2 ਅਗਸਤ, 2026 (ਹਰਸ਼ਪ੍ਰੀਤ ਕੌਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਦਾ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਹੀ ਨੌਜਵਾਨ ਦੇਸ਼ ਦੀ ਤਰੱਕੀ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦੇ ਹਨ। ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਵਿਅਕਤੀ ਜਾਂ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਸਮਾਜ ਅਤੇ ਰਾਸ਼ਟਰ ਦੇ ਭਲੇ ਲਈ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਨੂੰ ਸਮਝਣ ਅਤੇ ਇਸ ਬੁਰਾਈ ਤੋਂ ਦੂਰ ਰਹਿਣ ਦਾ ਸੰਕਲਪ ਲੈਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਮੁਹਿੰਮ ਜਨ ਅੰਦੋਲਨ ਦਾ ਰੂਪ ਧਾਰ ਲੈਂਦੀ ਹੈ ਤਾਂ ਉਸ ਦੀ ਤਾਕਤ ਕਈ ਗੁਣਾ ਵੱਧ ਜਾਂਦੀ ਹੈ। ਸਮੂਹਿਕ ਯਤਨਾਂ ਨਾਲ ਉਹ ਕੰਮ ਵੀ ਆਸਾਨ ਹੋ ਜਾਂਦੇ ਹਨ ਜੋ ਇਕੱਲੇ ਕਰਨਾ ਮੁਸ਼ਕਲ ਲੱਗਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ-ਮੁਕਤ ਭਾਰਤ ਦੀ ਇਹ ਲਹਿਰ ਹੁਣ ਦੇਸ਼ ਦੇ ਹਰ ਕੋਨੇ ਅਤੇ ਹਰ ਨੌਜਵਾਨ ਤੱਕ ਪਹੁੰਚ ਰਹੀ ਹੈ। ਮੋਦੀ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਪਿਛਲੇ ਸਾਲ ਕਾਸ਼ੀ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਕੀਤੀ ਗਈ ਸੀ ਅਤੇ ਹੁਣ ਇਸ ਨੂੰ ਦੇਸ਼-ਪੱਧਰੀ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 125 ਤੋਂ ਵੱਧ ਆਧਿਆਤਮਿਕ ਸੰਸਥਾਵਾਂ ਇਸ ਮੁਹਿੰਮ ਨਾਲ ਜੁੜ ਚੁੱਕੀਆਂ ਹਨ, ਜੋ ਕਰੋੜਾਂ ਲੋਕਾਂ ਦੀ ਭਲਾਈ ਲਈ ਕੰਮ ਕਰਨਗੀਆਂ।
ਇਸ ਅਭਿਆਨ ਤਹਿਤ ਅਗਲੇ 100 ਹਫ਼ਤਿਆਂ ਤੱਕ ਹਰ ਐਤਵਾਰ ਦੇਸ਼ ਭਰ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਖੇਡ ਮੁਕਾਬਲਿਆਂ, ਵਾਕਾਥਾਨ, ਧਿਆਨ ਸੈਸ਼ਨਾਂ, ਸੱਭਿਆਚਾਰਕ ਪ੍ਰੋਗਰਾਮਾਂ, ਨੁੱਕੜ ਨਾਟਕਾਂ, ਚਰਚਾ ਮੰਚਾਂ ਅਤੇ ਕਲਾ ਮੁਕਾਬਲਿਆਂ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਦੇਸ਼ ਦੇ 10,000 ਤੋਂ ਵੱਧ ਸਥਾਨਾਂ ਤੋਂ ਨੌਜਵਾਨਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਮਾਈ ਭਾਰਤ ਵਲੰਟੀਅਰ, ਐਨਐੱਸਐੱਸ ਸੇਵਾਦਾਰ, ਯੂਥ ਕਲੱਬ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਉਦਯੋਗਿਕ ਸੰਗਠਨਾਂ ਦੇ ਯੁਵਾ ਵਿੰਗ ਵੀ ਇਸ ਮੁਹਿੰਮ ਨਾਲ ਵਰਚੁਅਲ ਤੌਰ ’ਤੇ ਜੁੜੇ।
