ਪਸ਼ੂ ਪਾਲਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਵਿਭਾਗੀ ਕਾਰਜਾਂ ਵਿੱਚ ਹੋਰ ਸੁਚਾਰੂਪਣ ਲਿਆਉਣ ਨੂੰ ਦਿੱਤੀ ਜਾਵੇਗੀ ਤਰਜੀਹ: ਡਾ. ਚੋਪੜਾ
ਸੰਗਰੂਰ, 7 ਅਕਤੂਬਰ, 2026 ( ਛਤਰਪਾਲ ਸਿੰਘ) : ਡਾ. ਪਰਮਿੰਦਰ ਚੋਪੜਾ ਨੇ ਅੱਜ ਸੰਗਰੂਰ ਵਿਖੇ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਵਿਭਾਗ ਦੇ ਮੌਜੂਦਾ ਅਤੇ ਸੇਵਾਮੁਕਤ ਅਧਿਕਾਰੀਆਂ, ਪਰਿਵਾਰਕ ਮੈਂਬਰਾਂ, ਪੌਲੀਟੈਕਨਿਕ ਸਟਾਫ਼ ਅਤੇ ਦਫ਼ਤਰੀ ਸਟਾਫ਼ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਸਫ਼ਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਅਹੁਦਾ ਸੰਭਾਲਣ ਉਪਰੰਤ ਡਾ. ਪਰਮਿੰਦਰ ਚੋਪੜਾ ਨੇ ਕਿਹਾ ਕਿ ਪਸ਼ੂ ਪਾਲਕਾਂ ਨੂੰ ਸਮੇਂ ਸਿਰ ਅਤੇ ਬਿਹਤਰ ਵਿਭਾਗੀ ਸੇਵਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਵਿਭਾਗੀ ਕੰਮਕਾਜ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ ਅਤੇ ਪਸ਼ੂ ਪਾਲਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸੁਹਿਰਦ ਯਤਨ ਕੀਤੇ ਜਾਣਗੇ।
ਡਾ. ਚੋਪੜਾ ਨੇ ਕਿਹਾ ਕਿ ਪਸ਼ੂ ਪਾਲਣ ਖੇਤੀਬਾੜੀ ਨਾਲ ਜੁੜਿਆ ਇੱਕ ਮਹੱਤਵਪੂਰਨ ਸਹਾਇਕ ਧੰਦਾ ਹੈ, ਜਿਸ ਨੂੰ ਹੋਰ ਲਾਹੇਵੰਦ ਬਣਾਉਣ ਲਈ ਪਸ਼ੂ ਪਾਲਕਾਂ ਨੂੰ ਵਿਗਿਆਨਕ ਢੰਗਾਂ ਅਤੇ ਵਿਭਾਗੀ ਸਹੂਲਤਾਂ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਸਿਹਤ ਸੰਭਾਲ, ਬਿਮਾਰੀਆਂ ਦੀ ਰੋਕਥਾਮ, ਸਮੇਂ ਸਿਰ ਟੀਕਾਕਰਨ ਅਤੇ ਤਕਨੀਕੀ ਮਾਰਗਦਰਸ਼ਨ ਸਬੰਧੀ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਸ਼ੂ ਪਾਲਕਾਂ ਤੱਕ ਪਹੁੰਚਾਉਣ ਲਈ ਟੀਮ ਭਾਵਨਾ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਅਤੇ ਦਫ਼ਤਰ ਵਿੱਚ ਆਉਣ ਵਾਲੇ ਲੋਕਾਂ ਨਾਲ ਸਹਿਯੋਗ ਭਰਿਆ ਵਤੀਰਾ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਪਸੀ ਤਾਲਮੇਲ ਅਤੇ ਸਮਰਪਣ ਨਾਲ ਹੀ ਵਿਭਾਗੀ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ।
ਇਸ ਮੌਕੇ ਹਾਜ਼ਰ ਅਧਿਕਾਰੀਆਂ ਅਤੇ ਸਟਾਫ਼ ਨੇ ਡਾ. ਪਰਮਿੰਦਰ ਚੋਪੜਾ ਨੂੰ ਵਿਭਾਗੀ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਡਾ. ਚੋਪੜਾ ਨੇ ਸਾਰਿਆਂ ਵੱਲੋਂ ਦਿੱਤੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਜਸਪ੍ਰੀਤ ਕੌਰ, ਐੱਸ.ਐੱਸ. ਅਧਿਆਪਕਾ, ਅਤੇ ਪੁੱਤਰ ਜਸ਼ਨਪਾਲ ਸਿੰਘ ਚੋਪੜਾ ਤੋਂ ਇਲਾਵਾ ਸੰਗਰੂਰ ਤੋਂ ਸੇਵਾਮੁਕਤ ਡਿਪਟੀ ਡਾਇਰੈਕਟਰ ਡਾ. ਸੁਖਵਿੰਦਰ ਸਿੰਘ, ਬਰਨਾਲਾ ਤੋਂ ਸੇਵਾਮੁਕਤ ਡਿਪਟੀ ਡਾਇਰੈਕਟਰ ਡਾ. ਲਖਵੀਰ ਸਿੰਘ, ਡਾ. ਪਰਮਿੰਦਰਜੀਤ ਸਿੰਘ ਐੱਸ.ਵੀ.ਓ. ਸੰਗਰੂਰ, ਡਾ. ਜਗਵਿੰਦਰ ਕੌਰ ਐੱਸ.ਵੀ.ਓ. ਸੁਨਾਮ, ਡਾ. ਜਸਕਰਨ ਸਿੰਘ ਐੱਸ.ਵੀ.ਓ. ਧੂਰੀ, ਡਾ. ਸਵਿੰਦਰ ਪਾਲ ਐੱਸ.ਵੀ.ਓ. ਦਿੜ੍ਹਬਾ, ਡਾ. ਵਿਸ਼ਾਲ ਦੀਪ ਐੱਸ.ਵੀ.ਓ. ਲਹਿਰਾ, ਡਾ. ਸਿਮਰਜੋਤ ਮੀਮਸਾ, ਕਮਲ ਜੇ.ਆਰ.ਐੱਫ. ਬਰਨਾਲਾ, ਪੌਲੀਟੈਕਨਿਕ ਸਟਾਫ਼ ਅਤੇ ਦਫ਼ਤਰੀ ਸਟਾਫ਼ ਦੇ ਮੈਂਬਰ ਹਾਜ਼ਰ ਸਨ।
