ਕੈਲੀਫੋਰਨੀਆ, 3 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮਾਂ ’ਤੇ ਨਕਲੀ ਵੀਡੀਓਜ਼ ਯਾਨੀ ਡੀਪਫੇਕ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤੀਆਂ ਅਜਿਹੀਆਂ ਵੀਡੀਓਜ਼ ਅਸਲੀ ਅਤੇ ਨਕਲੀ ਵਿਚਕਾਰ ਫ਼ਰਕ ਕਰਨਾ ਮੁਸ਼ਕਲ ਬਣਾ ਰਹੀਆਂ ਹਨ। ਹੁਣ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਏਂਜਲਸ (UCLA) ਦੇ ਖੋਜਕਰਤਾਵਾਂ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਰੌਸ਼ਨੀ ਦੇ ਆਧਾਰ ’ਤੇ ਡੀਪਫੇਕ ਵੀਡੀਓਜ਼ ਦੀ ਪਛਾਣ ਕਰਨ ਵਾਲੀ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਵਿਗਿਆਨਕ ਖੋਜ ਮੁਤਾਬਕ, ਡੀਪਫੇਕ ਵੀਡੀਓਜ਼ ਦੀ ਪਛਾਣ ਕਰਨਾ ਆਮ ਲੋਕਾਂ ਲਈ ਕਾਫ਼ੀ ਔਖਾ ਹੋ ਸਕਦਾ ਹੈ। ਕਈ ਵਾਰ ਨਕਲੀ ਵੀਡੀਓਜ਼ ਵਿੱਚ ਅੱਖਾਂ ਦੀ ਹਰਕਤ, ਹੱਥਾਂ ਦੀ ਬਣਤਰ ਜਾਂ ਚਿਹਰੇ ’ਤੇ ਪੈਣ ਵਾਲੀ ਰੌਸ਼ਨੀ ਅਸਧਾਰਨ ਦਿਖਾਈ ਦਿੰਦੀ ਹੈ, ਪਰ ਆਧੁਨਿਕ ਤਕਨੀਕ ਨਾਲ ਤਿਆਰ ਕੀਤੀਆਂ ਵੀਡੀਓਜ਼ ਵਿੱਚ ਅਜਿਹੀਆਂ ਗਲਤੀਆਂ ਵੀ ਲੁਕਾ ਦਿੱਤੀਆਂ ਜਾਂਦੀਆਂ ਹਨ। ਖੋਜ ਵਿੱਚ ਸਾਹਮਣੇ ਆਇਆ ਹੈ ਕਿ ਮਨੁੱਖ ਸਿਰਫ਼ ਲਗਭਗ 50 ਫ਼ੀਸਦੀ ਮਾਮਲਿਆਂ ਵਿੱਚ ਹੀ ਡੀਪਫੇਕ ਦੀ ਸਹੀ ਪਛਾਣ ਕਰ ਸਕਦੇ ਹਨ।
ਇਸ ਨਵੀਂ ਵਿਧੀ ਵਿੱਚ ਵੀਡੀਓ ਦੇ ਅੰਦਰ ਮੌਜੂਦ ਰੌਸ਼ਨੀ ਦੇ ਪੈਟਰਨਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਖੋਜਕਰਤਾ ਇਹ ਜਾਂਚ ਕਰਦੇ ਹਨ ਕਿ ਚਿਹਰੇ ਅਤੇ ਵੀਡੀਓ ਦੇ ਹੋਰ ਹਿੱਸਿਆਂ ’ਤੇ ਪੈ ਰਹੀ ਰੌਸ਼ਨੀ ਕੁਦਰਤੀ ਅਤੇ ਇਕਸਾਰ ਹੈ ਜਾਂ ਨਹੀਂ। ਜੇਕਰ ਰੌਸ਼ਨੀ ਦੇ ਪ੍ਰਭਾਵਾਂ ਵਿੱਚ ਅਸੰਗਤਤਾ ਮਿਲਦੀ ਹੈ ਤਾਂ ਵੀਡੀਓ ਨਾਲ ਛੇੜਛਾੜ ਹੋਣ ਦਾ ਸੰਕੇਤ ਮਿਲ ਸਕਦਾ ਹੈ। Nature Communications ਵਿੱਚ ਪ੍ਰਕਾਸ਼ਿਤ ਖੋਜ ਅਨੁਸਾਰ, ਪ੍ਰਯੋਗਸ਼ਾਲਾ ਵਿੱਚ ਕੀਤੇ ਗਏ ਟੈਸਟਾਂ ਦੌਰਾਨ ਇਸ ਤਕਨੀਕ ਨੇ ਹੇਰਾਫੇਰੀ ਕਰਕੇ ਤਿਆਰ ਕੀਤੀਆਂ ਵੀਡੀਓਜ਼ ਦੀ ਪਛਾਣ ਕਰਨ ਵਿੱਚ ਬੇਹੱਦ ਵਧੀਆ ਨਤੀਜੇ ਦਿਖਾਏ ਅਤੇ ਬਹੁਤ ਘੱਟ ਮਾਮਲਿਆਂ ਵਿੱਚ ਨਕਲੀ ਵੀਡੀਓ ਪਛਾਣਨ ਤੋਂ ਖੁੰਝੀ। ਮੰਨਿਆ ਜਾ ਰਿਹਾ ਹੈ ਕਿ ਇਹ ਤਕਨੀਕ ਭਵਿੱਖ ਵਿੱਚ ਆਨਲਾਈਨ ਗਲਤ ਜਾਣਕਾਰੀ, ਨਕਲੀ ਵੀਡੀਓਜ਼ ਅਤੇ ਡਿਜੀਟਲ ਧੋਖਾਧੜੀ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਖ਼ਾਸ ਕਰਕੇ ਪੱਤਰਕਾਰੀ, ਸੋਸ਼ਲ ਮੀਡੀਆ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਇਸ ਦੀ ਵਰਤੋਂ ਲਾਭਦਾਇਕ ਸਾਬਤ ਹੋ ਸਕਦੀ ਹੈ।






