24 ਅਗਸਤ 2026 (ਕਾਜਲ) : ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨਾਲ ਤਿਆਰ ਕੀਤੇ ਗਏ ਕੰਟੈਂਟ ਦੀ ਪਛਾਣ ਕਰਨ ਲਈ ਟੈਕ ਕੰਪਨੀਆਂ ਵੱਲੋਂ ਵਾਟਰਮਾਰਕਿੰਗ ਤਕਨਾਲੋਜੀ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਕੁਝ ਡਿਵੈਲਪਰ ਇਨ੍ਹਾਂ ਵਾਟਰਮਾਰਕਸ ਨੂੰ ਹਟਾਉਣ ਵਾਲੇ ਟੂਲ ਤਿਆਰ ਕਰਨ ਵਿੱਚ ਵੀ ਜੁਟੇ ਹੋਏ ਹਨ। ਇਸ ਕਾਰਨ AI ਕੰਟੈਂਟ ਦੀ ਪਛਾਣ ਨੂੰ ਲੈ ਕੇ ਇੱਕ ਤਰ੍ਹਾਂ ਦੀ ‘ਕੈਟ-ਐਂਡ-ਮਾਊਸ’ ਦੌੜ ਸ਼ੁਰੂ ਹੋ ਗਈ ਹੈ। ਹਾਲ ਹੀ ਵਿੱਚ Anthropic ਨੇ ਐਲਾਨ ਕੀਤਾ ਸੀ ਕਿ ਉਸ ਦੇ ਭਵਿੱਖ ਦੇ Claude ਮਾਡਲਾਂ ਰਾਹੀਂ ਤਿਆਰ ਹੋਣ ਵਾਲੇ ਕੰਟੈਂਟ ਵਿੱਚ ਅਦਿੱਖ ਅਤੇ ਮਸ਼ੀਨ ਦੁਆਰਾ ਪੜ੍ਹੇ ਜਾ ਸਕਣ ਵਾਲੇ ਵਾਟਰਮਾਰਕ ਸ਼ਾਮਲ ਕੀਤੇ ਜਾਣਗੇ। ਇਸ ਤਕਨਾਲੋਜੀ ਦਾ ਮਕਸਦ AI ਦੁਆਰਾ ਤਿਆਰ ਕੀਤੇ ਕੰਟੈਂਟ ਦੀ ਪਛਾਣ ਕਰਨਾ ਅਤੇ ਇਸ ਦੀ ਪਾਰਦਰਸ਼ਤਾ ਵਧਾਉਣਾ ਹੈ।
ਪਰ ਐਲਾਨ ਦੇ ਕੁਝ ਹੀ ਦਿਨਾਂ ਬਾਅਦ ਕਈ ਡਿਵੈਲਪਰਾਂ ਨੇ ਸੋਸ਼ਲ ਮੀਡੀਆ ’ਤੇ ਅਜਿਹੇ ਟੂਲ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ ਜੋ AI ਵਾਟਰਮਾਰਕ ਨੂੰ ਹਟਾਉਣ ਜਾਂ ਇਸ ਨੂੰ ਬਾਈਪਾਸ ਕਰਨ ਦਾ ਦਾਅਵਾ ਕਰਦੇ ਹਨ। ਇਨ੍ਹਾਂ ਵਿੱਚੋਂ Guillaume Meyer ਵੱਲੋਂ ਤਿਆਰ ਕੀਤਾ ਗਿਆ ਇੱਕ ਟੂਲ GitHub ’ਤੇ ਕਾਫ਼ੀ ਚਰਚਾ ਵਿੱਚ ਆਇਆ ਹੈ। ਰਿਪੋਰਟਾਂ ਮੁਤਾਬਕ ਇਸ ਪ੍ਰੋਜੈਕਟ ਨੂੰ ਬਿਹਤਰ ਬਣਾਉਣ ਲਈ 100 ਤੋਂ ਵੱਧ ਡਿਵੈਲਪਰਾਂ ਨੇ ਯੋਗਦਾਨ ਦਿੱਤਾ ਹੈ ਅਤੇ ਇਸ ਦੇ ਕਈ ਡਾਊਨਲੋਡ ਵੀ ਹੋਏ ਹਨ। AI ਕੰਪਨੀਆਂ ਵੱਲੋਂ ਵਾਟਰਮਾਰਕਿੰਗ ਨੂੰ ਨਿਯਮਾਂ ਅਤੇ ਪਾਰਦਰਸ਼ਤਾ ਦੀਆਂ ਵਧਦੀਆਂ ਮੰਗਾਂ ਦੇ ਜਵਾਬ ਵਜੋਂ ਅਪਣਾਇਆ ਜਾ ਰਿਹਾ ਹੈ। ਹਾਲਾਂਕਿ, ਜੇਕਰ ਵਾਟਰਮਾਰਕ ਹਟਾਉਣ ਵਾਲੇ ਟੂਲ ਵੀ ਤੇਜ਼ੀ ਨਾਲ ਵਿਕਸਤ ਹੁੰਦੇ ਰਹੇ ਤਾਂ AI ਨਾਲ ਬਣੇ ਕੰਟੈਂਟ ਦੀ ਪਛਾਣ ਕਰਨਾ ਹੋਰ ਵੀ ਚੁਣੌਤੀਪੂਰਨ ਬਣ ਸਕਦਾ ਹੈ। ਇਸ ਤਰ੍ਹਾਂ AI ਕੰਪਨੀਆਂ ਅਤੇ ਡਿਵੈਲਪਰਾਂ ਵਿਚਕਾਰ ਵਾਟਰਮਾਰਕਿੰਗ ਅਤੇ ਉਸ ਨੂੰ ਹਟਾਉਣ ਦੀ ਤਕਨਾਲੋਜੀ ਨੂੰ ਲੈ ਕੇ ਮੁਕਾਬਲਾ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।
