Homeਪੰਜਾਬਪੀ.ਏ.ਯੂ. ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਖੋਖਰ ਕਲਾਂ ਅਤੇ ਸੰਗਤਪੁਰਾ...

ਪੀ.ਏ.ਯੂ. ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਖੋਖਰ ਕਲਾਂ ਅਤੇ ਸੰਗਤਪੁਰਾ ਵਿਖੇ ਪਰਾਲੀ ਦੀ ਖੇਤ ਵਿੱਚ ਹੀ ਸੰਭਾਲ ਸਬੰਧੀ ਪ੍ਰਦਰਸ਼ਨੀਆਂ

PAU's Farm Advisory Service Centre, Sangrur Organises Demonstrations on In-Situ Crop Residue Management in Khokhar Kalan and Sangatpura Villages.

ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਅਤੇ ਇਸ ਨੂੰ ਮਿੱਟੀ ਵਿੱਚ ਮਿਲਾਉਣ ਦੀ ਅਪੀਲ
ਲਹਿਰਾਗਾਗਾ, 10 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡਾਂ ਖੋਖਰ ਕਲਾਂ ਅਤੇ ਸੰਗਤਪੁਰਾ ਵਿਖੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਸਬੰਧੀ ਖੇਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਹ ਪ੍ਰਦਰਸ਼ਨੀਆਂ ਪੀ.ਏ.ਯੂ. ਦੇ ਪਸਾਰ ਸਿੱਖਿਆ ਨਿਰਦੇਸ਼ਕ ਦੀ ਅਗਵਾਈ ਅਤੇ ਸੀਨੀਅਰ ਪਸਾਰ ਵਿਗਿਆਨੀ (ਭੂਮੀ ਵਿਗਿਆਨ) ਡਾ. ਅਸ਼ੋਕ ਕੁਮਾਰ ਗਰਗ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ। ਪ੍ਰਦਰਸ਼ਨੀਆਂ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਖੇਤ ਵਿੱਚ ਹੀ ਸੰਭਾਲਣ ਅਤੇ ਮਿੱਟੀ ਵਿੱਚ ਮਿਲਾਉਣ ਦੀ ਵਿਧੀ ਦਿਖਾਈ ਗਈ। ਇਸ ਉਪਰੰਤ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀ ਗਈ ਕਣਕ ਦੀ ਕਿਸਮ ਪੀ.ਬੀ.ਡਬਲਯੂ. 872 ਦੀ ਬਿਜਾਈ ਸੁਪਰ ਸੀਡਰ ਨਾਲ ਕਰਕੇ ਦਿਖਾਈ ਗਈ। ਬਿਜਾਈ ਤੋਂ ਪਹਿਲਾਂ ਜੈਵਿਕ ਖਾਦਾਂ ਨਾਲ ਬੀਜ ਦੀ ਸੋਧ ਕੀਤੀ ਗਈ।
ਡਾ. ਅਸ਼ੋਕ ਕੁਮਾਰ ਗਰਗ ਨੇ ਦੱਸਿਆ ਕਿ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਨਾਲ ਇਸ ਵਿਚਲੇ ਪੌਸ਼ਟਿਕ ਤੱਤ ਮੁੜ ਮਿੱਟੀ ਵਿੱਚ ਪਹੁੰਚਦੇ ਹਨ। ਇਸ ਨਾਲ ਮਿੱਟੀ ਦੀ ਸਿਹਤ ਸੁਧਾਰਨ ਅਤੇ ਇਸ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਇੱਕ ਕੀਮਤੀ ਕੁਦਰਤੀ ਸਰੋਤ ਹੈ, ਜਿਸ ਨੂੰ ਖੇਤ ਵਿੱਚ ਹੀ ਸੰਭਾਲ ਕੇ ਕਿਸਾਨ ਲਾਭ ਲੈ ਸਕਦੇ ਹਨ।
ਬੀਜ ਸੋਧ ਵਿੱਚ ਜੈਵਿਕ ਖਾਦਾਂ ਦੀ ਭੂਮਿਕਾ ਬਾਰੇ ਡਾ. ਗਰਗ ਨੇ ਦੱਸਿਆ ਕਿ ਇਨ੍ਹਾਂ ਦੀ ਵਰਤੋਂ ਨਾਲ ਲਾਭਦਾਇਕ ਸੂਖਮ ਜੀਵਾਂ ਦੀ ਸਰਗਰਮੀ ਵਧਦੀ ਹੈ ਅਤੇ ਪੌਦਿਆਂ ਨੂੰ ਪੌਸ਼ਟਿਕ ਤੱਤ ਵਧੇਰੇ ਉਪਲਬਧ ਹੁੰਦੇ ਹਨ। ਇਸ ਨਾਲ ਫ਼ਸਲ ਦੇ ਮੁੱਢਲੇ ਵਾਧੇ ਵਿੱਚ ਵੀ ਮਦਦ ਮਿਲਦੀ ਹੈ। ਪ੍ਰਦਰਸ਼ਨੀਆਂ ਦੌਰਾਨ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ, ਸੰਤੁਲਿਤ ਖਾਦ ਪ੍ਰਬੰਧਨ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ ਗਈ। ਡਾ. ਗਰਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜਨ ਦੀ ਪ੍ਰਥਾ ਤਿਆਗਣ ਅਤੇ ਸੁਪਰ ਸੀਡਰ ਵਰਗੀ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਅਪਣਾਉਣ ਅਤੇ ਆਪਣੇ ਤਜਰਬੇ ਹੋਰਨਾਂ ਕਿਸਾਨਾਂ ਨਾਲ ਵੀ ਸਾਂਝੇ ਕਰਨ, ਤਾਂ ਜੋ ਮਿੱਟੀ ਦੀ ਸਿਹਤ ਸੁਧਾਰੀ ਜਾ ਸਕੇ, ਵਾਤਾਵਰਨ ਦੀ ਰੱਖਿਆ ਹੋਵੇ ਅਤੇ ਪੰਜਾਬ ਦੀ ਖੇਤੀ ਹੋਰ ਟਿਕਾਊ ਬਣੇ।
RELATED ARTICLES
- Advertisment -
Google search engine
Google search engine
Google search engine

Most Popular

Recent Comments