ਚੰਡੀਗੜ੍ਹ/ਲਾਹੌਰ, 2 ਸਤੰਬਰ 2026 (ਕਾਜਲ): ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਪਿੰਡ ਸਿਰਾਜ ਵਿੱਚ ਕਰੀਬ 125 ਸਾਲ ਪੁਰਾਣੇ ਮੰਦਰ ਦੀ ਇਮਾਰਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਘੱਟ ਗਿਣਤੀ ਭਾਈਚਾਰੇ ਨੇ ਮੰਦਰ ਦੀ ਇਮਾਰਤ ਢਾਹੇ ਜਾਣ ਦਾ ਦੋਸ਼ ਲਗਾਉਂਦਿਆਂ ਇਸ ’ਤੇ ਇਤਰਾਜ਼ ਜਤਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਮੌਜੂਦ ਇਸ ਪੁਰਾਣੇ ਮੰਦਰ ਦੀ ਇਮਾਰਤ ਨੂੰ ਨੇੜਲੇ ਮਦਰੱਸੇ ਦੇ ਵਿਸਥਾਰ ਲਈ ਥਾਂ ਬਣਾਉਣ ਵਾਸਤੇ ਢਾਹਿਆ ਗਿਆ। ਹਾਲਾਂਕਿ, ਧਾਰਮਿਕ ਸਥਾਨਾਂ ਦੀ ਦੇਖਭਾਲ ਕਰਨ ਵਾਲੇ Evacuee Trust Property Board (ETPB) ਵੱਲੋਂ ਇਸ ਮਾਮਲੇ ਸਬੰਧੀ ਵੱਖਰਾ ਦਾਅਵਾ ਕੀਤਾ ਗਿਆ ਹੈ। ETPB ਦਾ ਕਹਿਣਾ ਹੈ ਕਿ ਮੰਦਰ ਦੀ ਇਮਾਰਤ ਨੂੰ ਜਾਣਬੁੱਝ ਕੇ ਨਹੀਂ ਢਾਹਿਆ ਗਿਆ, ਸਗੋਂ ਮੀਂਹ ਕਾਰਨ ਢਾਂਚਾ ਆਪਣੇ ਆਪ ਢਹਿ ਗਿਆ। ਇਸ ਦਾਅਵੇ ਨੂੰ ਲੈ ਕੇ ਘੱਟ ਗਿਣਤੀ ਭਾਈਚਾਰੇ ਵਿੱਚ ਸਵਾਲ ਖੜ੍ਹੇ ਹੋ ਰਹੇ ਹਨ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪਾਕਿਸਤਾਨ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੇ ਜਾਣ ਦਾ ਮਾਮਲਾ ਵੀ ਚਰਚਾ ਵਿੱਚ ਹੈ। ਦੋਸ਼ ਲਗਾਇਆ ਗਿਆ ਸੀ ਕਿ ਗੁਰਦੁਆਰੇ ਦੀ ਥਾਂ ’ਤੇ ਮਾਲ ਬਣਾਉਣ ਲਈ ਕਾਰਵਾਈ ਕੀਤੀ ਗਈ। ਹੁਣ ਨਾਰੋਵਾਲ ਵਿੱਚ ਮੰਦਰ ਨਾਲ ਜੁੜੀ ਘਟਨਾ ਨੇ ਧਾਰਮਿਕ ਵਿਰਾਸਤ ਅਤੇ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਮੁੜ ਤੇਜ਼ ਕਰ ਦਿੱਤੀ ਹੈ। ETPB ਮੁਤਾਬਕ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਵੀ ਮੌਕੇ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਹੈ। ਮਾਮਲੇ ਨੂੰ ਲੈ ਕੇ ਵੱਖ–ਵੱਖ ਦਾਅਵਿਆਂ ਦੇ ਵਿਚਕਾਰ ਸਥਾਨਕ ਪੱਧਰ ’ਤੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਪਾਕਿਸਤਾਨ ਦੇ ਨਾਰੋਵਾਲ ’ਚ 125 ਸਾਲ ਪੁਰਾਣੇ ਮੰਦਰ ਨੂੰ ਲੈ ਕੇ ਵਿਵਾਦ, ਘੱਟ ਗਿਣਤੀ ਭਾਈਚਾਰੇ ਨੇ ਜਤਾਇਆ ਵਿਰੋਧ
Minority community protests after a historic temple in Narowal is reportedly demolished; ETPB says the structure collapsed due to rain.
