ਮਨੋਰੰਜਨ, 23 ਅਕਤੂਬਰ 2026 (ਗੁਰਮੀਤ ਸਿੰਘ ਤੁੰਗ) : ਆਉਂਦੇ ਨਵੰਬਰ ਮਹੀਨੇ ਵਿੱਚ ਬਾਲੀਵੁੱਡ ਬਾਕਸ ਆਫਿਸ ’ਤੇ ਇੱਕ ਬਹੁਤ ਹੀ ਰੋਚਕ ਅਤੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ, ਜਦੋਂ ਇੱਕੋ ਪਰਿਵਾਰ ਦੇ ਦੋ ਅਹਿਮ ਮੈਂਬਰ ਆਹਮੋ-ਸਾਹਮਣੇ ਹੋਣਗੇ। 20 ਨਵੰਬਰ ਨੂੰ ਮਸ਼ਹੂਰ ਅਦਾਕਾਰ ਸਨੀ ਦਿਓਲ ਦੀ ਕ੍ਰਾਈਮ ਥ੍ਰਿਲਰ ਫ਼ਿਲਮ ‘ਸੂਰਿਆ: ਅੰਤ ਸੇ ਆਰੰਭ ਤੱਕ’ ਅਤੇ ਉਨ੍ਹਾਂ ਦੀ ਭੈਣ ਈਸ਼ਾ ਦਿਓਲ ਦੀ ਵਾਪਸੀ ਵਾਲੀ ਫ਼ਿਲਮ ‘ਪ੍ਰਤਾਪ’ ਇੱਕੋ ਦਿਨ ਸਿਨੇਮਾਘਰਾਂ ਵਿੱਚ ਦਾਖ਼ਲ ਹੋ ਰਹੀਆਂ ਹਨ। ਜਿੱਥੇ ਐੱਮ. ਪਦਮਕੁਮਾਰ ਦੇ ਨਿਰਦੇਸ਼ਨ ਹੇਠ ਬਣੀ ‘ਸੂਰਿਆ’ ਵਿੱਚ ਸਨੀ ਦਿਓਲ ਮੈਡੀਕਲ ਭ੍ਰਿਸ਼ਟਾਚਾਰ ਅਤੇ ਸਾਜ਼ਿਸ਼ਾਂ ਦੇ ਖ਼ਿਲਾਫ਼ ਇੱਕ ਗੰਭੀਰ ਅਤੇ ਇਨਸਾਫ਼-ਪਸੰਦ ਕਿਰਦਾਰ ਵਿੱਚ ਨਜ਼ਰ ਆਉਣਗੇ, ਉੱਥੇ ਹੀ ਨਿਰਦੇਸ਼ਕ ਸਚਿਨ ਸਰਾਫ ਦੀ ਕ੍ਰਾਈਮ ਡਰਾਮਾ ਫ਼ਿਲਮ ‘ਪ੍ਰਤਾਪ’ ਵਿੱਚ ਅਮਿਤ ਸਾਧ ਐਨਕਾਊਂਟਰ ਸਪੈਸ਼ਲਿਸਟ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਈਸ਼ਾ ਦਿਓਲ ਲੰਬੇ ਸਮੇਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰਦੀ ਦਿਖੇਗੀ। ਦੋਵਾਂ ਵੱਡੀਆਂ ਫ਼ਿਲਮਾਂ ਦੀ ਇੱਕੋ ਮਿਤੀ ‘ਤੇ ਟੱਕਰ ਕਾਰਨ ਦਰਸ਼ਕਾਂ ਲਈ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਬਾਕਸ ਆਫਿਸ ‘ਤੇ ਕਿਹੜੀ ਫ਼ਿਲਮ ਜ਼ਿਆਦਾ ਧਮਾਲ ਮਚਾਉਂਦੀ ਹੈ।
