ਵਾਰਾਣਸੀ, 10 ਅਗਸਤ 2026 ( ਜਗਦੇਵ ਰੰਚਨਾ) : ਪਵਿੱਤਰ ਸਾਵਣ ਮਹੀਨੇ ਦੇ ਦੂਜੇ ਸੋਮਵਾਰ ਮੌਕੇ ਦੇਸ਼ ਭਰ ਦੇ ਸ਼ਿਵ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸਵੇਰ ਤੋਂ ਹੀ ਮੰਦਰਾਂ ਵਿੱਚ ‘ਹਰ ਹਰ ਮਹਾਦੇਵ’ ਅਤੇ ‘ਓਮ ਨਮਹ ਸ਼ਿਵਾਏ’ ਦੇ ਜੈਕਾਰੇ ਗੂੰਜਦੇ ਰਹੇ ਅਤੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੀ ਪੂਜਾ ਕਰਕੇ ਆਸ਼ੀਰਵਾਦ ਲਿਆ। ਵਾਰਾਣਸੀ ਦੇ ਸ੍ਰੀ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਭਗਤ ਦਰਸ਼ਨਾਂ ਲਈ ਪਹੁੰਚੇ। ਇੱਥੇ ਵਿਸ਼ੇਸ਼ ਪੂਜਾ ਅਤੇ ਮੰਗਲਾ ਆਰਤੀ ਕੀਤੀ ਗਈ। ਮੰਦਰ ਟਰੱਸਟ ਦੇ CEO ਵਿਸ਼ਵ ਭੂਸ਼ਣ ਮਿਸ਼ਰਾ ਨੇ ਵੀ ਸ਼ਰਧਾਲੂਆਂ ‘ਤੇ ਫੁੱਲਾਂ ਦੀ ਵਰਖਾ ਕੀਤੀ। ਅਯੋਧਿਆ, ਪ੍ਰਯਾਗਰਾਜ ਅਤੇ ਕਾਨਪੁਰ ਦੇ ਸ਼ਿਵ ਮੰਦਰਾਂ ਵਿੱਚ ਵੀ ਸਵੇਰ ਤੋਂ ਹੀ ਭਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਪ੍ਰਯਾਗਰਾਜ ਦੇ ਮਨਕਾਮੇਸ਼ਵਰ ਮੰਦਰ ਅਤੇ ਕਾਨਪੁਰ ਦੇ ਨਾਗੇਸ਼ਵਰ ਬਾਬਾ ਮੰਦਰ ਵਿੱਚ ਸ਼ਰਧਾਲੂਆਂ ਨੇ ਜਲ ਅਭਿਸ਼ੇਕ ਕਰਕੇ ਪੂਜਾ ਅਰਚਨਾ ਕੀਤੀ।
ਹਾਪੁੜ ਦੇ ਸਿੱਧ ਪੀਠ ਸਾਬਲੀ ਮਹਾਦੇਵ ਮੰਦਰ ਵਿੱਚ ਵੀ ਭਗਤਾਂ ਨੇ ਭੋਲੇਨਾਥ ਦਾ ਜਲ ਅਭਿਸ਼ੇਕ ਕੀਤਾ। ਇਸੇ ਤਰ੍ਹਾਂ ਦੇਹਰਾਦੂਨ ਦੇ ਇਤਿਹਾਸਕ ਟਪਕੇਸ਼ਵਰ ਮਹਾਦੇਵ ਮੰਦਰ, ਹਰਿਦੁਆਰ ਦੇ ਦਕਸ਼ੇਸ਼ਵਰ ਮਹਾਦੇਵ ਮੰਦਰ, ਮੁੰਬਈ ਦੇ ਬਾਬੁਲਨਾਥ ਮੰਦਰ ਅਤੇ ਗੁਵਾਹਾਟੀ ਦੇ ਸ਼ੁਕਰੇਸ਼ਵਰ ਮੰਦਰ ਵਿੱਚ ਵੀ ਸ਼ਰਧਾਲੂਆਂ ਨੇ ਵਿਸ਼ੇਸ਼ ਪੂਜਾ ਕੀਤੀ। ਝਾਰਖੰਡ ਦੇ ਬਾਬਾ ਬੈਦਿਆਨਾਥ ਧਾਮ, ਦੇਵਘਰ ਵਿੱਚ ਵੀ ਕਾਂਵੜੀਆਂ ਅਤੇ ਸ਼ਰਧਾਲੂਆਂ ਦਾ ਵੱਡਾ ਇਕੱਠ ਹੋਇਆ। ਭਗਤਾਂ ਨੇ ਗੰਗਾਜਲ ਚੜ੍ਹਾ ਕੇ ਬਾਬਾ ਬੈਦਿਆਨਾਥ ਦਾ ਆਸ਼ੀਰਵਾਦ ਲਿਆ। ਵੱਡੀ ਭੀੜ ਨੂੰ ਦੇਖਦਿਆਂ ਦੇਵਘਰ ਪ੍ਰਸ਼ਾਸਨ ਵੱਲੋਂ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਗਏ। ਭੀੜ ਨੂੰ ਨਿਯੰਤਰਿਤ ਕਰਨ ਲਈ ਪੰਜ ਲੱਖ ਲੋਕਾਂ ਦੀ ਸਮਰੱਥਾ ਵਾਲੇ ਹੋਲਡਿੰਗ ਪੁਆਇੰਟ ਬਣਾਏ ਗਏ ਅਤੇ ਵਾਧੂ ਪੁਲਿਸ ਬਲ ਤੇ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ।
ਹਿੰਦੂ ਧਰਮ ਵਿੱਚ ਸਾਵਣ ਮਹੀਨੇ ਨੂੰ ਭਗਵਾਨ ਸ਼ਿਵ ਦੀ ਭਗਤੀ ਲਈ ਵਿਸ਼ੇਸ਼ ਮਹੱਤਵ ਪ੍ਰਾਪਤ ਹੈ। ਇਸ ਦੌਰਾਨ ਸ਼ਰਧਾਲੂ ਸੋਮਵਾਰ ਦਾ ਵਰਤ ਰੱਖਦੇ ਹਨ ਅਤੇ ਸ਼ਿਵਲਿੰਗ ‘ਤੇ ਜਲ, ਦੁੱਧ ਅਤੇ ਗੰਗਾਜਲ ਚੜ੍ਹਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਸਾਵਣ ਦੇ ਸੋਮਵਾਰ ਦਾ ਵਰਤ ਸ਼ਾਂਤੀ, ਖੁਸ਼ਹਾਲੀ ਅਤੇ ਮਨੋਕਾਮਨਾਵਾਂ ਦੀ ਪੂਰਤੀ ਲਈ ਸ਼ੁਭ ਹੁੰਦਾ ਹੈ। ਇਸ ਸਾਲ ਸਾਵਣ ਮਹੀਨਾ 30 ਜੁਲਾਈ ਤੋਂ ਸ਼ੁਰੂ ਹੋ ਕੇ 28 ਅਗਸਤ ਤੱਕ ਚੱਲੇਗਾ। ਇਸ ਦੌਰਾਨ ਕਾਂਵੜ ਯਾਤਰਾ ਵੀ ਜਾਰੀ ਹੈ, ਜਿਸ ਵਿੱਚ ਕਾਂਵੜੀਏ ਗੰਗਾ ਤੋਂ ਪਵਿੱਤਰ ਜਲ ਲੈ ਕੇ ਵੱਖ-ਵੱਖ ਸ਼ਿਵ ਮੰਦਰਾਂ ਵਿੱਚ ਸ਼ਿਵਲਿੰਗ ‘ਤੇ ਅਰਪਿਤ ਕਰਦੇ ਹਨ।
