Home ਪਟਿਆਲਾ ਅਪਡੇਟ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੀ ਸਖ਼ਤੀ: ਭੁਪਿੰਦਰਾ ਰੋਡ...

ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੀ ਸਖ਼ਤੀ: ਭੁਪਿੰਦਰਾ ਰੋਡ ਤੋਂ ਹਟਵਾਈਆਂ ਰੇੜ੍ਹੀਆਂ

Corporation Commissioner Pooja Syal Grewal orders action against illegal encroachments, with pushcarts removed from Bhupindra Road.

0

ਪਟਿਆਲਾ, 22 ਅਗਸਤ, 2026 (ਦੀਪਕ ਦੱਤਾ) : ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਅਤੇ ਨਾਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦੇ ਹੱਲ ਲਈ ਨਗਰ ਨਿਗਮ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੇ ਸਖ਼ਤ ਆਦੇਸ਼ਾਂ ਤਹਿਤ ਨਿਗਮ ਦੀ ਲੈਂਡ ਬ੍ਰਾਂਚ ਇੰਸਪੈਕਟਰ ਵਿਸ਼ਾਲ ਵਰਮਾ ਅਤੇ ਇੰਸਪੈਕਟਰ ਰੇਸ਼ਵ ਗੁਪਤਾ ਹੈਲਥ ਸ਼ਾਖਾ ਵੱਲੋਂ ਨਿਗਮ ਟੀਮ ਅਤੇ ਪੁਲਿਸ ਟੀਮ ਨਾਲ ਸਾਂਝੀ ਮੁਹਿੰਮ ਚਲਾਉਂਦਿਆਂ ਸ਼ਹਿਰ ਦੇ ਪ੍ਰਮੁੱਖ ਭੁਪਿੰਦਰਾ ਰੋਡ ਤੋਂ ਸੜਕ ਕਿਨਾਰੇ ਲੱਗੀਆਂ ਨਾਜਾਇਜ਼ ਰੇੜ੍ਹੀਆਂ ਅਤੇ ਆਰਜ਼ੀ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ, ਤਾਂ ਜੋ ਆਮ ਨਾਗਰਿਕਾਂ ਅਤੇ ਵਾਹਨ ਚਾਲਕਾਂ ਨੂੰ ਲੰਘਣ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ। ਦੱਸਣਯੋਗ ਹੈ ਕਿ ਇੰਸਪੈਕਟਰ ਹੈਲਥ ਸ਼ਾਖਾ ਵਲੋਂ ਸਫਾਈ ਨਾ ਰੱਖਣ ਵਾਲੇ ਕਈ ਰੇਹੜੀ ਚਾਲਕਾਂ ਦੇ ਚਲਾਨ ਵੀ ਕੱਟੇ ਗਏ.

ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਮੁੱਖ ਮਾਰਗਾਂ, ਫੁੱਟਪਾਥਾਂ ਅਤੇ ਬਜ਼ਾਰਾਂ ਵਿੱਚ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਹੋਣ ਵਾਲੀ ਖੱਜਲ-ਖ਼ੁਆਰੀ ਅਤੇ ਜਾਮ ਦੀ ਸਮੱਸਿਆ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ‘ਤੇ ਬਿਨਾਂ ਮਨਜ਼ੂਰੀ ਰੇੜ੍ਹੀਆਂ ਜਾਂ ਦੁਕਾਨਾਂ ਦਾ ਸਮਾਨ ਬਾਹਰ ਰੱਖਣ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸਮਾਨ ਵੀ ਜ਼ਬਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਸਾਫ਼-ਸੁਥਰਾ, ਸੁਰੱਖਿਅਤ ਅਤੇ ਖੁੱਲ੍ਹਾ-ਡੁੱਲ੍ਹਾ ਰੱਖਣ ਲਈ ਨਿਗਮ ਦੀਆਂ ਟੀਮਾਂ ਵੱਲੋਂ ਭਵਿੱਖ ਵਿੱਚ ਵੀ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਅਤੇ ਸੰਵੇਦਨਸ਼ੀਲ ਮਾਰਗਾਂ ‘ਤੇ ਅਜਿਹੀਆਂ ਸਾਂਝੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ। ਕਮਿਸ਼ਨਰ ਨੇ ਸਮੂਹ ਦੁਕਾਨਦਾਰਾਂ ਅਤੇ ਰੇੜ੍ਹੀ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ‘ਤੇ ਨਾਜਾਇਜ਼ ਕਬਜ਼ੇ ਨਾ ਕਰਨ ਅਤੇ ਨਿਗਮ ਵੱਲੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ।

Exit mobile version