ਮੌਜੂਦਾ ਸਰਕਾਰ ਦੀਆਂ ਨੀਤੀਆਂ ‘ਤੇ ਸਾਧਿਆ ਨਿਸ਼ਾਨਾ, ਲੋਕਾਂ ਦੇ ਮੁੱਦੇ ਉਠਾ ਕੇ ਬਦਲਾਅ ਦਾ ਦਿੱਤਾ ਸੱਦਾ
ਪਟਿਆਲਾ, 30 ਜੂਨ: (ਬਲਜੀਤ ਸਰਨਾ): ਪਟਿਆਲਾ ਵਿੱਚ ਜ਼ਿਲ੍ਹਾ ਕਾਂਗਰਸ ਵੱਲੋਂ ਸੋਮਵਾਰ ਨੂੰ ‘ਵਰਕਰ ਏਕਤਾ ਮਾਰਚ’ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਮਾਰਚ ਦਾ ਮਕਸਦ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਬਣਾਉਣਾ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੰਗਠਨ ਨੂੰ ਸਰਗਰਮ ਕਰਨਾ ਦੱਸਿਆ ਗਿਆ।
ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਾਰਟੀ ਦੇ ਵਰਕਰ ਪੂਰੇ ਉਤਸ਼ਾਹ ਨਾਲ ਲੋਕਾਂ ਵਿੱਚ ਜਾ ਕੇ ਕਾਂਗਰਸ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਵਰਕਰ ਹੀ ਪਾਰਟੀ ਦੀ ਅਸਲ ਤਾਕਤ ਹਨ ਅਤੇ ਉਨ੍ਹਾਂ ਦੀ ਏਕਤਾ ਹੀ ਭਵਿੱਖ ਦੀ ਸਫ਼ਲਤਾ ਦਾ ਆਧਾਰ ਬਣੇਗੀ।
ਮਾਰਚ ਦੌਰਾਨ ਕਾਂਗਰਸ ਆਗੂਆਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ। ਬਿਜਲੀ ਕੱਟਾਂ, ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਕਮੀ ਅਤੇ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ।
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਦੀ ਉਡੀਕ ਕਰ ਰਹੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਆਪਣਾ ਫ਼ੈਸਲਾ ਵੋਟ ਰਾਹੀਂ ਦੇਣਗੇ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਨਿਲ ਮੌਦਗਿਲ ਸਮੇਤ ਕਈ ਹੋਰ ਆਗੂ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਰਹੇ। ਵਰਕਰਾਂ ਨੇ ਪਾਰਟੀ ਦੀ ਏਕਤਾ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਦਾ ਸੰਕਲਪ ਵੀ ਦੁਹਰਾਇਆ।








