜ਼ਿਆਦਾਤਰ ਭਾਰਤੀ ਰੈਜੀਮੈਂਟਾਂ ਕਰ ਦਿੱਤੀਆਂ ਗਈਆਂ ਸਨ ਭੰਗ- ਵਿਜ
ਸ੍ਰੀ ਵਿਜ ਨੇ ਕਿਹਾ ਕਿ 1857 ਦੀ ਕ੍ਰਾਂਤੀ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਹਿਣ ਦਾ ਇੱਕ ਮਹੱਤਵਪੂਰਨ ਆਧਾਰ ਇਹ ਵੀ ਹੈ ਕਿ ਇਸ ਤੋਂ ਬਾਅਦ ਅੰਗਰੇਜ਼ਾਂ ਨੇ ਆਪਣੀ ਬੰਗਾਲ ਆਰਮੀ ਦੀਆਂ ਜ਼ਿਆਦਾਤਰ ਭਾਰਤੀ ਰੈਜੀਮੈਂਟਾਂ ਨੂੰ ਭੰਗ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਵੀ ਇਤਿਹਾਸਕ ਦਸਤਾਵੇਜ਼ ਉਪਲਬਧ ਹਨ। ਉਨ੍ਹਾਂ ਅੰਗਰੇਜ਼ੀ ਦਸਤਾਵੇਜ਼ ਦਾ ਹਵਾਲਾ ਦਿੰਦਿਆਂ ਕਿਹਾ ਕਿ 1857 ਦੇ ਵਿਦਰੋਹ ਤੋਂ ਬਾਅਦ ਬੰਗਾਲ ਆਰਮੀ ਦੀਆਂ 74 ਨਿਯਮਤ ਨੇਟਿਵ ਇਨਫੈਂਟਰੀ ਰੈਜੀਮੈਂਟਾਂ ਵਿੱਚੋਂ 54 ਨੂੰ ਭੰਗ ਕਰ ਦਿੱਤਾ ਗਿਆ ਸੀ। ਵਿਜ ਅਨੁਸਾਰ, 15 ਰੈਜੀਮੈਂਟਾਂ ਨੂੰ ਹਥਿਆਰਾਂ ਤੋਂ ਵਾਂਝਾ ਕਰ ਦਿੱਤਾ ਗਿਆ ਅਤੇ ਇਨ੍ਹਾਂ ਰੈਜੀਮੈਂਟਾਂ ਵਿੱਚੋਂ ਸਿਰਫ਼ ਤਿੰਨ ਨੂੰ ਵਫ਼ਾਦਾਰ ਮੰਨਿਆ ਗਿਆ, ਜਦਕਿ ਸਾਰੀਆਂ 10 ਰੈਗੂਲਰ ਲਾਈਟ ਕੈਵਲਰੀ ਰੈਜੀਮੈਂਟਾਂ ਨੂੰ ਭੰਗ ਕਰ ਦਿੱਤਾ ਗਿਆ ਸੀ। ਇਸ ਦਾ ਮਤਲਬ ਸੀ ਕਿ ਇਨ੍ਹਾਂ ਰੈਜੀਮੈਂਟਾਂ ਨੇ ਅੰਗਰੇਜ਼ਾਂ ਵਿਰੁੱਧ ਹਥਿਆਰ ਚੁੱਕ ਲਏ ਸਨ, ਜਦਕਿ ਵੱਡੀ ਗਿਣਤੀ ਵਿੱਚ ਭਾਰਤੀ ਸੈਨਿਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਸੀ। ਉਨ੍ਹਾਂ ਕਿਹਾ ਕਿ ਅੰਬਾਲਾ ਛਾਉਣੀ ਵਿੱਚ ਤਾਇਨਾਤ 5ਵੀਂ ਅਤੇ 60ਵੀਂ ਨੇਟਿਵ ਇਨਫੈਂਟਰੀ ਅਤੇ ਚੌਥੀ ਕੈਵਲਰੀ ਨੂੰ ਵੀ ਬਾਅਦ ਵਿੱਚ ਭੰਗ ਕਰ ਦਿੱਤਾ ਗਿਆ ਸੀ। ਵਿਜ ਨੇ ਦਾਅਵਾ ਕੀਤਾ ਕਿ ਸਬੰਧਤ ਸਰਕਾਰੀ ਦਸਤਾਵੇਜ਼ਾਂ ਵਿੱਚ ਇਨ੍ਹਾਂ ਫੌਜੀ ਇਕਾਈਆਂ ਦੇ ਅੱਗੇ ‘ਮਿਊਟਿਨਸ’ ਯਾਨੀ ਵਿਦਰੋਹੀ ਹੋਣ ਦਾ ਜ਼ਿਕਰ ਮਿਲਦਾ ਹੈ। ਉਨ੍ਹਾਂ 1923-24 ਦੇ ਸਰਕਾਰੀ ਗਜ਼ਟੀਅਰ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਤੋਂ ਅੰਬਾਲਾ ਛਾਉਣੀ ਵਿੱਚ ਹੋਏ ਵਿਦਰੋਹ ਦੀ ਇਤਿਹਾਸਕ ਭੂਮਿਕਾ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ।
22 ਏਕੜ ਵਿੱਚ ਫੈਲਿਆ ਏਸ਼ੀਆ ਦਾ ਸਭ ਤੋਂ ਵੱਡਾ ਸ਼ਹੀਦ ਸਮਾਰਕ, 1857 ਦੀ ਕ੍ਰਾਂਤੀ ਦੇ ਦ੍ਰਿਸ਼ਾਂ ਨੂੰ ਤਕਨੀਕ ਰਾਹੀਂ ਕੀਤਾ ਗਿਆ ਜੀਵੰਤ- ਵਿਜ
ਸ੍ਰੀ ਵਿਜ ਨੇ ਦੱਸਿਆ ਕਿ ਲਗਭਗ 22 ਏਕੜ ਵਿੱਚ ਫੈਲਿਆ ਇਹ ਸਮਾਰਕ ਏਸ਼ੀਆ ਦਾ ਸਭ ਤੋਂ ਵੱਡਾ ਸ਼ਹੀਦ ਸਮਾਰਕ ਹੈ ਅਤੇ 1857 ਦੀ ਕ੍ਰਾਂਤੀ ਨੂੰ ਸਮਰਪਿਤ ਦੇਸ਼ ਦਾ ਪਹਿਲਾ ਸਮਾਰਕ ਹੈ। ਉਨ੍ਹਾਂ ਕਿਹਾ ਕਿ ਸਮਾਰਕ ਦੇ ਅੰਦਰ ਅੰਬਾਲਾ ਛਾਉਣੀ ਤੋਂ ਸ਼ੁਰੂ ਹੋ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੜੀਆਂ ਗਈਆਂ ਲੜਾਈਆਂ ਦੇ ਪ੍ਰਮੁੱਖ ਘਟਨਾਕ੍ਰਮਾਂ ਨੂੰ ਮੁੜ ਸਿਰਜ ਕੇ ਪ੍ਰਦਰਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਸੰਘਰਸ਼ ਨੂੰ ਨਵੀਂ ਪੀੜ੍ਹੀ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਆਧੁਨਿਕ ਤਕਨੀਕ ਅਤੇ ਵੱਖ-ਵੱਖ ਦ੍ਰਿਸ਼ ਮਾਧਿਅਮਾਂ ਦੀ ਵਰਤੋਂ ਕੀਤੀ ਗਈ ਹੈ। ਸਮਾਰਕ ਵਿੱਚ ਕੁੱਲ 22 ਗੈਲਰੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ 1857 ਦੀ ਕ੍ਰਾਂਤੀ, ਕ੍ਰਾਂਤੀਕਾਰੀਆਂ ਦੇ ਸੰਘਰਸ਼ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
1857 ਦੇ ਅਣਸੁਣੇ ਕ੍ਰਾਂਤੀਕਾਰੀਆਂ ਨੂੰ ਮਿਲੇਗਾ ਸਨਮਾਨ, ਲਗਭਗ 700 ਸ਼ਹੀਦਾਂ ਦੇ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖੇ ਜਾਣਗੇ- ਵਿਜ
ਊਰਜਾ ਮੰਤਰੀ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇੱਕ ਵੱਡੀ ਵਿਡੰਬਨਾ ਇਹ ਰਹੀ ਹੈ ਕਿ ਆਜ਼ਾਦੀ ਸੰਗਰਾਮ ਦੇ ਕਈ ਕ੍ਰਾਂਤੀਕਾਰੀਆਂ ਅਤੇ ਸ਼ਹੀਦਾਂ ਨੂੰ ਉਹ ਪਛਾਣ ਨਹੀਂ ਮਿਲੀ, ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਚਪਨ ਵਿੱਚ ਵੀ ਮੁੱਖ ਤੌਰ ’ਤੇ ਇਹੀ ਪੜ੍ਹਿਆ ਸੀ ਕਿ ਆਜ਼ਾਦੀ ਦੀ ਲੜਾਈ ਕਾਂਗਰਸ ਨੇ ਲੜੀ, ਜਦਕਿ ਕਾਂਗਰਸ ਦੀ ਸਥਾਪਨਾ 1885 ਵਿੱਚ ਹੋਈ ਸੀ ਅਤੇ ਏ. ਓ. ਹਿਊਮ ਨੇ ਇਸ ਜਥੇਬੰਦੀ ਦਾ ਗਠਨ ਕੀਤਾ ਸੀ ਅਤੇ ਉਸ ਤੋਂ 28 ਸਾਲ ਪਹਿਲਾਂ 1857 ਵਿੱਚ ਦੇਸ਼ ਪੱਧਰ ’ਤੇ ਹਥਿਆਰਬੰਦ ਵਿਦਰੋਹ ਹੋਇਆ ਸੀ। ਸ੍ਰੀ ਵਿਜ ਨੇ ਕਿਹਾ ਕਿ 1857 ਦੀ ਕ੍ਰਾਂਤੀ ਵਿੱਚ ਅੰਗਰੇਜ਼ਾਂ ਵਿਰੁੱਧ ਹਥਿਆਰ ਚੁੱਕਣ ਵਾਲੇ ਕਈ ਵੀਰਾਂ ਨੂੰ ਫਾਂਸੀ ਦਿੱਤੀ ਗਈ ਅਤੇ ਕਈ ਕ੍ਰਾਂਤੀਕਾਰੀਆਂ ਨੂੰ ਦਰੱਖਤਾਂ ਨਾਲ ਬੰਨ੍ਹ ਕੇ ਗੋਲੀਆਂ ਮਾਰੀਆਂ ਗਈਆਂ। ਅੰਬਾਲਾ ਵਿੱਚ ਵੀ ਕਾਲੀ ਪਲਟਨ ਦੇ ਨੇੜੇ ਇੱਕ ਅਜਿਹੇ ਸਥਾਨ ਦਾ ਜ਼ਿਕਰ ਮਿਲਦਾ ਹੈ, ਜਿੱਥੇ ਕ੍ਰਾਂਤੀਕਾਰੀਆਂ ਨੂੰ ਦਰੱਖਤਾਂ ਨਾਲ ਬੰਨ੍ਹ ਕੇ ਗੋਲੀ ਮਾਰਨ ਦੀ ਘਟਨਾ ਨਾਲ ਸਬੰਧਤ ਜਾਣਕਾਰੀ ਸਾਹਮਣੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੀਰਾਂ ਦੀਆਂ ਕੁਰਬਾਨੀਆਂ ਨੂੰ ਲੰਬੇ ਸਮੇਂ ਤੱਕ ਉਹ ਸਨਮਾਨ ਨਹੀਂ ਮਿਲਿਆ, ਜਿਸ ਦੇ ਉਹ ਹੱਕਦਾਰ ਸਨ। ਇਸੇ ਕਮੀ ਨੂੰ ਦੂਰ ਕਰਨ ਲਈ ਸਮਾਰਕ ਵਿੱਚ ਇੱਕ ਵਿਸ਼ੇਸ਼ ਗੈਲਰੀ ਬਣਾਈ ਗਈ ਹੈ, ਜੋ ਉਨ੍ਹਾਂ ‘ਅਨਸੰਗ ਹੀਰੋਜ਼’ ਯਾਨੀ ਗੁਮਨਾਮ ਨਾਇਕਾਂ ਨੂੰ ਸਮਰਪਿਤ ਹੋਵੇਗੀ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਗੈਲਰੀਆਂ ਰਾਹੀਂ ਅੰਬਾਲਾ ਛਾਉਣੀ, ਥਾਨੇਸਰ, ਰੋਹਤਕ, ਰੇਵਾੜੀ, ਮੇਰਠ, ਦਿੱਲੀ, ਝਾਂਸੀ ਅਤੇ ਦੇਸ਼ ਭਰ ਦੇ ਹੋਰ ਸਥਾਨਾਂ ’ਤੇ ਹੋਈ 1857 ਦੀ ਕ੍ਰਾਂਤੀ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਰਾਓ ਤੁਲਾ ਰਾਮ ਨੇ ਕ੍ਰਾਂਤੀ ਵਿੱਚ ਹਿੱਸਾ ਲਿਆ। ਇਸੇ ਤਰ੍ਹਾਂ ਝਾਂਸੀ ਦੀ ਰਾਣੀ ਨੇ ਆਜ਼ਾਦੀ ਦੀ ਪਹਿਲੀ ਲੜਾਈ ਲੜੀ ਅਤੇ ਤਾਤਿਆ ਟੋਪੇ ਨੇ ਆਜ਼ਾਦੀ ਲਈ ਸੰਘਰਸ਼ ਕੀਤਾ। ਇਹ ਰਾਸ਼ਟਰੀ ਪੱਧਰ ਦਾ ਸਮਾਰਕ ਅੰਬਾਲਾ ਛਾਉਣੀ ਵਿੱਚ ਬਣਾਇਆ ਗਿਆ ਹੈ। ਸ੍ਰੀ ਵਿਜ ਨੇ ਦੱਸਿਆ ਕਿ ਦੇਸ਼ ਦੇ ਪ੍ਰਮੁੱਖ ਇਤਿਹਾਸਕਾਰਾਂ ਦੀ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਵਿਆਪਕ ਖੋਜ ਕੀਤੀ ਗਈ। ਇਸ ਪ੍ਰਕਿਰਿਆ ਵਿੱਚ ਲਗਭਗ 700 ਸ਼ਹੀਦਾਂ ਦੇ ਨਾਮ ਇਕੱਠੇ ਕੀਤੇ ਗਏ ਹਨ, ਜਿਨ੍ਹਾਂ ਨੂੰ ਸਮਾਰਕ ਵਿੱਚ ਸੁਨਹਿਰੀ ਅੱਖਰਾਂ ਵਿੱਚ ਉੱਕਰਿਆ ਜਾਵੇਗਾ। ਹਰੇਕ ਕ੍ਰਾਂਤੀਕਾਰੀ ਦਾ ਨਾਮ, ਪਿਤਾ ਦਾ ਨਾਮ ਅਤੇ ਪਿੰਡ ਦਾ ਨਾਮ ਵੀ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਰਕ ਦੇ ਉਦਘਾਟਨ ਤੋਂ ਬਾਅਦ ਜੇਕਰ ਖੋਜ ਜਾਂ ਸਮਾਜਿਕ ਪੱਧਰ ’ਤੇ ਸਬੂਤਾਂ ਦੇ ਆਧਾਰ ’ਤੇ ਹੋਰ ਸ਼ਹੀਦਾਂ ਦੇ ਨਾਮ ਸਾਹਮਣੇ ਆਉਂਦੇ ਹਨ, ਤਾਂ ਉਨ੍ਹਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ।
ਗੁਮਨਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਬਣਾਈ ਗਈ ਹੈ ਵਿਸ਼ੇਸ਼ ਗੈਲਰੀ, ਸ਼ਰਧਾਂਜਲੀ ਦੇਣ ਵਾਲਿਆਂ ਦਾ ਨਾਮ ਵੀ ਦਰਜ ਹੋਵੇਗਾ
ਸ੍ਰੀ ਵਿਜ ਨੇ ਦੱਸਿਆ ਕਿ ਸਮਾਰਕ ਵਿੱਚ ਗੁਮਨਾਮ ਕ੍ਰਾਂਤੀਕਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਵਿਸ਼ੇਸ਼ ਗੈਲਰੀ ਬਣਾਈ ਗਈ ਹੈ। ਇਸ ਵਿੱਚ ਇੱਕ ਸਮੇਂ ਲਗਭਗ 40 ਲੋਕ ਇਕੱਠੇ ਖੜ੍ਹੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਸਕਣਗੇ। ਉਨ੍ਹਾਂ ਕਿਹਾ ਕਿ ਸ਼ਰਧਾਂਜਲੀ ਦੇਣ ਦੀ ਇਸ ਪ੍ਰਕਿਰਿਆ ਨੂੰ ਵਿਸ਼ੇਸ਼ ਤਕਨੀਕ ਨਾਲ ਜੋੜਿਆ ਗਿਆ ਹੈ, ਜਿਸ ਦੇ ਤਹਿਤ ਸ਼ਰਧਾਂਜਲੀ ਭੇਟ ਕਰਨ ’ਤੇ ਇੱਕ ਜੋਤ ਪ੍ਰਜਵਲਿਤ ਹੋਵੇਗੀ, ਜੋ ਆਕਾਸ਼ ਵੱਲ ਉੱਠਦੀ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਸ਼ਰਧਾਂਜਲੀ ਦੇਣ ਵਾਲੇ ਵਿਅਕਤੀ ਦਾ ਨਾਮ ਵੀ ਰਿਕਾਰਡ ਵਿੱਚ ਦਰਜ ਕੀਤਾ ਜਾਵੇਗਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹ ਜਾਣ ਸਕਣ ਕਿ ਉਨ੍ਹਾਂ ਦੇ ਪੁਰਖਿਆਂ ਯਾਨੀ ਦਾਦਾ-ਨਾਨਾ ਆਦਿ ਨੇ ਵੀ ਇਨ੍ਹਾਂ ਗੁਮਨਾਮ ਸ਼ਹੀਦਾਂ ਨੂੰ ਸਨਮਾਨ ਅਤੇ ਸ਼ਰਧਾਂਜਲੀ ਭੇਟ ਕੀਤੀ ਸੀ। ਊਰਜਾ ਮੰਤਰੀ ਨੇ ਕਿਹਾ ਕਿ ਇਹ ਸਮਾਰਕ ਉਨ੍ਹਾਂ ਇਤਿਹਾਸਕ ਗਲਤੀਆਂ ਨੂੰ ਸੁਧਾਰਨ ਦਾ ਯਤਨ ਹੈ, ਜਿਨ੍ਹਾਂ ਕਾਰਨ ਦੇਸ਼ ਦੇ ਕਈ ਕੁਰਬਾਨੀ ਕਰਨ ਵਾਲਿਆਂ ਨੂੰ ਉਚਿਤ ਸਨਮਾਨ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ 1857 ਦੀ ਕ੍ਰਾਂਤੀ ਦੇ ਇਨ੍ਹਾਂ ਅਣਸੁਣੇ ਨਾਇਕਾਂ ਨੂੰ ਇਤਿਹਾਸ ਵਿੱਚ ਉਨ੍ਹਾਂ ਦਾ ਉਚਿਤ ਸਥਾਨ ਦਿਵਾਉਣਾ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੀ ਇਸ ਸ਼ਹੀਦ ਸਮਾਰਕ ਦਾ ਮੁੱਖ ਉਦੇਸ਼ ਹੈ।
ਊਰਜਾ ਮੰਤਰੀ ਅਨਿਲ ਵਿਜ ਨੇ 1857 ਦੀ ਕ੍ਰਾਂਤੀ ਵਿੱਚ ਕਮਲ ਦੇ ਫੁੱਲ ਅਤੇ ਰੋਟੀ ਦੀ ਇਤਿਹਾਸਕ ਭੂਮਿਕਾ ਬਾਰੇ ਦੱਸਿਆ, ਸ਼ਹੀਦ ਸਮਾਰਕ ਦੀ ਮਹੱਤਤਾ ’ਤੇ ਪਾਇਆ ਚਾਨਣਾ
ਮੰਤਰੀ ਅਨਿਲ ਵਿਜ ਨੇ ਕਿਹਾ ਕਿ 1857 ਦੀ ਕ੍ਰਾਂਤੀ ਦੇ ਇਤਿਹਾਸ ਨੂੰ ਸਮਝਣ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ 10 ਮਈ ਨੂੰ ਐਤਵਾਰ ਸੀ। ਉਸ ਸਮੇਂ ਅੰਗਰੇਜ਼ ਅਧਿਕਾਰੀ ਐਤਵਾਰ ਨੂੰ ਚਰਚ ਜਾਇਆ ਕਰਦੇ ਸਨ। ਕ੍ਰਾਂਤੀਕਾਰੀਆਂ ਨੇ ਇਸੇ ਸਥਿਤੀ ਦਾ ਲਾਭ ਉਠਾ ਕੇ ਅੰਗਰੇਜ਼ਾਂ ਵਿਰੁੱਧ ਨਿਰਣਾਇਕ ਕਾਰਵਾਈ ਦੀ ਯੋਜਨਾ ਬਣਾਈ ਸੀ। ਇਸ ਤੋਂ ਪਹਿਲਾਂ, 26 ਮਾਰਚ ਤੋਂ ਹੀ ਉਨ੍ਹਾਂ ਸਰਕਾਰੀ ਬੰਗਲਿਆਂ ਅਤੇ ਕੋਠੀਆਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਸਨ, ਜਿਨ੍ਹਾਂ ਨੂੰ ਕ੍ਰਾਂਤੀਕਾਰੀ ਆਪਣੀ ਯੋਜਨਾ ਵਿੱਚ ਰੁਕਾਵਟ ਮੰਨਦੇ ਸਨ। ਉਨ੍ਹਾਂ ਕਿਹਾ ਕਿ ਅੰਬਾਲਾ ਛਾਉਣੀ ਵਿੱਚ ਅੱਗ ਲਗਾਈਆਂ ਗਈਆਂ ਕੋਠੀਆਂ ਦਾ ਪੂਰਾ ਵੇਰਵਾ, ਤਰੀਕਾਂ ਅਤੇ ਪਤਿਆਂ ਸਮੇਤ, ਸਰਕਾਰੀ ਰਿਕਾਰਡ ਅਤੇ ਗਜ਼ਟ ਵਿੱਚ ਦਰਜ ਹੈ ਅਤੇ ਇਸ ਦੇ ਦਸਤਾਵੇਜ਼ ਵੀ ਉਪਲਬਧ ਹਨ। ਸ੍ਰੀ ਵਿਜ ਨੇ ਕਿਹਾ ਕਿ ਸ਼ਹੀਦ ਸਮਾਰਕ ਵਿੱਚ 63 ਮੀਟਰ ਉੱਚਾ ਕਮਲ ਦਾ ਫੁੱਲ ਬਣਾਇਆ ਗਿਆ ਹੈ, ਜਿਸ ਵਿੱਚ ਦੋ ਹਾਈ-ਸਪੀਡ ਲਿਫਟਾਂ ਲਗਾਈਆਂ ਗਈਆਂ ਹਨ। ਇੱਥੇ ਸਕਾਈ ਕੈਫੇ, ਫੂਡ ਕੋਰਟ ਅਤੇ ਸਾਫਟਵੇਅਰ ਨਾਲ ਸਬੰਧਤ ਦੁਕਾਨਾਂ ਖੋਲ੍ਹਣ ਦੀ ਵੀ ਯੋਜਨਾ ਹੈ। ਸਮਾਰਕ ਕੰਪਲੈਕਸ ਵਿੱਚ ਹੈਲੀਪੈਡ ਵੀ ਬਣਾਇਆ ਗਿਆ ਹੈ, ਤਾਂ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਵਿਸ਼ੇਸ਼ ਮਹਿਮਾਨਾਂ ਅਤੇ ਵੀ.ਵੀ.ਆਈ.ਪੀਜ਼ ਨੂੰ ਇੱਥੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵਿਦੇਸ਼ੀ ਮਹਿਮਾਨਾਂ ਨੂੰ ਦੇਸ਼ ਦੇ ਹੋਰ ਇਤਿਹਾਸਕ ਸਥਾਨਾਂ ਦਾ ਦੌਰਾ ਕਰਵਾਇਆ ਜਾਂਦਾ ਹੈ, ਉਸੇ ਤਰ੍ਹਾਂ ਅੰਬਾਲਾ ਦੇ ਇਸ ਸ਼ਹੀਦ ਸਮਾਰਕ ਨੂੰ ਵੀ ਦਿਖਾਇਆ ਜਾ ਸਕੇਗਾ।
ਕਮਲ ਦੇ ਫੁੱਲ ਨੂੰ ਲੈ ਕੇ ਉਠਾਏ ਜਾਣ ਵਾਲੇ ਸਵਾਲਾਂ ’ਤੇ ਸ੍ਰੀ ਵਿਜ ਨੇ ਕਿਹਾ ਕਿ 1857 ਦੀ ਕ੍ਰਾਂਤੀ ਵਿੱਚ ਕਮਲ ਦਾ ਫੁੱਲ ਅਤੇ ਰੋਟੀ ਦੋਵੇਂ ਮਹੱਤਵਪੂਰਨ ਸੰਦੇਸ਼ਵਾਹਕ ਸਨ। ਕ੍ਰਾਂਤੀਕਾਰੀ ਇੱਕ ਫੌਜੀ ਟੁਕੜੀ ਤੋਂ ਦੂਜੀ ਟੁਕੜੀ ਤੱਕ ਕਮਲ ਦਾ ਫੁੱਲ ਅਤੇ ਰੋਟੀ ਭੇਜ ਕੇ ਆਪਸੀ ਸੰਪਰਕ ਸਥਾਪਤ ਕਰਦੇ ਸਨ। ਜਿਸ ਟੁਕੜੀ ਤੱਕ ਇਹ ਪ੍ਰਤੀਕ ਪਹੁੰਚਦੇ ਸਨ, ਉਸ ਨੂੰ ਕ੍ਰਾਂਤੀ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਵਜੋਂ ਦੇਖਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਹ ਪੂਰੀ ਪ੍ਰਕਿਰਿਆ ਬਹੁਤ ਹੀ ਗੁਪਤ ਤਰੀਕੇ ਨਾਲ ਚਲਾਈ ਜਾਂਦੀ ਸੀ, ਤਾਂ ਜੋ ਅੰਗਰੇਜ਼ਾਂ ਨੂੰ ਕ੍ਰਾਂਤੀਕਾਰੀਆਂ ਦੀਆਂ ਯੋਜਨਾਵਾਂ ਦੀ ਭਿਣਕ ਤੱਕ ਨਾ ਲੱਗੇ। ਸ੍ਰੀ ਵਿਜ ਨੇ ਕਿਹਾ ਕਿ ਇੱਕ ਵਾਰ ਕਿਸੇ ਵਿਅਕਤੀ ਨੇ ਸਵਾਲ ਉਠਾਇਆ ਸੀ ਕਿ ਉਨ੍ਹਾਂ ਨੇ ਸ਼ਹੀਦ ਸਮਾਰਕ ਵਿੱਚ ਕਮਲ ਦਾ ਫੁੱਲ ਕਿਉਂ ਬਣਵਾਇਆ, ਜਦਕਿ ਇਹ ਉਨ੍ਹਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਵੀ ਹੈ। ਇਸ ’ਤੇ ਉਨ੍ਹਾਂ ਜਵਾਬ ਦਿੱਤਾ ਸੀ ਕਿ ਪਹਿਲਾਂ ਇਤਿਹਾਸ ਪੜ੍ਹਨਾ ਚਾਹੀਦਾ ਹੈ। ਇਤਿਹਾਸ ਵਿੱਚ ਕਮਲ ਦੇ ਫੁੱਲ ਅਤੇ ਰੋਟੀ ਰਾਹੀਂ ਕ੍ਰਾਂਤੀਕਾਰੀਆਂ ਵਿਚਕਾਰ ਸੰਦੇਸ਼ ਪਹੁੰਚਾਉਣ ਦਾ ਜ਼ਿਕਰ ਮਿਲਦਾ ਹੈ। ਇਸ ਲਈ ਸਮਾਰਕ ਵਿੱਚ ਕਮਲ ਦੇ ਫੁੱਲ ਦਾ ਨਿਰਮਾਣ ਸਿਰਫ਼ ਇੱਕ ਪ੍ਰਤੀਕਾਤਮਕ ਢਾਂਚਾ ਨਹੀਂ, ਸਗੋਂ 1857 ਦੀ ਕ੍ਰਾਂਤੀ ਨਾਲ ਜੁੜੀ ਇਤਿਹਾਸਕ ਪਰੰਪਰਾ ਨੂੰ ਦਰਸਾਉਣ ਦਾ ਯਤਨ ਹੈ।
ਹਰਿਆਣਾ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਖਰਚੇ ’ਤੇ ਸ਼ਹੀਦ ਸਮਾਰਕ ਦਿਖਾਇਆ ਜਾਵੇਗਾ- ਵਿਜ
ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਵਿਦਿਆਰਥੀਆਂ ਨੂੰ ਸ਼ਹੀਦ ਸਮਾਰਕ ਦਾ ਦੌਰਾ ਕਰਵਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਸਬੰਧ ਵਿੱਚ ਹੁਕਮ ਵੀ ਜਾਰੀ ਕੀਤੇ ਜਾ ਚੁੱਕੇ ਹਨ। ਇਸ ਦੇ ਤਹਿਤ ਕਾਲਜਾਂ, ਪੌਲੀਟੈਕਨਿਕ ਸੰਸਥਾਵਾਂ, ਇੰਜੀਨੀਅਰਿੰਗ ਕਾਲਜਾਂ ਅਤੇ ਮੈਡੀਕਲ ਕਾਲਜਾਂ ਸਮੇਤ ਹੋਰ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਖਰਚੇ ’ਤੇ ਸਮਾਰਕ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰੋਜ਼ਾਨਾ ਲਗਭਗ 50 ਬੱਸਾਂ ਇੱਥੇ ਲਿਆਉਣ ਦੀ ਯੋਜਨਾ ਹੈ। ਇਸ ਤੋਂ ਇਲਾਵਾ, ਸਕੂਲਾਂ ਦੇ ਬੱਚਿਆਂ ਨੂੰ ਵੀ ਸਮਾਰਕ ਦਾ ਦੌਰਾ ਕਰਵਾਇਆ ਜਾਵੇਗਾ, ਤਾਂ ਜੋ ਨਵੀਂ ਪੀੜ੍ਹੀ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਸਹੀ ਢੰਗ ਨਾਲ ਸਮਝ ਸਕੇ। ਸ੍ਰੀ ਵਿਜ ਨੇ ਕਿਹਾ ਕਿ ਸ਼ਹੀਦ ਸਮਾਰਕ ਦਾ ਨਿਰਮਾਣ ਉਨ੍ਹਾਂ ਸਾਰੇ ਆਜ਼ਾਦੀ ਘੁਲਾਟੀਆਂ ਅਤੇ ਕ੍ਰਾਂਤੀਕਾਰੀਆਂ ਨੂੰ ਸ਼ਰਧਾਂਜਲੀ ਦੇਣ ਦੇ ਉਦੇਸ਼ ਨਾਲ ਕੀਤਾ ਗਿਆ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਪਾਇਆ। ਉਨ੍ਹਾਂ ਕਿਹਾ, “ਆਜ਼ਾਦੀ ਦੀ ਲੜਾਈ ਵਿੱਚ ਜਿਸ ਨੇ ਵੀ ਇੱਕ ਕਦਮ ਅੱਗੇ ਵਧਾਇਆ, ਮੈਂ ਉਸ ਦੇ ਚਰਨ ਸਪਰਸ਼ ਕਰਦਾ ਹਾਂ। ਸਾਡਾ ਉਦੇਸ਼ ਉਨ੍ਹਾਂ ਸਾਰੇ ਵੀਰਾਂ ਨੂੰ ਸਨਮਾਨ ਦੇਣਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਅਤੇ ਜਿਨ੍ਹਾਂ ਦੇ ਯੋਗਦਾਨ ਨੂੰ ਉਚਿਤ ਪਛਾਣ ਨਹੀਂ ਮਿਲ ਸਕੀ।” ਉਨ੍ਹਾਂ ਕਿਹਾ ਕਿ 1857 ਦੀ ਕ੍ਰਾਂਤੀ ਵਿੱਚ ਸੈਨਿਕਾਂ ਨੇ ਆਪਣੇ ਪ੍ਰਾਣਾਂ ਅਤੇ ਖੂਨ ਦੀ ਕੁਰਬਾਨੀ ਦੇ ਕੇ ਆਜ਼ਾਦੀ ਦੀ ਜੋ ਲਾਟ ਜਗਾਈ ਸੀ, ਉਹੀ ਅੱਗੇ ਚੱਲ ਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਲਈ ਪ੍ਰੇਰਣਾ ਬਣੀ। ਸ਼ਹੀਦ ਸਮਾਰਕ ਦਾ ਉਦੇਸ਼ ਇਸੇ ਇਤਿਹਾਸਕ ਵਿਰਾਸਤ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਆਜ਼ਾਦੀ ਸੰਗਰਾਮ ਦੇ ਅਸਲ ਇਤਿਹਾਸ ਅਤੇ ਕੁਰਬਾਨੀਆਂ ਦੀਆਂ ਗਾਥਾਵਾਂ ਪਹੁੰਚਾਉਣਾ ਹੈ।






