Home ਪੰਜਾਬ ਗੁਰਦੁਆਰਾ ਗੋਬਿੰਦਪੁਰਾ ਸਾਹਿਬ ਕੋਕੋਮਾਜਰੀ ਵਿਖੇ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ...

ਗੁਰਦੁਆਰਾ ਗੋਬਿੰਦਪੁਰਾ ਸਾਹਿਬ ਕੋਕੋਮਾਜਰੀ ਵਿਖੇ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਦਾ ਕੰਮ ਹੋਇਆ ਸ਼ੁਰੂ

New Darbar Sahib Construction Begins at Gurdwara Gobindpura Sahib

0
ਸੁਨਾਮ, 1 ਸਤੰਬਰ, 2026 (ਰਾਜੇਸ਼ ਕੁਮਾਰ) : ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਗੁਰਦੁਆਰਾ ਗੋਬਿੰਦਪੁਰਾ ਸਾਹਿਬ ਕੋਕੋਮਾਜਰੀ ਵਿਖੇ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜ ਸਿੰਘ ਸਾਹਿਬਾਨ ਵੱਲੋਂ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਦਾ ਕਾਰਜ ਸ਼ੁਰੂ ਕਰਵਾਇਆ ਗਿਆ, ਜਿਸ ਵਿੱਚ ਸੰਗਤ ਨੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਹਿੱਸਾ ਲਿਆ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਦਾ ਦਿਨ ਇਲਾਕੇ ਦੀ ਸਮੁੱਚੀ ਸੰਗਤ ਅਤੇ ਗੁਰਦੁਆਰਾ ਕਮੇਟੀ ਲਈ ਬੇਹੱਦ ਭਾਗਾਂ ਵਾਲਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਗੋਬਿੰਦਪੁਰਾ ਸਾਹਿਬ ਕੋਕੋਮਾਜਰੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਪਵਿੱਤਰ ਗੁਰੂ ਘਰ ਹੈ ਅਤੇ ਇਸ ਮੁਕੱਦਸ ਅਸਥਾਨ ’ਤੇ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਦਾ ਕਾਰਜ ਸ਼ੁਰੂ ਹੋਣਾ ਸਮੁੱਚੀ ਸੰਗਤ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।
 ਸ੍ਰੀ ਅਮਨ ਅਰੋੜਾ ਨੇ ਸਮੁੱਚੀ ਸੰਗਤ ਨੂੰ ਇਸ ਪਵਿੱਤਰ ਕਾਰਜ ਦੀ ਸ਼ੁਰੂਆਤ ਲਈ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਇਹ ਪਵਿੱਤਰ ਕਾਰਜ ਸੰਗਤ ਦੇ ਸਹਿਯੋਗ ਅਤੇ ਗੁਰੂ ਸਾਹਿਬ ਦੀ ਮਿਹਰ ਨਾਲ ਸੁਚੱਜੇ ਢੰਗ ਨਾਲ ਅਤੇ ਸਮੇਂ ਸਿਰ ਮੁਕੰਮਲ ਹੋਵੇ ਅਤੇ ਸਮੁੱਚੀ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁੱਡ ਗਵਰਨੈਂਸ ਵੱਲ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਅੱਜ 102 ਨਵੀਆਂ ਸਰਕਾਰੀ ਸੇਵਾਵਾਂ ਦਾ ਆਨਲਾਈਨ ਪੋਰਟਲ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਘਰ ਬੈਠਿਆਂ ਆਪਣੇ ਮੋਬਾਈਲ ਫੋਨ ਰਾਹੀਂ ਪ੍ਰਾਪਤ ਕਰਨ ਦੀ ਸਹੂਲਤ ਮਿਲੇਗੀ।
ਉਨ੍ਹਾਂ ਕਿਹਾ ਕਿ ਪੈਨਸ਼ਨ, ਮਾਲ ਵਿਭਾਗ, ਟਰਾਂਸਪੋਰਟ ਅਤੇ ਹੋਰ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਾਰ-ਵਾਰ ਚੱਕਰ ਲਗਾਉਣ ਦੀ ਲੋੜ ਨਹੀਂ ਰਹੇਗੀ। ਆਨਲਾਈਨ ਪ੍ਰਣਾਲੀ ਨਾਲ ਲੋਕ ਆਪਣੀ ਅਰਜ਼ੀ ਦੀ ਸਥਿਤੀ ਨੂੰ ਘਰ ਬੈਠਿਆਂ ਹੀ ਟਰੈਕ ਕਰ ਸਕਣਗੇ ਅਤੇ ਇਹ ਵੀ ਪਤਾ ਲਗਾ ਸਕਣਗੇ ਕਿ ਉਨ੍ਹਾਂ ਦੀ ਅਰਜ਼ੀ ਕਿਸ ਅਧਿਕਾਰੀ ਕੋਲ ਹੈ। ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਪ੍ਰਣਾਲੀ ਵਿੱਚ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ। ਨਿਰਧਾਰਤ ਸਮੇਂ ਅੰਦਰ ਸੇਵਾ ਨਾ ਮਿਲਣ ਦੀ ਸੂਰਤ ਵਿੱਚ ਅਰਜ਼ੀ ਆਪਣੇ ਆਪ ਉੱਚ ਅਧਿਕਾਰੀ ਕੋਲ ਐਸਕਲੇਟ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਸੇਵਾਵਾਂ ਦੀ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕਾਂ ਦੀ ਖੱਜਲ-ਖੁਆਰੀ ਵੀ ਘਟੇਗੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰ ਸਾਹਿਬਾਨ ਸ਼ਹਿਰ ਦੇ ਪਤਵੰਤੇ ਸੱਜਣ ਤੇ ਭਾਰੀ ਸੰਖਿਆ ਵਿੱਚ ਸੰਗਤ ਹਾਜ਼ਰ ਸੀ।

Exit mobile version