Homeਪੰਜਾਬਡੀਟੀਐੱਫ ਨੇ ਉਠਾਈ ਅਧਿਆਪਕਾਂ ਦੀ ਆਵਾਜ਼, ਛੁੱਟੀਆਂ ਵਿੱਚ ਕੀਤੀਆਂ ਡਿਊਟੀਆਂ ਦਾ ਮਿਲੇ...

ਡੀਟੀਐੱਫ ਨੇ ਉਠਾਈ ਅਧਿਆਪਕਾਂ ਦੀ ਆਵਾਜ਼, ਛੁੱਟੀਆਂ ਵਿੱਚ ਕੀਤੀਆਂ ਡਿਊਟੀਆਂ ਦਾ ਮਿਲੇ ਪੂਰਾ ਇਵਜ਼

Democratic Teachers Front Punjab demands compensatory leave for teachers assigned census, SIR, drug survey, and other non-teaching duties during holidays and weekends.

ਮੋਗਾ, 15 ਜੁਲਾਈ: (ਲਛਮਣ ਜੀਤ ਸਿੰਘ ਪੁਰਬਾ): ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਨੇ ਗਰਮੀਆਂ ਦੀਆਂ ਛੁੱਟੀਆਂ ਅਤੇ ਐਤਵਾਰ ਸਮੇਤ ਹੋਰ ਸਰਕਾਰੀ ਛੁੱਟੀਆਂ ਦੌਰਾਨ ਵੱਖ-ਵੱਖ ਸਰਕਾਰੀ ਡਿਊਟੀਆਂ ਨਿਭਾਉਣ ਵਾਲੇ ਅਧਿਆਪਕਾਂ ਨੂੰ ਬਣਦੀਆਂ ਇਵਜ਼ੀ (ਕਮਾਈ) ਛੁੱਟੀਆਂ ਤੁਰੰਤ ਉਨ੍ਹਾਂ ਦੇ ਸਰਵਿਸ ਰਿਕਾਰਡ ਵਿੱਚ ਦਰਜ ਕਰਨ ਦੀ ਮੰਗ ਕੀਤੀ ਹੈ।

ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ ਨੇ ਕਿਹਾ ਕਿ ਪਰਸੋਨਲ ਵਿਭਾਗ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਸਰਕਾਰੀ ਕਰਮਚਾਰੀ ਛੁੱਟੀ ਜਾਂ ਐਤਵਾਰ ਵਾਲੇ ਦਿਨ ਸਰਕਾਰੀ ਕੰਮ ਕਰਦਾ ਹੈ ਤਾਂ ਉਸ ਨੂੰ ਉਸ ਦੇ ਬਦਲੇ ਇਵਜ਼ੀ ਛੁੱਟੀ ਦਾ ਹੱਕ ਹੁੰਦਾ ਹੈ, ਜਿਸ ਨੂੰ ਸਰਵਿਸ ਰਿਕਾਰਡ ਵਿੱਚ ਦਰਜ ਕੀਤਾ ਜਾਣਾ ਚਾਹੀਦਾ ਹੈ।

ਆਗੂਆਂ ਨੇ ਦੱਸਿਆ ਕਿ ਸੂਬੇ ਭਰ ਦੇ ਹਜ਼ਾਰਾਂ ਅਧਿਆਪਕ 15 ਮਈ ਤੋਂ 13 ਜੂਨ ਤੱਕ ਜਨਗਣਨਾ ਦੇ ਕੰਮ ਵਿੱਚ ਲੱਗੇ ਰਹੇ। ਇਸ ਤੋਂ ਬਾਅਦ 15 ਜੂਨ ਤੋਂ 24 ਜੁਲਾਈ ਤੱਕ ਕਈ ਅਧਿਆਪਕ ਬੂਥ ਲੈਵਲ ਅਫ਼ਸਰ (ਬੀਐੱਲਓ) ਵਜੋਂ ਵਿਸ਼ੇਸ਼ ਵੋਟਰ ਪੁਨਰ-ਨਿਰੀਖਣ (SIR) ਨਾਲ ਸਬੰਧਤ ਟ੍ਰੇਨਿੰਗਾਂ ਅਤੇ ਫ਼ੀਲਡ ਡਿਊਟੀਆਂ ਨਿਭਾ ਰਹੇ ਹਨ। ਇਸ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਅਧਿਆਪਕ ਪੰਜਾਬ ਸਰਕਾਰ ਦੇ ਡਰੱਗ ਸਰਵੇ ਵਿੱਚ ਵੀ ਸੇਵਾਵਾਂ ਦੇ ਰਹੇ ਹਨ।

ਡੀਟੀਐੱਫ ਨੇ ਕਿਹਾ ਕਿ ਛੁੱਟੀਆਂ ਦੌਰਾਨ ਕਰਵਾਈਆਂ ਗਈਆਂ ਇਨ੍ਹਾਂ ਡਿਊਟੀਆਂ ਦਾ ਬਣਦਾ ਲਾਭ ਅਧਿਆਪਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਵਜ਼ੀ ਛੁੱਟੀਆਂ ਬਿਨਾਂ ਦੇਰੀ ਉਨ੍ਹਾਂ ਦੇ ਸਰਵਿਸ ਰਿਕਾਰਡ ਵਿੱਚ ਜਮ੍ਹਾਂ ਕੀਤੀਆਂ ਜਾਣ।

ਜਥੇਬੰਦੀ ਦੇ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਅਧਿਆਪਕਾਂ ਨੂੰ ਲਗਾਤਾਰ ਗੈਰ-ਵਿਦਿਅਕ ਕੰਮਾਂ ਵਿੱਚ ਲਗਾਉਣ ਕਾਰਨ ਉਨ੍ਹਾਂ ਦਾ ਮੁੱਖ ਅਧਿਆਪਨ ਕਾਰਜ ਅਤੇ ਪਰਿਵਾਰਕ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ 11 ਅਤੇ 12 ਜੁਲਾਈ ਦੀਆਂ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਅਧਿਆਪਕਾਂ ਨੂੰ ਸਕੂਲਾਂ ਵਿੱਚ ਬੁਲਾਉਣ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਇਸ ਨੂੰ ਗੈਰ-ਵਾਜਬ ਕਰਾਰ ਦਿੱਤਾ।

ਡੀਟੀਐੱਫ ਪੰਜਾਬ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਤੋਂ ਗੈਰ-ਵਿਦਿਅਕ ਕੰਮ ਲੈਣ ਦੀ ਬਜਾਏ ਇਨ੍ਹਾਂ ਕੰਮਾਂ ਲਈ ਵੱਖਰਾ ਸਟਾਫ਼ ਭਰਤੀ ਕੀਤਾ ਜਾਵੇ। ਜਥੇਬੰਦੀ ਦਾ ਕਹਿਣਾ ਹੈ ਕਿ ਇਸ ਨਾਲ ਇੱਕ ਪਾਸੇ ਅਧਿਆਪਕ ਆਪਣਾ ਸਿੱਖਿਆ ਨਾਲ ਸਬੰਧਤ ਕੰਮ ਬਿਹਤਰ ਢੰਗ ਨਾਲ ਕਰ ਸਕਣਗੇ, ਜਦਕਿ ਦੂਜੇ ਪਾਸੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।

ਇਸ ਮੌਕੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਸੁਖਵਿੰਦਰ ਸਿੰਘ ਘੋਲੀਆਂ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਝੋਰੜਾ, ਮੀਤ ਪ੍ਰਧਾਨ ਸਵਰਨਦਾਸ, ਸੰਯੁਕਤ ਸਕੱਤਰ ਅਮਨਦੀਪ ਮਾਛੀਕੇ, ਵਿੱਤ ਸਕੱਤਰ ਗੁਰਸ਼ਰਨ ਸਿੰਘ, ਅਮਰਦੀਪ ਸਿੰਘ ਬੁੱਟਰ, ਜਗਜੀਤ ਸਿੰਘ ਰਣੀਆਂ, ਨਰਿੰਦਰ ਸਿੰਘ, ਦੀਪਕ ਮਿੱਤਲ ਅਤੇ ਮਮਤਾ ਕੌਸ਼ਲ ਸਮੇਤ ਹੋਰ ਆਗੂ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments