ਕਾਠਮੰਡੂ, 28 ਅਗਸਤ 2026 (ਹਰਸ਼ਪ੍ਰੀਤ ਕੌਰ) : ਨੇਪਾਲ ਵਿੱਚ ਭੋਟੇ ਕੋਸ਼ੀ ਅਤੇ ਤ੍ਰਿਸ਼ੂਲੀ ਦਰਿਆਵਾਂ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਹਾਲਾਤ ਅਜੇ ਵੀ ਚਿੰਤਾਜਨਕ ਬਣੇ ਹੋਏ ਹਨ। ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਹੁਣ ਤੱਕ 389 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਰੀਬ 1,500 ਲੋਕ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਵਿੱਚ 290 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਸ ਦੌਰਾਨ ਵੀਰਵਾਰ ਰਾਤ ਨੇਪਾਲ ਵਿੱਚ 3.2 ਤੀਬਰਤਾ ਦਾ ਭੂਚਾਲ ਵੀ ਦਰਜ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਭੂਚਾਲ ਅਜਿਹੇ ਸਮੇਂ ਆਇਆ ਹੈ ਜਦੋਂ ਦੇਸ਼ ਪਹਿਲਾਂ ਹੀ ਹੋਰ ਹੜ੍ਹਾਂ ਦੇ ਖ਼ਤਰੇ ਨਾਲ ਜੂਝ ਰਿਹਾ ਹੈ।
ਤਿੱਬਤ ਵਿੱਚ ਬਣੀ ਨਵੀਂ ਝੀਲ ਨੇ ਵਧਾਈ ਚਿੰਤਾ
ਚੀਨੀ ਅਧਿਕਾਰੀਆਂ ਨੇ ਤਿੱਬਤ ਵਿੱਚ ਲਹੇਂਦੇ ਦਰਿਆ ’ਤੇ ਇੱਕ ਨਵੀਂ ਬੈਰੀਅਰ ਝੀਲ ਬਣਨ ਦੀ ਪੁਸ਼ਟੀ ਕੀਤੀ ਹੈ। ਇਹ ਝੀਲ ਰਸੁਵਾਗੜ੍ਹੀ ਸਰਹੱਦ ਤੋਂ ਲਗਭਗ 18 ਕਿਲੋਮੀਟਰ ਉੱਪਰ ਸਥਿਤ ਹੈ। ਇਸ ਦਾ ਖੇਤਰਫਲ ਕਰੀਬ 0.11 ਵਰਗ ਕਿਲੋਮੀਟਰ ਦੱਸਿਆ ਗਿਆ ਹੈ ਅਤੇ ਇਸ ਵਿੱਚ ਲਗਭਗ 2 ਅਰਬ ਲੀਟਰ ਪਾਣੀ ਇਕੱਠਾ ਹੋ ਚੁੱਕਾ ਹੈ। ਅਗਲੇ ਤਿੰਨ ਦਿਨਾਂ ਵਿੱਚ ਹੋਰ ਕਰੀਬ 3 ਅਰਬ ਲੀਟਰ ਪਾਣੀ ਇਸ ਵਿੱਚ ਆਉਣ ਦੀ ਸੰਭਾਵਨਾ ਹੈ। ਜੇਕਰ ਇਸ ਝੀਲ ਦਾ ਕੁਦਰਤੀ ਬੰਨ੍ਹ ਟੁੱਟਦਾ ਹੈ ਤਾਂ ਭੋਟੇ ਕੋਸ਼ੀ ਅਤੇ ਤ੍ਰਿਸ਼ੂਲੀ ਦਰਿਆਵਾਂ ਵਿੱਚ ਮੁੜ ਅਚਾਨਕ ਭਿਆਨਕ ਹੜ੍ਹ ਆ ਸਕਦਾ ਹੈ।
ਭੂਸਖਲਨ ਨੇ ਮਚਾਈ ਸੀ ਭਾਰੀ ਤਬਾਹੀ
ਬੁੱਧਵਾਰ ਨੂੰ ਨੇਪਾਲ-ਤਿੱਬਤ ਸਰਹੱਦ ਨੇੜੇ ਲਹੇਂਦੇ ਦਰਿਆ ਵਿੱਚ ਵੱਡਾ ਭੂਸਖਲਨ ਹੋਇਆ ਸੀ। ਪਹਾੜ ਦਾ ਇੱਕ ਵੱਡਾ ਹਿੱਸਾ ਬਰਫ਼ ਅਤੇ ਚੱਟਾਨਾਂ ਸਮੇਤ ਦਰਿਆ ਵਿੱਚ ਡਿੱਗ ਗਿਆ, ਜਿਸ ਕਾਰਨ ਅਚਾਨਕ ਪਾਣੀ ਦਾ ਵਹਾਅ ਵਧ ਗਿਆ ਅਤੇ ਭਿਆਨਕ ਹੜ੍ਹ ਆ ਗਿਆ। ਸ਼ੁਰੂ ਵਿੱਚ ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਇਸ ਘਟਨਾ ਨੂੰ 4.4 ਤੀਬਰਤਾ ਦੇ ਭੂਚਾਲ ਵਜੋਂ ਦਰਜ ਕੀਤਾ ਸੀ। ਬਾਅਦ ਵਿੱਚ ਜਾਂਚ ਤੋਂ ਪਤਾ ਲੱਗਾ ਕਿ ਇਹ ਝਟਕਾ ਅਸਲ ਵਿੱਚ ਵੱਡੇ ਭੂਸਖਲਨ ਕਾਰਨ ਪੈਦਾ ਹੋਇਆ ਸੀ, ਜਿਸ ਨੂੰ ਬਾਅਦ ਵਿੱਚ 5.2 ਤੀਬਰਤਾ ਦੇ ਭੂਚਾਲ ਦੇ ਬਰਾਬਰ ਮੰਨਿਆ ਗਿਆ। ਹੜ੍ਹ ਦੀਆਂ ਤਸਵੀਰਾਂ ਵਿੱਚ ਭੋਟੇ ਕੋਸ਼ੀ ਦਰਿਆ ਦੇ ਤੇਜ਼ ਵਹਾਅ ਅਤੇ ਰਸਤੇ ਵਿੱਚ ਆਉਣ ਵਾਲੇ ਘਰਾਂ ਤੇ ਢਾਂਚਿਆਂ ਨੂੰ ਤਬਾਹ ਹੁੰਦੇ ਦੇਖਿਆ ਗਿਆ। ਕਈ ਥਾਵਾਂ ’ਤੇ ਪਾਣੀ ਦੀਆਂ ਲਹਿਰਾਂ 30 ਫੁੱਟ ਤੱਕ ਉੱਚੀਆਂ ਹੋਣ ਦੀ ਜਾਣਕਾਰੀ ਹੈ, ਜਿਸ ਕਾਰਨ ਲੋਕਾਂ ਨੇ ਘਰਾਂ ਦੀਆਂ ਉਪਰਲੀਆਂ ਮੰਜ਼ਿਲਾਂ ’ਤੇ ਜਾ ਕੇ ਜਾਨ ਬਚਾਈ।
ਰਸੁਵਾਗੜ੍ਹੀ ਬਾਰਡਰ ਪੋਸਟ ਵੀ ਤਬਾਹ
ਸੈਟੇਲਾਈਟ ਤਸਵੀਰਾਂ ਵਿੱਚ ਹੜ੍ਹ ਤੋਂ ਪਹਿਲਾਂ ਅਤੇ ਬਾਅਦ ਦੀ ਸਥਿਤੀ ਦੀ ਤੁਲਨਾ ਕਰਨ ’ਤੇ ਨੇਪਾਲ-ਚੀਨ ਸਰਹੱਦ ’ਤੇ ਰਸੁਵਾਗੜ੍ਹੀ ਬਾਰਡਰ ਪੋਸਟ ਨੂੰ ਭਾਰੀ ਨੁਕਸਾਨ ਪਹੁੰਚਿਆ ਦਿਖਾਈ ਦਿੰਦਾ ਹੈ। ਹੜ੍ਹ ਅਤੇ ਭੂਸਖਲਨ ਦੇ ਸਾਂਝੇ ਪ੍ਰਭਾਵ ਨਾਲ ਇਲਾਕੇ ਵਿੱਚ ਵੱਡੀ ਤਬਾਹੀ ਹੋਈ ਹੈ।
84 ਭਾਰਤੀ ਸੁਰੱਖਿਅਤ, 290 ਅਜੇ ਵੀ ਲਾਪਤਾ
ਨੇਪਾਲ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਵੀ ਬਚਾਅ ਮੁਹਿੰਮ ਜਾਰੀ ਹੈ। ਹੁਣ ਤੱਕ 84 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਇਨ੍ਹਾਂ ਵਿੱਚ ਤ੍ਰਿਸ਼ੂਲੀ-1 ਹਾਈਡ੍ਰੋਪਾਵਰ ਪ੍ਰਾਜੈਕਟ ਦੇ 63 ਕਰਮਚਾਰੀ ਅਤੇ ਤਾਮਿਲਨਾਡੂ ਦੇ 21 ਯਾਤਰੀ ਸ਼ਾਮਲ ਹਨ। ਹਾਲਾਂਕਿ ਕਰੀਬ 290 ਭਾਰਤੀ ਨਾਗਰਿਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਅਮਰੀਕਾ, ਯੂਕਰੇਨ, ਮਲੇਸ਼ੀਆ, ਆਸਟ੍ਰੇਲੀਆ, ਬ੍ਰਿਟੇਨ, ਕੈਨੇਡਾ ਅਤੇ ਹੋਰ ਕਈ ਦੇਸ਼ਾਂ ਦੇ ਨਾਗਰਿਕ ਵੀ ਲਾਪਤਾ ਹਨ।
ਕੈਲਾਸ਼ ਮਾਨਸਰੋਵਰ ਯਾਤਰੀਆਂ ਦਾ ਸਮੂਹ ਸੁਰੱਖਿਅਤ
ਹੜ੍ਹ ਦੇ ਵਿਚਕਾਰ ਹੈਦਰਾਬਾਦ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਗਿਆ 45 ਮੈਂਬਰੀ ਸਮੂਹ ਸੁਰੱਖਿਅਤ ਹੈ। ਇਸ ਵਿੱਚ 35 ਯਾਤਰੀ ਅਤੇ 10 ਸਹਾਇਕ ਕਰਮਚਾਰੀ ਸ਼ਾਮਲ ਹਨ। ਸਮੂਹ ਵਿੱਚ ਸਾਬਕਾ DRDO ਚੇਅਰਮੈਨ ਜੀ. ਸਤੀਸ਼ ਰੈੱਡੀ ਅਤੇ ਉਨ੍ਹਾਂ ਦਾ ਪਰਿਵਾਰ ਵੀ ਸ਼ਾਮਲ ਹੈ। ਸਮੂਹ ਨੇ ਮਾਊਂਟ ਕੈਲਾਸ਼ ਦੀ ਪਰਿਕਰਮਾ ਪੂਰੀ ਕਰ ਲਈ ਹੈ ਅਤੇ ਹੁਣ ਵਾਪਸੀ ਦੇ ਰਸਤੇ ’ਤੇ ਹੈ। ਹੜ੍ਹ ਕਾਰਨ ਉਨ੍ਹਾਂ ਦਾ ਰੂਟ ਬਦਲਿਆ ਗਿਆ ਹੈ। ਹੁਣ ਯਾਤਰੀ ਸਾਗਾ ਅਤੇ ਨਿਆਲਮ ਰਾਹੀਂ ਕੇਰੁੰਗ ਹੁੰਦੇ ਹੋਏ ਨੇਪਾਲ ਪਹੁੰਚਣਗੇ ਅਤੇ ਉੱਥੋਂ ਕਾਠਮੰਡੂ ਤੋਂ ਹੈਦਰਾਬਾਦ ਜਾਣਗੇ। ਸਮੂਹ ਦੇ 30 ਅਗਸਤ ਤੱਕ ਦਿੱਲੀ ਪਹੁੰਚਣ ਦੀ ਉਮੀਦ ਹੈ। ਨੇਪਾਲ ਵਿੱਚ 30 ਤੋਂ ਵੱਧ ਦੇਸ਼ਾਂ ਦੇ ਕਰੀਬ 1,500 ਵਿਦੇਸ਼ੀ ਨਾਗਰਿਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਨ੍ਹਾਂ ਵਿੱਚ ਸੈਲਾਨੀ, ਟ੍ਰੈਕਰ, ਸੈਨਿਕ-ਪੁਲਿਸ ਕਰਮਚਾਰੀ ਅਤੇ ਕੈਲਾਸ਼ ਮਾਨਸਰੋਵਰ ਯਾਤਰੀ ਸ਼ਾਮਲ ਹਨ। ਹੁਣ ਤੱਕ 50 ਵਿਦੇਸ਼ੀ ਨਾਗਰਿਕਾਂ ਨੂੰ ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ।
