ਨਵੀਂ ਦਿੱਲੀ, 9 ਸਤੰਬਰ, 2026 (ਕਾਜਲ) : BRICS Summit 2026 ਦੀ ਮੇਜ਼ਬਾਨੀ ਲਈ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਪੋਸਟਰਾਂ, ਰੌਸ਼ਨੀਆਂ ਅਤੇ ਸਜਾਵਟੀ ਇੰਸਟਾਲੇਸ਼ਨਾਂ ਨਾਲ ਸਜਾਇਆ ਗਿਆ ਹੈ। ਸ਼ਹਿਰ ਦੇ ਕਈ ਪ੍ਰਮੁੱਖ ਇਲਾਕੇ ਸੰਮੇਲਨ ਤੋਂ ਪਹਿਲਾਂ ਤਿਉਹਾਰੀ ਰੂਪ ਵਿੱਚ ਨਜ਼ਰ ਆ ਰਹੇ ਹਨ। BRICS ਨੇਤਾਵਾਂ ਦਾ ਸੰਮੇਲਨ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ 12 ਅਤੇ 13 ਸਤੰਬਰ ਨੂੰ ਹੋਣ ਦੀ ਤਿਆਰੀ ਹੈ। ਇਸ ਸਾਲ ਸੰਮੇਲਨ ਦਾ ਅਧਿਕਾਰਤ ਵਿਸ਼ਾ “Building for Resilience, Innovation, Cooperation and Sustainability” ਰੱਖਿਆ ਗਿਆ ਹੈ।
ਸੰਮੇਲਨ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰ ਮੁਖੀ, ਵਿਦੇਸ਼ੀ ਡੈਲੀਗੇਟ, ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁਖੀ ਅਤੇ ਹੋਰ ਅਹਿਮ ਮਹਿਮਾਨ ਸ਼ਾਮਲ ਹੋਣਗੇ। ਇਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਦਿੱਲੀ ਟ੍ਰੈਫਿਕ ਪੁਲਿਸ ਨੇ VIP ਕਾਫ਼ਲਿਆਂ ਦੀ ਆਵਾਜਾਈ ਲਈ ਵਿਸ਼ੇਸ਼ ਰੂਟ ਤੈਅ ਕੀਤੇ ਹਨ। ਵਧੀਕ ਪੁਲਿਸ ਕਮਿਸ਼ਨਰ (ਟ੍ਰੈਫਿਕ) ਦਿਨੇਸ਼ ਕੁਮਾਰ ਗੁਪਤਾ ਮੁਤਾਬਕ ਵਿਦੇਸ਼ੀ ਮਹਿਮਾਨਾਂ ਨੂੰ ਕਰੀਬ ਨੌਂ ਹੋਟਲਾਂ ਵਿੱਚ ਠਹਿਰਾਇਆ ਜਾਵੇਗਾ ਅਤੇ ਇਨ੍ਹਾਂ ਹੋਟਲਾਂ ਤੋਂ ਭਾਰਤ ਮੰਡਪਮ ਤੱਕ ਦੇ ਰੂਟਾਂ ‘ਤੇ ਕਾਰਕੇਡ ਰਿਹਰਸਲ ਵੀ ਕੀਤੀਆਂ ਜਾ ਰਹੀਆਂ ਹਨ।
ਟ੍ਰੈਫਿਕ ਨੂੰ ਕੰਟਰੋਲ ਕਰਨ ਲਈ 22 ਡਾਇਵਰਜ਼ਨ ਪੁਆਇੰਟ ਨਿਰਧਾਰਤ ਕੀਤੇ ਗਏ ਹਨ। ਇਸ ਤੋਂ ਇਲਾਵਾ ਦਿੱਲੀ ਦੀਆਂ 35 ਤੋਂ ਵੱਧ ਸੜਕਾਂ ‘ਤੇ ਲੋੜ ਅਨੁਸਾਰ ਆਵਾਜਾਈ ਨੂੰ ਨਿਯੰਤਰਿਤ ਜਾਂ ਡਾਇਵਰਟ ਕੀਤਾ ਜਾ ਸਕਦਾ ਹੈ। ਖਾਸ ਤੌਰ ‘ਤੇ ਕੇਂਦਰੀ ਅਤੇ ਦੱਖਣੀ ਦਿੱਲੀ ਸਮੇਤ ਨੇੜਲੇ ਇਲਾਕਿਆਂ ਵਿੱਚ VIP ਕਾਫ਼ਲਿਆਂ ਦੀ ਆਵਾਜਾਈ ਦੌਰਾਨ ਕੁਝ ਸਮੇਂ ਲਈ ਟ੍ਰੈਫਿਕ ਰੋਕਿਆ ਜਾ ਸਕਦਾ ਹੈ। ਪੁਲਿਸ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਸੰਮੇਲਨ ਦੌਰਾਨ ਸਫ਼ਰ ਦੀ ਯੋਜਨਾ ਪਹਿਲਾਂ ਤੋਂ ਬਣਾਉਣ ਅਤੇ ਸੰਭਵ ਹੋਵੇ ਤਾਂ ਵਿਕਲਪਿਕ ਰਸਤਿਆਂ ਜਾਂ ਜਨਤਕ ਆਵਾਜਾਈ ਦੀ ਵਰਤੋਂ ਕਰਨ। ਵਧੇਰੇ ਟ੍ਰੈਫਿਕ ਪਾਬੰਦੀਆਂ ਵਾਲੇ ਸਮੇਂ ਦੌਰਾਨ ਦਿੱਲੀ ਮੈਟਰੋ ਨੂੰ ਤਰਜੀਹ ਦੇਣ ਦੀ ਵੀ ਅਪੀਲ ਕੀਤੀ ਗਈ ਹੈ।







