ਵਿਗਿਆਨਕ ਸੋਚ ਅਤੇ ਨਵੀਨਤਮ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ ਨੇ ਪੇਸ਼ ਕੀਤੇ ਸ਼ਾਨਦਾਰ ਮਾਡਲ
ਫਤਹਿਗੜ੍ਹ ਸਾਹਿਬ, 27 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ) : ਸਕੂਲ ਸਿੱਖਿਆ ਵਿਭਾਗ ਵੱਲੋਂ ਜੂਨੀਅਰ ਵਰਗ (ਜਮਾਤ ਛੇਵੀਂ ਤੋਂ ਅੱਠਵੀਂ) ਦੇ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ ਸਰਕਾਰੀ ਹਾਈ ਸਕੂਲ ਮਾਧੋਪੁਰ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋਂ ਬਲਾਕ ਪੱਧਰ ‘ਤੇ ਜੇਤੂ ਰਹੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਰਵਿੰਦਰ ਕੌਰ ਨੇ ਦੱਸਿਆ ਕਿ ਇਸ ਵਿਗਿਆਨ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਵੱਲੋਂ ਵਿਗਿਆਨ ਵਿਸ਼ੇ ਨਾਲ ਸਬੰਧਤ ਛੇ ਵੱਖ-ਵੱਖ ਥੀਮਾਂ ਆਰਟੀਫਿਸ਼ੀਅਲ ਇੰਟੈਲੀਜੈਂਸ, ਗਰੀਨ ਐਨਰਜੀ ਐਂਡ ਇਨਵਾਇਰਮੈਂਟਲ ਕੰਜ਼ਰਵੇਸ਼ਨ, ਹੈਲਥ ਹਾਈਜੀਨ ਐਂਡ ਸੈਨੀਟੇਸ਼ਨ, ਇੰਡੀਜੀਨੀਅਸ ਐਗਰੀਕਲਚਰਲ ਪ੍ਰੈਕਟਿਸ, ਸਾਇੰਸ ਫਾਰ ਰੂਰਲ ਟਰਾਂਸਫੋਰਮੇਸ਼ਨ ਅਤੇ ਡਿਜਾਸਟਰ ਮੈਨੇਜਮੈਂਟ ਅਧੀਨ ਸ਼ਾਨਦਾਰ ਮਾਡਲ ਅਤੇ ਵਿਗਿਆਨਕ ਪ੍ਰੋਜੈਕਟ ਤਿਆਰ ਕਰਕੇ ਪੇਸ਼ ਕੀਤੇ ਗਏ। ਜੱਜਮੈਂਟ ਕਮੇਟੀ ਵੱਲੋਂ ਵਿਦਿਆਰਥੀਆਂ ਦੇ ਮਾਡਲਾਂ ਦੀ ਨਵੀਨਤਾ, ਵਿਗਿਆਨਕ ਸੋਚ, ਉਪਯੋਗਤਾ ਅਤੇ ਪੇਸ਼ਕਾਰੀ ਦੇ ਆਧਾਰ ‘ਤੇ ਜੇਤੂਆਂ ਦੀ ਚੋਣ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਥੀਮਾਂ ਅਧੀਨ ਸਰਕਾਰੀ ਹਾਈ ਸਕੂਲ ਜਟਾਣਾ ਉੱਚਾ ਦੇ ਆਕਾਸ਼ ਵਰਮਾ, ਸਰਕਾਰੀ ਮਿਡਲ ਸਕੂਲ ਸੌਂਟੀ ਦੇ ਫੁਜੈਲ ਅੰਸਾਰੀ, ਸਰਕਾਰੀ ਹਾਈ ਸਕੂਲ ਖਨਿਆਣ ਦੀ ਖੁਸ਼ਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੈਲੀ ਦੀ ਮੰਨਤ ਦੀਪ ਕੌਰ, ਸਰਕਾਰੀ ਹਾਈ ਸਕੂਲ ਬ੍ਰਾਹਮਣ ਮਾਜਰਾ ਦੇ ਕਨਵ ਅਤੇ ਸਰਕਾਰੀ ਮਿਡਲ ਸਕੂਲ ਮਹਿਤਾਬਗੜ੍ਹ ਦੀ ਲਵਜੀਤ ਕੌਰ ਜੇਤੂ ਰਹੇ। ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜੇਤੂ ਟੀਮਾਂ ਹੁਣ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੀਆਂ। ਇਸ ਮੌਕੇ ਜ਼ਿਲ੍ਹਾ ਨੋਡਲ ਇੰਚਾਰਜ ਸ੍ਰੀਮਤੀ ਕਮਲਵੀਰ ਕੌਰ ,ਸਰਕਾਰੀ ਹਾਈ ਸਕੂਲ ਮਾਧੋਪੁਰ ਦੇ ਮੁਖੀ ਸ੍ਰੀ ਜਤਿੰਦਰ ਸਿੰਘ , ਸ੍ਰੀਮਤੀ ਰਾਜਵੀਰ ਕੌਰ ਲੈਕਚਰਾਰ ਬਾਓਲੌਜੀ, ਸ੍ਰੀ ਰੁਪਿੰਦਰ ਸਿੰਘ ਲੈਕਚਰਾਰ ਫਿਜਿਕਸ, ਸ੍ਰੀ ਇਕਬਾਲ ਸਿੰਘ ਸਾਇੰਸ ਮਾਸਟਰ, ਸ੍ਰੀ ਵਰਿੰਦਰ ਸਿੰਘ ਸਾਇੰਸ ਮਾਸਟਰ, ਸ੍ਰੀ ਨੀਰਜ ਸਾਇੰਸ ਮਾਸਟਰ, ਸ੍ਰੀ ਅਮਰੀਕ ਸਿੰਘ ਸਾਇੰਸ ਮਾਸਟਰ, ਅਤੇ ਸ੍ਰੀਮਤੀ ਪ੍ਰੀਤਕਮਲ ਕੌਰ ਸਾਇੰਸ ਮਿਸਟ੍ਰੈਸ ਹਾਜਰ ਸਨ।
