ਜਨਗਣਨਾ-2027 ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਵਾਸੀਆਂ ਨੂੰ ਸਵੈ-ਗਣਨਾ ਵਿੱਚ ਵੱਧ-ਚੜ੍ਹ ਕੇ ਲੈਣ ਦੀ ਅਪੀਲ
ਫਤਹਿਗੜ੍ਹ ਸਾਹਿਬ, 17 ਨਵੰਬਰ, 2026 (ਛਤਰਪਾਲ ਸਿੰਘ ) : ਜ਼ਿਲ੍ਹੇ ਵਿੱਚ ਜਨਗਣਨਾ 2027 ਦੇ ਦੂਜੇ ਪੜਾਅ(ਆਬਾਦੀ ਗਣਨਾ) ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਇਸ ਮੁਹਿੰਮ ਦੀ ਸ਼ੁਰੂਆਤ ਪ੍ਰਿੰਸੀਪਲ ਸੈਂਸਸ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋ ਕੀਤੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਇਸ ਡਿਜੀਟਲ ਪ੍ਰਕਿਰਿਆ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹੇ ਦੀਆਂ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਆਪਣੀ ਸਵੈ-ਜਨਗਣਨਾ ਕਰਕੇ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੂਜੇ ਪੜਾਅ ਤਹਿਤ 16 ਨਵੰਬਰ ਤੋਂ ਸੁਰੂ ਹੋਈ ਸਵੈ ਗਣਨਾ ਦੀ ਪ੍ਰਕਿਰਿਆ 30 ਨਵੰਬਰ 2026 ਤੱਕ ਚੱਲੇਗੀ। ਇਸ ਦੌਰਾਨ ਲੋਕ se.census.gov.in ਪੋਰਟਲ ਰਾਹੀਂ ਆਪਣੇ ਪਰਿਵਾਰ ਸਬੰਧੀ ਵੇਰਵੇ ਖੁਦ ਆਨਲਾਈਨ ਦਰਜ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸਵੈ-ਗਣਨਾ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਂਦਿਆਂ ਆਪਣੇ ਵੇਰਵੇ ਸਹੀ ਤੇ ਮੁਕੰਮਲ ਦਰਜ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਇਸ ਮਹੱਤਵਪੂਰਨ ਰਾਸ਼ਟਰੀ ਕਾਰਜ ਨੂੰ ਸਫ਼ਲ ਬਣਾਉਣ ਲਈ ਲੋਕਾਂ ਦੀ ਸਰਗਰਮ ਭਾਗੀਦਾਰੀ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਤੋਂ ਬਾਅਦ 01 ਦਸੰਬਰ 2026 ਤੋਂ 04 ਜਨਵਰੀ 2027 ਤੱਕ ਗਿਣਤੀਕਾਰ ਘਰ-ਘਰ ਜਾ ਕੇ ਆਬਾਦੀ ਗਣਨਾ ਕਰਨਗੇ। ਇਸ ਦੌਰਾਨ ਉਹ ਘਰਾਂ,ਪਰਿਵਾਰਾਂ ਅਤੇ ਵਿਅਕਤੀਆਂ ਸਬੰਧੀ ਜਾਣਕਾਰੀ ਇਕੱਤਰ ਕਰਨਗੇ। ਜਿਨ੍ਹਾਂ ਨਾਗਰਿਕਾਂ ਨੇ ਸਵੈ-ਗਣਨਾ ਕੀਤੀ ਹੋਵੇਗੀ, ਉਨ੍ਹਾਂ ਤੋਂ ਸਵੈ-ਗਣਨਾ ਦੀ ਆਈ.ਡੀ.ਲੈ ਕੇ ਦਰਜ ਕੀਤੇ ਵੇਰਵਿਆਂ ਦੀ ਪੁਸ਼ਟੀ ਕੀਤੀ ਜਾਵੇਗੀ। ਜੇਕਰ ਕੋਈ ਜਾਣਕਾਰੀ ਦਰਜ ਹੋਣ ਤੋਂ ਰਹਿ ਗਈ ਹੋਵੇ ਤਾਂ ਘਰ-ਘਰ ਗਿਣਤੀ ਦੌਰਾਨ ਵੀ ਮੁਹੱਈਆ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਪ੍ਰਸ਼ਨਾਵਲੀ ਭਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਾਂ ਜਾਣਕਾਰੀ ਲਈ ਨਾਗਰਿਕ ਜਨਗਣਨਾ ਦੇ ਟੋਲ-ਫ੍ਰੀ ਹੈਲਪਲਾਈਨ ਨੰਬਰ 1855 ‘ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਸਬੰਧਤ ਸਹੀ ਵੇਰਵੇ ਪਹਿਲਾਂ ਹੀ ਆਨਲਾਈਨ ਦਰਜ ਕਰਵਾਉਣ ਨਾਲ ਖੇਤਰੀ ਗਣਨਾਕਾਰਾਂ ਦੇ ਕੰਮ ਦਾ ਬੋਝ ਘਟੇਗਾ ਅਤੇ ਲੋਕਾਂ ਦੇ ਸਮੇਂ ਦੀ ਬੱਚਤ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਸਹੀ ਜਨਗਣਨਾ ਅੰਕੜੇ ਸਰਕਾਰ ਨੂੰ ਲੋਕ ਭਲਾਈ ਸਕੀਮਾਂ ਤਿਆਰ ਕਰਨ ਅਤੇ ਭਵਿੱਖ ਦੀਆਂ ਸ਼ਹਿਰੀ ਤੇ ਵਿਕਾਸ ਸਬੰਧੀ ਲੋੜਾਂ ਦੀ ਬਿਹਤਰ ਯੋਜਨਾਬੰਦੀ ਕਰਨ ਵਿੱਚ ਸਹਾਈ ਹੁੰਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇਸਮਤ ਵਿਜੈ ਸਿੰਘ(ਜ), ਐਸ.ਪੀ. ਹਰਵੰਤ ਕੌਰ, ਐਸ.ਡੀ.ਐਮ.ਖਮਾਣੋਂ ਅਭੀਮਨਿਊ ਮਲਿਕ,ਸਹਾਇਕ ਖੋਜ ਅਫਸਰ ਹਰਮਨਦੀਪ ਕੌਰ, ਪ੍ਰਧਾਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਸ੍ਰੀ ਹਰਪ੍ਰੀਤ ਸਿੰਘ ਪ੍ਰਿੰਸ, ਵਾਈਸ ਪ੍ਰਧਾਨ ਵਿਨੀਤ ਬਿੱਟੂ,ਸੁਨੀਤਾ ਰਾਣੀ ਪ੍ਰਧਾਨ ਨਗਰ ਪੰਚਾਇਤ ਖਮਾਣੋਂ ਤੋਂ ਇਲਾਵਾ ਹੋਰ ਅਧਿਕਾਰੀ ਹਾਜਰ ਸਨ।
