ਮੁੰਬਈ, 15 ਨਵੰਬਰ, 2026 (ਸ਼ਹੀਦ-ਏ-ਆਜ਼ਮ ਬਿਊਰੋ): ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਮਸ਼ਹੂਰ ਬੰਗਲੇ ‘ਜਲਸਾ’ ਦੀ ਮਾਲਕੀ ਨੂੰ ਲੈ ਕੇ ਪਰਿਵਾਰਕ ਵਿਵਾਦ ਸਾਹਮਣੇ ਆਇਆ ਹੈ। ਅਮਿਤਾਭ ਬੱਚਨ ਦੇ ਛੋਟੇ ਭਰਾ ਅਜਿਤਾਭ ਬੱਚਨ ਦੀ ਪਤਨੀ ਰਮੋਲਾ ਨੇ ਇਸ ਜਾਇਦਾਦ ਦੀ ਮਾਲਕੀ ਨੂੰ ਚੁਣੌਤੀ ਦਿੰਦਿਆਂ ਅੰਧੇਰੀ ਸਥਿਤ ਡਿਪਟੀ ਰਜਿਸਟਰਾਰ, ਕੋ-ਆਪਰੇਟਿਵ ਸੋਸਾਇਟੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਰਮੋਲਾ ਨੇ ਸਾਲ 1993 ਵਿੱਚ ਕੀਤੀ ਗਈ ਉਸ ਗਿਫਟ ਡੀਡ (ਤੋਹਫ਼ਾ ਦਸਤਾਵੇਜ਼) ‘ਤੇ ਸਵਾਲ ਚੁੱਕੇ ਹਨ, ਜਿਸ ਰਾਹੀਂ ਇਹ ਜਾਇਦਾਦ ਅਮਿਤਾਭ ਬੱਚਨ ਦੀ ਪਤਨੀ ਜਯਾ ਬੱਚਨ ਦੇ ਨਾਮ ਤਬਦੀਲ ਕੀਤੀ ਗਈ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਜਾਇਦਾਦ ਦਾ ਤਬਾਦਲਾ ਉਨ੍ਹਾਂ ਦੀ ਸਹਿਮਤੀ ਅਤੇ ਜਾਣਕਾਰੀ ਤੋਂ ਬਿਨਾਂ ਕੀਤਾ ਗਿਆ ਸੀ। ਇਸ ਮਾਮਲੇ ਤੋਂ ਬਾਅਦ ਬੱਚਨ ਪਰਿਵਾਰ ਦੇ ਚਰਚਿਤ ਬੰਗਲੇ ‘ਜਲਸਾ’ ਦੀ ਮਾਲਕੀ ਨੂੰ ਲੈ ਕੇ ਨਵੀਂ ਕਾਨੂੰਨੀ ਚਰਚਾ ਸ਼ੁਰੂ ਹੋ ਗਈ ਹੈ।
