ਪੰਜਾਬ: 20 ਅਗਸਤ 2026 (ਗੁਰਮੀਤ ਸਿੰਘ ਤੁੰਗ): ਅੱਜ ਦੇ ਦਿਨ 1985 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ, ਜਿਨ੍ਹਾਂ ਨੂੰ ਆਮ ਤੌਰ ’ਤੇ ਸੰਤ ਲੌਂਗੋਵਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੀ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਹੱਤਿਆ ਲੀਲ ਪਿੰਡ ਨਾਲ ਸਬੰਧਤ ਹਰਮਿੰਦਰ ਸਿੰਘ (ਕੁਝ ਸਰੋਤਾਂ ਵਿੱਚ ਹਲਵਿੰਦਰ ਸਿੰਘ) ਅਤੇ ਗਿਆਨ ਸਿੰਘ ਵੱਲੋਂ ਕੀਤੇ ਜਾਣ ਦਾ ਜ਼ਿਕਰ ਮਿਲਦਾ ਹੈ। ਇਤਿਹਾਸਕ ਤੌਰ ’ਤੇ ਇਹ ਵੀ ਦਰਜ ਹੈ ਕਿ ਸੰਤ ਲੌਂਗੋਵਾਲ 1980 ਵਿੱਚ ਅਕਾਲੀ ਦਲ ਦੇ ਪ੍ਰਧਾਨ ਬਣੇ ਸਨ।
ਸੰਤ ਲੌਂਗੋਵਾਲ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਸਮੇਤ ਹੋਰ ਅਕਾਲੀ ਆਗੂਆਂ ਨਾਲ ਮਿਲ ਕੇ ਧਰਮ ਯੁੱਧ ਮੋਰਚੇ ਦੀ ਅਗਵਾਈ ਕੀਤੀ। ਇਸ ਮੋਰਚੇ ਦਾ ਮੁੱਖ ਕੇਂਦਰ ਸਿੱਖ ਹੱਕਾਂ ਅਤੇ ਅਨੰਦਪੁਰ ਸਾਹਿਬ ਮਤੇ ਨੂੰ ਲਾਗੂ ਕਰਵਾਉਣ ਦੀਆਂ ਮੰਗਾਂ ਸਨ।
1984 ਦੇ ਘਟਨਾਕ੍ਰਮ ਦੌਰਾਨ ਸੰਤ ਲੌਂਗੋਵਾਲ: ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਭਾਰਤੀ ਫ਼ੌਜ ਦੀ ਕਾਰਵਾਈ ਅਤੇ ਉਸ ਤੋਂ ਬਾਅਦ ਵਾਪਰੇ ਦੁਖਦਾਈ ਘਟਨਾਕ੍ਰਮ ਨੇ ਪੰਜਾਬ ਅਤੇ ਸਿੱਖ ਇਤਿਹਾਸ ’ਤੇ ਡੂੰਘਾ ਪ੍ਰਭਾਵ ਛੱਡਿਆ। ਇਸ ਦੌਰਾਨ ਸੰਤ ਲੌਂਗੋਵਾਲ ਨੇ ਫ਼ੌਜੀ ਟਕਰਾਅ ਵਿੱਚ ਹਿੱਸਾ ਨਹੀਂ ਲਿਆ। ਹੋਰ ਸੀਨੀਅਰ ਅਕਾਲੀ ਆਗੂਆਂ ਸਮੇਤ ਉਨ੍ਹਾਂ ਨੂੰ ਭਾਰਤੀ ਫ਼ੌਜ ਵੱਲੋਂ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ।
ਇਸ ਤੋਂ ਬਾਅਦ ਪੰਜਾਬ ਦੇ ਸਿਆਸੀ ਹਾਲਾਤ ਬਦਲਦੇ ਗਏ ਅਤੇ ਸੰਤ ਲੌਂਗੋਵਾਲ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਰਾਹ ਅਪਣਾਇਆ।
23 ਜੁਲਾਈ 1985 ਨੂੰ ਦੋਵਾਂ ਧਿਰਾਂ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚਾਲੇ ਪੰਜਾਬ ਸਮਝੌਤਾ ਹੋਇਆ, ਜਿਸ ਵਿੱਚ ਪੰਜਾਬ ਦੇ ਲੰਬੇ ਸਮੇਂ ਤੋਂ ਚੱਲ ਰਹੇ ਕਈ ਸਿਆਸੀ ਅਤੇ ਪ੍ਰਸ਼ਾਸਨਿਕ ਮੁੱਦਿਆਂ ਨੂੰ ਹੱਲ ਕਰਨ ਲਈ 11 ਨੁਕਤਿਆਂ ’ਤੇ ਸਹਿਮਤੀ ਬਣੀ। ਇਸ ਸਮਝੌਤੇ ਨੂੰ ਬਾਅਦ ਵਿੱਚ ਰਾਜੀਵ-ਲੌਂਗੋਵਾਲ ਸਮਝੌਤਾ ਜਾਂ ਪੰਜਾਬ ਅਕਾਰਡ ਦੇ ਨਾਮ ਨਾਲ ਜਾਣਿਆ ਗਿਆ।
ਹਾਲਾਂਕਿ, ਸਮਝੌਤੇ ਨੂੰ ਲੈ ਕੇ ਸਿੱਖ ਭਾਈਚਾਰੇ ਅਤੇ ਅਕਾਲੀ ਦਲ ਦੇ ਅੰਦਰ ਵੀ ਤਿੱਖੇ ਮਤਭੇਦ ਸਾਹਮਣੇ ਆਏ। ਡਾ. ਹਰਜਿੰਦਰ ਸਿੰਘ ਦਿਲਗੀਰ ਸਮੇਤ ਕੁਝ ਆਲੋਚਕਾਂ ਨੇ ਇਸ ਸਮਝੌਤੇ ਨੂੰ ਸਿੱਖ ਆਗੂਆਂ ਵੱਲੋਂ ਕੀਤਾ ਗਿਆ ਬਹੁਤ ਹੀ ਨਿਰਾਸ਼ਾਜਨਕ ਅਤੇ ਪੰਥਕ ਹਿੱਤਾਂ ਦੇ ਉਲਟ ਸਮਝੌਤਾ ਕਰਾਰ ਦਿੱਤਾ। ਉਨ੍ਹਾਂ ਦਾ ਦਾਅਵਾ ਸੀ ਕਿ ਸਿੱਖਾਂ ਦੀਆਂ ਮੁੱਖ ਮੰਗਾਂ ਨੂੰ ਇਸ ਵਿੱਚ ਉਮੀਦ ਅਨੁਸਾਰ ਸਵੀਕਾਰ ਨਹੀਂ ਕੀਤਾ ਗਿਆ। ਕੁਝ ਲਿਖਤਾਂ ਵਿੱਚ ਪ੍ਰੋ. ਅਤਰ ਸਿੰਘ ਅਤੇ ਪ੍ਰਿਥੀਪਾਲ ਸਿੰਘ ਕਪੂਰ ਸਮੇਤ ਕੁਝ ਵਿਅਕਤੀਆਂ ਨੂੰ ਸੰਤ ਲੌਂਗੋਵਾਲ ਨੂੰ ਸਮਝੌਤੇ ਲਈ ਪ੍ਰੇਰਿਤ ਕਰਨ ਵਾਲਿਆਂ ਵਿੱਚ ਗਿਣਿਆ ਗਿਆ ਹੈ।
video:
ਸਮਝੌਤੇ ਤੋਂ ਇੱਕ ਮਹੀਨੇ ਦੇ ਅੰਦਰ ਹੀ ਸੰਤ ਲੌਂਗੋਵਾਲ ਦੀ ਹੱਤਿਆ: ਰਾਜੀਵ-ਲੌਂਗੋਵਾਲ ਸਮਝੌਤੇ ’ਤੇ ਦਸਤਖ਼ਤ ਹੋਣ ਤੋਂ ਇੱਕ ਮਹੀਨਾ ਵੀ ਪੂਰਾ ਨਹੀਂ ਹੋਇਆ ਸੀ ਕਿ 20 ਅਗਸਤ 1985 ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਹੱਤਿਆ ਕਰ ਦਿੱਤੀ ਗਈ।
ਉਨ੍ਹਾਂ ਨੂੰ ਪੰਜਾਬ ਦੇ ਲੌਂਗੋਵਾਲ ਨੇੜੇ ਪਿੰਡ ਸ਼ੇਰਪੁਰ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ ਗੋਲੀ ਮਾਰ ਦਿੱਤੀ ਗਈ। ਸੰਤ ਲੌਂਗੋਵਾਲ ਦੀ ਮੌਤ ਨੇ ਪੰਜਾਬ ਦੀ ਸਿਆਸਤ ਅਤੇ ਅਕਾਲੀ ਦਲ ਦੇ ਭਵਿੱਖ ’ਤੇ ਡੂੰਘਾ ਪ੍ਰਭਾਵ ਪਾਇਆ।
ਰਾਜੀਵ-ਲੌਂਗੋਵਾਲ ਸਮਝੌਤੇ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਅਤੇ ਦੁਖਦਾਈ ਘਟਨਾਕ੍ਰਮਾਂ ਵਿੱਚੋਂ ਇੱਕ ਬਣ ਗਈ। ਸਮਝੌਤੇ ਦੀਆਂ ਧਾਰਾਵਾਂ ਨੂੰ ਲਾਗੂ ਕਰਨ ਅਤੇ ਪੰਜਾਬ ਦੇ ਸਿਆਸੀ ਮਸਲਿਆਂ ਦੇ ਹੱਲ ਨੂੰ ਲੈ ਕੇ ਅਗਲੇ ਦਹਾਕਿਆਂ ਤੱਕ ਵੀ ਚਰਚਾ ਜਾਰੀ ਰਹੀ।
