Homeਪੰਜਾਬਪਰਾਲੀ ਨੂੰ ਅੱਗ ਨਹੀਂ, ਖੇਤ ਦੀ ਖੁਰਾਕ ਬਣਾਓ: ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ...

ਪਰਾਲੀ ਨੂੰ ਅੱਗ ਨਹੀਂ, ਖੇਤ ਦੀ ਖੁਰਾਕ ਬਣਾਓ: ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਮੱਟਰਾਂ ਵਿਖੇ ਜਾਗਰੂਕਤਾ ਕੈਂਪ

PAU’s Farm Advisory Service Centre organized an awareness camp at Mattran, urging farmers to avoid stubble burning and enrich the soil.

ਭਵਾਨੀਗੜ੍ਹ /ਸੰਗਰੂਰ 08 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਕਿਸਾਨਾਂ ਤੱਕ ਖੇਤੀਬਾੜੀ ਦੀਆਂ ਨਵੀਆਂ ਅਤੇ ਵਿਗਿਆਨਕ ਤਕਨੀਕਾਂ ਪਹੁੰਚਾਉਣ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਮੱਟਰਾਂ (ਨੇੜੇ ਭਵਾਨੀਗੜ੍ਹ) ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ 30 ਤੋਂ ਵੱਧ ਅਗਾਂਹਵਧੂ ਕਿਸਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ ਝੋਨੇ ਅਤੇ ਬਾਸਮਤੀ ਵਿੱਚੋਂ ਵੱਧ ਝਾੜ ਲੈਣ, ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਵਿੱਚ ਹੀ ਸੰਭਾਲਣ, ਫੋਕ ਘਟਾਉਣ, ਮਿੱਟੀ ਦੀ ਸਿਹਤ ਸੁਧਾਰਨ ਅਤੇ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ (ਮਿੱਟੀ ਵਿਗਿਆਨ) ਅਤੇ ਇੰਚਾਰਜ, ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਕੀਮਤੀ ਖੁਰਾਕੀ ਤੱਤ ਅਤੇ ਜੈਵਿਕ ਪਦਾਰਥ ਨਸ਼ਟ ਕਰਨ ਦੀ ਬਜਾਏ ਇਸ ਨੂੰ ਖੇਤ ਦੀ ਖੁਰਾਕ ਅਤੇ ਮਿੱਟੀ ਦੀ ਸਿਹਤ ਸੁਧਾਰਨ ਦੇ ਸਾਧਨ ਵਜੋਂ ਵਰਤਿਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਲਈ ਹੈਪੀ ਸੀਡਰ, ਸੁਪਰ ਸੀਡਰ, ਪੀ.ਏ.ਯੂ. ਸਮਾਰਟ ਸੀਡਰ ਅਤੇ ਸਰਫੇਸ ਸੀਡਿੰਗ-ਕਮ-ਮਲਚਿੰਗ ਵਰਗੀਆਂ ਤਕਨੀਕਾਂ ਰਾਹੀਂ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਨ੍ਹਾਂ ਤਕਨੀਕਾਂ ਦੀ ਸਹੀ ਵਰਤੋਂ ਅਤੇ ਸਮੇਂ ਸਿਰ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਾ. ਗਰਗ ਨੇ ਦੱਸਿਆ ਕਿ ਇੱਕ ਟਨ ਝੋਨੇ ਦੀ ਪਰਾਲੀ ਸਾੜਨ ਨਾਲ ਲਗਭਗ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ ਅਤੇ 1.2 ਕਿਲੋ ਗੰਧਕ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤ ਵਿੱਚ ਹੀ ਮਿਲਾਉਣ ਜਾਂ ਇਸ ਦੀ ਸਹੀ ਮਸ਼ੀਨੀ ਤਰੀਕੇ ਨਾਲ ਸੰਭਾਲ ਕਰਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਜੈਵਿਕ ਸਿਹਤ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਕੈਂਪ ਦੌਰਾਨ ਝੋਨੇ ਵਿੱਚ ਫੋਕ ਦੀ ਸਮੱਸਿਆ ਬਾਰੇ ਵੀ ਕਿਸਾਨਾਂ ਨੂੰ ਵਿਗਿਆਨਕ ਜਾਣਕਾਰੀ ਦਿੱਤੀ ਗਈ। ਡਾ. ਗਰਗ ਨੇ ਦੱਸਿਆ ਕਿ ਜਦੋਂ ਝੋਨਾ ਗੋਭ ਵਿੱਚ ਹੋਵੇ, ਤਾਂ ਫ਼ਸਲ ਵਿੱਚ ਫੋਕ ਘਟਾਉਣ ਲਈ 1.5 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ (13:0:45) ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਲਈ 3 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨ ਦੀ ਸਲਾਹ ਦਿੱਤੀ ਗਈ।
ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਪੱਤਾ ਲਪੇਟ ਸੁੰਡੀ, ਸ਼ੀਥ ਬਲਾਈਟ ਅਤੇ ਬਲਾਸਟ ਸਮੇਤ ਮੁੱਖ ਕੀੜਿਆਂ ਅਤੇ ਬਿਮਾਰੀਆਂ ਦੀ ਪਛਾਣ, ਨਿਗਰਾਨੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਪ੍ਰਬੰਧਨ ਬਾਰੇ ਵੀ ਜਾਣਕਾਰੀ ਦਿੱਤੀ।
ਡਾ. ਗਰਗ ਨੇ ਕਿਸਾਨਾਂ ਨੂੰ ਸਾਉਣੀ ਦੀ ਫ਼ਸਲ ਦੀ ਵਾਢੀ ਤੋਂ ਬਾਅਦ ਮਿੱਟੀ ਦੀ ਪਰਖ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਮਿੱਟੀ ਦਾ ਨਮੂਨਾ ਲੈਣ ਦੀ ਸਹੀ ਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਮਿੱਟੀ ਪਰਖ ਦੇ ਆਧਾਰ ’ਤੇ ਖਾਦਾਂ ਦੀ ਵਰਤੋਂ ਕਰਨ ਨਾਲ ਬੇਲੋੜੀ ਖਾਦ ਦੀ ਵਰਤੋਂ ਘਟਾਉਣ, ਖੇਤੀ ਲਾਗਤ ਬਚਾਉਣ ਅਤੇ ਮਿੱਟੀ ਦੀ ਸਿਹਤ ਨੂੰ ਕਾਇਮ ਰੱਖਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੇ ਅਗਲੀ ਹਾੜ੍ਹੀ ਦੀ ਕਣਕ ਲਈ ਜੈਵਿਕ ਟੀਕਿਆਂ (ਕੰਸੋਰਸ਼ੀਅਮ) ਦੀ ਵਰਤੋਂ ਦੇ ਫਾਇਦਿਆਂ ਬਾਰੇ ਵੀ ਦੱਸਿਆ ਅਤੇ ਮਿੱਟੀ ਵਿੱਚ ਜੈਵਿਕ ਪਦਾਰਥ ਵਧਾਉਣ ਅਤੇ ਮਿੱਟੀ ਦੀ ਜੈਵਿਕ ਸਿਹਤ ਸੁਧਾਰਨ ਦੇ ਵੱਖ-ਵੱਖ ਤਰੀਕਿਆਂ ਬਾਰੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਕਿਸਾਨਾਂ ਨੂੰ ਹਾੜ੍ਹੀ ਵਿੱਚ ਬੀਜੀਆਂ ਜਾਣ ਵਾਲੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ੀ ਕਣਕ ਕਿਸਮਾਂ, ਖਾਸ ਕਰਕੇ ਪੀ.ਬੀ.ਡਬਲਯੂ. 887, ਸ਼ੂਗਰ ਲਈ ਸਿਫ਼ਾਰਸ਼ੀ ਕਿਸਮਾਂ ਪੀ.ਬੀ.ਡਬਲਯੂ. ਆਰ.ਐੱਸ. 1 ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਘਰੇਲੂ ਬਗੀਚੀ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਸਰਦੀ ਰੁੱਤ ਦੀਆਂ ਤਾਜ਼ੀਆਂ ਅਤੇ ਪੌਸ਼ਟਿਕ ਸਬਜ਼ੀਆਂ ਘਰ ਵਿੱਚ ਹੀ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪੀ.ਏ.ਯੂ. ਵੱਲੋਂ ਤਿਆਰ ਕੀਤੀਆਂ ਸਰਦੀ ਰੁੱਤ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵਿਕਰੀ ਲਈ ਵੀ ਉਪਲਬਧ ਕਰਵਾਇਆ ਗਿਆ। ਇਸ ਦੇ ਨਾਲ ਹੀ ਪੀ.ਏ.ਯੂ. ਸਾਹਿਤ ਦੀ ਪ੍ਰਦਰਸ਼ਨੀ ਅਤੇ ਵਿਕਰੀ ਵੀ ਕੀਤੀ ਗਈ।
ਕੈਂਪ ਦੌਰਾਨ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਉਣ ਵਾਲੀ ਹਾੜ੍ਹੀ ਰੁੱਤ ਸਬੰਧੀ ਲਗਾਏ ਜਾ ਰਹੇ ਕਿਸਾਨ ਮੇਲਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕੈਂਪ ਦੇ ਸਫਲ ਆਯੋਜਨ ਵਿੱਚ ਸ. ਗੁਰਤੇਜ ਸਿੰਘ ਅਤੇ ਸ. ਜਸਪਾਲ ਸਿੰਘ (ਸਰਪੰਚ) ਨੇ ਪੂਰਨ ਸਹਿਯੋਗ ਦਿੱਤਾ। ਕੈਂਪ ਦੇ ਅੰਤ ਵਿੱਚ ਕਿਸਾਨਾਂ ਨੇ ਕਣਕ ਦੀਆਂ ਨਵੀਆਂ ਕਿਸਮਾਂ ਦੇ ਬੀਜ, ਨੈਨੋ-ਯੂਰੀਆ, ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੀ ਵਿਧੀ, ਜੈਵਿਕ ਪਦਾਰਥ ਵਧਾਉਣ, ਪਰਾਲੀ ਪ੍ਰਬੰਧਨ ਅਤੇ ਸੰਤੁਲਿਤ ਖੁਰਾਕੀ ਤੱਤ ਪ੍ਰਬੰਧਨ ਸਬੰਧੀ ਸਵਾਲ ਪੁੱਛੇ, ਜਿਨ੍ਹਾਂ ਦੇ ਡਾ. ਗਰਗ ਵੱਲੋਂ ਵਿਗਿਆਨਕ ਅਤੇ ਵਿਹਾਰਕ ਢੰਗ ਨਾਲ ਜਵਾਬ ਦਿੱਤੇ ਗਏ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments