ਭਾਸ਼ਾ ਵਿਭਾਗ ਪੰਜਾਬ ’ਚ ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਕੋਨਾ ਸਥਾਪਤ
ਪਟਿਆਲਾ 16 ਅਕਤੂਬਰ: ਭਾਸ਼ਾ ਵਿਭਾਗ ਪੰਜਾਬ ਵੱਲੋਂ ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਦੀ ਸਾਹਿਤਕ ਘਾਲਣਾ ਤੇ ਪੰਜਾਬੀ ਸਾਹਿਤ ਨੂੰ ਦੇਣ ਨੂੰ ਸਤਿਕਾਰ ਦਿੰਦਿਆਂ ਅੱਜ ਰੈਂਫਰੈਂਸ ਲਾਇਬਰੇਰੀ ’ਚ ਡਾ. ਜੱਗੀ ਯਾਦਗਾਰੀ ਸਾਹਿਤਕ ਕੋਨਾ ਸਥਾਪਤ ਕੀਤਾ ਹੈ ਜਿਸ ਨੂੰ ਉਹਨਾ ਦੀ ਧਰਮ ਪਤਨੀ ਡਾਕਟਰ ਗੁਰਸ਼ਰਨ ਕੌਰ ਜੱਗੀ, ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਤੇ ਹੋਰ ਸਤਿਕਾਰਤ ਸ਼ਖ਼ਸੀਅਤਾਂ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਕੋਨੇ ਵਿੱਚ ਡਾ. ਜੱਗੀ ਦੇ ਜੀਵਨ ਸੰਘਰਸ਼ ਤੇ ਕੀਤੇ ਵਿਕਾਸ ਨਾਲ ਸਬੰਧਿਤ ਤਸਵੀਰਾਂ, ਉਹਨਾਂ ਦੀਆਂ ਅਕਾਦਮਿਕ ਡਿਗਰੀਆਂ, ਪੁਰਸਕਾਰ, ਉਹਨਾਂ ਦੁਆਰਾ ਸਿਰਜੇ ਅਧਿਐਨ ਗ੍ਰੰਥ, ਖੋਜ ਪੁਸਤਕਾਂ ਆਦਿ ਸ਼ਾਮਲ ਹਨ। ਇਸ ਚੰਗੇਰੇ ਕਾਰਜ ਵਿੱਚ ਰਤਨ ਸਿੰਘ ਜੱਗੀ ਦੇ ਪੁੱਤਰ ਮਾਲਵਿੰਦਰ ਸਿੰਘ ਜੱਗੀ, ਸਾਬਕਾ ਸਕੱਤਰ, ਪੰਜਾਬ ਸਰਕਾਰ ਤੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਭੂਮਿਕਾ ਅਹਿਮ ਰਹੀ ਜਿਨ੍ਹਾਂ ਦੇ ਸਾਂਝੇ ਉੱਦਮ ਨੇ ਇਸ ਕਾਰਜ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਗੌਰਤਲਬ ਹੈ ਕਿ ਡਾ. ਰਤਨ ਸਿੰਘ ਜੱਗੀ ਨੇ ਮੁੱਢਲੀ ਨੌਕਰੀ ਭਾਸ਼ਾ ਵਿਭਾਗ ਪੰਜਾਬ ਤੋਂ ਹੀ ਸ਼ੁਰੂ ਕੀਤੀ ਸੀ ਤੇ ਹਰ ਸਾਹਿਤਕ ਮੰਚ ‘ਤੇ ਇਸ ਗੱਲ ਦੀ ਖੁਸ਼ੀ ਜ਼ਾਹਰ ਕਰਦੇ ਸਨ। ਇਸ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਸ. ਰਤਨ ਸਿੰਘ ਜੱਗੀ ਪੰਜਾਬੀ ਦੇ ਅਸਲੀ ਸਪੂਤ ਹਨ ਜਿਨ੍ਹਾਂ ਨੇ ਪੰਜਾਬੀ ਦੇ ਡੂੰਘੇ ਗਿਆਨ ਨੂੰ ਖੋਲ੍ਹਕੇ ਦੇਖਣ ਤੇ ਉਸ ਨੂੰ ਵਿਖਾਉਣ ਦੀ ਵੱਡੀ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਡਾ. ਜੱਗੀ ਕੇਵਲ ਚਿੰਤਕ ਤੇ ਵਿਦਵਾਨ ਹੀ ਨਹੀਂ ਸਨ ਸਗੋਂ ਉਹ ਪੰਜਾਬੀ ਸਦਭਾਵਨਾ ਦੇ ਵੀ ਪ੍ਰਤੀਕ ਸਨ। ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਕੀਤੇ ਕਾਰਜ ਦੀ ਭੂਮਿਕਾ ਹੋਰ ਵੀ ਵੱਧ ਗਈ ਹੈ। ਭਾਸ਼ਾ ਵਿਭਾਗ ਵਿੱਚ ਉਹਨਾਂ ਦੇ ਨਾਂ ਦਾ ਕੋਨਾ ਬਣਨਾ ਸਭ ਲਈ ਮਾਣ ਤੇ ਖੁਸ਼ੀ ਦੀ ਗੱਲ ਹੈ।
ਇਸ ਮੌਕੇ ਉੱਘੇ ਚਿੰਤਕ ਸ. ਅਮਰਜੀਤ ਗਰੇਵਾਲ ਨੇ ਕਿਹਾ ਕਿ ਡਾ. ਰਤਨ ਸਿੰਘ ਜੱਗੀ ਨੇ ਪੰਜਾਬੀ ਭਾਸ਼ਾ, ਸੱਭਿਆਚਾਰ, ਚਿੰਤਨ ਦਾ ਢਾਂਚਾ ਖੜ੍ਹਾ ਕੀਤਾ ਹੈ ਤੇ ਉਨ੍ਹਾਂ ਦੇ ਸਪੁੱਤਰ ਇਸ ਨੂੰ ਸਾਂਭਣ ਦਾ ਕਾਰਜ ਕਰ ਰਹੇ ਹਨ। ਜਦੋਂ ਪੰਜਾਬੀਆਂ ਵਿੱਚੋਂ ਲਾਇਬ੍ਰੇਰੀ ਦੀ ਰੁਚੀ ਘੱਟ ਰਹੀ ਹੈ ਉਸ ਵੇਲੇ ਅਜਿਹੀਆਂ ਕਾਰਵਾਈਆਂ ਸ਼ੁਭ ਹਨ ਤੇ ਇਹ ਮੌਕੇ ਸਿਰ ਕੀਤੀ ਸਰਗਰਮੀ ਹੈ। ਸ. ਹਰਪ੍ਰੀਤ ਸਿੰਘ ਦਰਦੀ ਨੇ ਕਿਹਾ ਕਿ ਡਾ. ਜੱਗੀ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਜ਼ਾਨਾ ਤਿਆਰ ਕੀਤਾ ਹੈ ਤੇ ਅਗਲੀਆਂ ਪੀੜ੍ਹੀਆਂ ਇਸ ਖ਼ਜ਼ਾਨੇ ਤੋਂ ਲਾਭ ਲੈਂਦੀਆਂ ਰਹਿਣਗੀਆਂ। ਉਨ੍ਹਾਂ ਸ. ਮਾਲਵਿੰਦਰ ਸਿੰਘ ਜੱਗੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਸੱਚੇ ਸਪੁੱਤਰ ਵਾਲੇ ਕਾਰਜ ਕਰ ਰਹੇ ਹਨ।
ਇਸ ਮੌਕੇ ਪੰਜਾਬੀ ਰੰਗਮੰਚ ਦੀ ਪ੍ਰਸਿੱਧ ਹਸਤੀ ਸ੍ਰੀ ਪ੍ਰਾਣ ਸਭਰਵਾਲ ਨੇ ਡਾ. ਜੱਗੀ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਇਸ ਪਰਿਵਾਰ ਵੱਲੋਂ ਭਾਸ਼ਾ ਵਿਭਾਗ ਨਾਲ ਰਲ ਕੇ ਕੀਤੇ ਕੰਮ ਦੀ ਭਰਪੂਰ ਪ੍ਰਸੰਸਾ ਹੋਣੀ ਚਾਹੀਦੀ ਹੈ। ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਡਾ. ਜੱਗੀ ਪੰਜਾਬੀ ਦੇ ਸਿਰੜੀ ਤੇ ਪ੍ਰਤਿਬੱਧ ਖੋਜੀ ਸਨ ਜਿੰਨ੍ਹਾਂ ਨੇ ਨੀਝ ਤੇ ਸੁਹਿਰਦਤਾ ਰਾਹੀਂ ਲਗਾਤਾਰ ਹੀ ਕੰਮ ਨਹੀਂ ਕੀਤਾ ਸਗੋਂ ਠੋਸ ਤੇ ਪਾਏਦਾਰ ਕਾਰਜ ਕੀਤਾ ਹੈ ਜਿਹੜਾ ਅਗਲੇ ਸਾਹਿਤਕ ਖੋਜੀਆਂ ਲਈ ਆਧਾਰੀ ਕਾਰਜ ਸਾਬਤ ਹੋਵੇਗਾ। ਉਹ ਪੰਜਾਬੀ ਦੇ ਇੱਕੋ ਇੱਕ ਵਿਦਵਾਨ ਸਨ ਜਿਨ੍ਹਾਂ ਨੇ ਹਰ ਮੂਲ ਧਾਰਮਿਕ ਗ੍ਰੰਥ ਦਾ ਪਾਠ ਕੀਤਾ ਸੀ ਤੇ ਉਸ ਅਨੁਸਾਰ ਹੀ ਆਪਣੀਆਂ ਧਾਰਨਾਵਾਂ ਪੇਸ਼ ਕੀਤੀਆਂ ਸਨ, ਜਿੰਨਾ ਨੂੰ ਅਜੇ ਤੱਕ ਕਿਸੇ ਨੇ ਚੁਣੌਤੀ ਨਹੀਂ ਦਿੱਤੀ ਹੈ।ਮਾਲਵਿੰਦਰ ਸਿੰਘ ਜੱਗੀ ਨੇ ਧੰਨਵਾਦੀ ਭਾਸ਼ਣ ਦੌਰਾਨ ਆਪਣੇ ਜੀਵਨ ਦੀਆਂ ਯਾਦਾਂ ਨੂੰ ਸਾਂਝੇ ਕਰਦਿਆਂ ਕਿਹਾ ਕਿ ਡਾ. ਜੱਗੀ ਅਣਥੱਕ ਸਾਹਿਤਕ ਕਾਮੇ ਅਤੇ ਜਨੂੰਨੀ ਸਨ ਜਿਸ ਕਰਕੇ ਉਹ ਇੰਨਾ ਕਾਰਜ ਕਰ ਸਕੇ ਸਨ। ਉਨ੍ਹਾਂ ਦੱਸਿਆ ਕਿ ਉਹ ਬਹੁਤ ਭਾਸ਼ਾਵਾਂ ਦੇ ਗਿਆਤਾ ਸਨ ਤੇ ਨਵੀਆਂ ਭਾਸ਼ਾਵਾਂ ਸਿੱਖਣ ਲਈ ਉਤਸ਼ਾਹਿਤ ਕਰਦੇ ਸਨ। ਉਹਨਾਂ ਕਿਹਾ ਉਹ ਵਿਭਾਗ ਦੇ ਰਿਣੀ ਰਹਿਣਗੇ ਕਿ ਭਾਸ਼ਾ ਵਿਭਾਗ ਨੇ ਉਹਨਾਂ ਦੀ ਚਾਹਤ ਨੂੰ ਅਮਲ ਵਿਚ ਲਿਆਂਦਾ ਹੈ। ਉਹਨਾਂ ਡਾ. ਜੱਗੀ ਦੀਆਂ 130 ਦੁਰਲੱਭ ਪੁਸਤਕਾਂ ਵੀ ਭੇਂਟ ਕੀਤੀਆਂ। ਇਸ ਮੌਕੇ ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ। ਇਸ ਮੌਕੇ ਵਿਭਾਗ ਦੇ ਵਧੀਕ ਡਾਇਰੈਕਟਰ ਚੰਦਨਦੀਪ ਕੌਰ, ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਇੰਦਰ ਸਿੰਘ, ਜਸਪ੍ਰੀਤ ਕੌਰ, ਸੁਖਪ੍ਰੀਤ ਕੌਰ, ਦਵਿੰਦਰ ਕੌਰ ਤੇ ਰਾਬੀਆ, ਖੋਜ ਅਫ਼ਸਰ ਡਾ. ਸੰਤੋਖ ਸਿੰਘ, ਸਤਪਾਲ ਸਿੰਘ, ਸ. ਬਲਦੇਵ ਸਿੰਘ, ਮਹੇਸ਼ਇੰਦਰ ਖੋਸਲਾ, ਖੋਜ ਸਹਾਇਕ ਗੁਰੇਮਲ ਸਿੰਘ, ਲਾਇਬ੍ਰੇਰੀਅਨ ਨੇਹਾ ਖੁਰਾਣਾ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
