ਫ਼ਤਿਹਗੜ੍ਹ ਸਾਹਿਬ, 19 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਸਾਫ਼-ਸੁਥਰਾ ਅਤੇ ਸਵੱਛ ਵਾਤਾਵਰਣ ਸਿਹਤਮੰਦ ਸਮਾਜ ਦੀ ਨੀਂਹ ਹੈ ਅਤੇ ਸਵੱਛਤਾ ਨੂੰ ਸਿਰਫ਼ ਮੁਹਿੰਮ ਤੱਕ ਸੀਮਤ ਨਾ ਰੱਖਦਿਆਂ ਇਸ ਨੂੰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ‘ਸਵੱਛਤਾ ਹੀ ਸੇਵਾ-2026’, ‘ਸਵੱਛਤਾ ਵਿੱਚ ਸਹਿਭਾਗ’ ਅਤੇ ‘ਸਵੱਛ ਭਾਰਤ-ਵਿਕਸਿਤ ਭਾਰਤ’ ਮੁਹਿੰਮ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਹਿੰਮ 02 ਅਕਤੂਬਰ 2026 ਤੱਕ ਚਲਾਈ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੱਖ-ਵੱਖ ਸਫ਼ਾਈ ਗਤੀਵਿਧੀਆਂ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਉਣ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਲਈ ਸਿਹਤ ਜਾਂਚ ਕੈਂਪ ਵੀ ਲਗਾਏ ਜਾਣਗੇ। ਇਸ ਦੇ ਨਾਲ ਹੀ ਘਰੇਲੂ ਕੂੜੇ ਦੀ ਚਾਰ ਤਰ੍ਹਾਂ ਨਾਲ ਛਾਂਟੀ ਕਰਨ ਅਤੇ ਇਸ ਦੇ ਸਹੀ ਢੰਗ ਨਾਲ ਨਿਪਟਾਰੇ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡਾਂ ਨੂੰ ਸਾਫ਼-ਸੁਥਰਾ ਰੱਖਣ ਲਈ ਕੂੜੇ ਦੇ ਢੇਰਾਂ ਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਪਿੰਡਾਂ ਵਿੱਚ ਸਥਾਪਿਤ ਕੀਤੇ ਗਏ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਵਿੱਚ ਲਿਆਉਣ ਅਤੇ ਉਨ੍ਹਾਂ ਦੇ ਸੁਚੱਜੇ ਰੱਖ-ਰਖਾਅ ਸਬੰਧੀ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਅਤੇ ਸਹਿਯੋਗ ਨਾਲ ਸਫ਼ਾਈ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਵਿਸ਼ਾਲ ਪੁਰੀ, ਸਮੂਹ ਉਪ ਮੰਡਲ ਇੰਜੀਨੀਅਰ, ਜੂਨੀਅਰ ਇੰਜੀਨੀਅਰ, ਸੋਸ਼ਲ ਸਟਾਫ਼, ਸੀ.ਡੀ.ਐੱਸ., ਜੂਨੀਅਰ ਇੰਜੀਨੀਅਰ ਵਾਤਾਵਰਣ, ਆਈ.ਈ.ਸੀ. ਸਪੈਸ਼ਲਿਸਟ ਅਤੇ ਬੀ.ਆਰ.ਸੀ ਹਾਜਰ ਸਨ।







