ਨਵੀਂ ਦਿੱਲੀ, 31 ਜੁਲਾਈ, 2026 (ਹਰਸ਼ਲੀਨ ਸਿੰਘ) : ਪ੍ਰਸਿੱਧ ਏਆਈ ਚੈਟਬੋਟ ਕਲੌਡ (Claude) ਦੀ ਵਰਤੋਂ ਕਰਨ ਵਾਲੇ ਕੁਝ ਯੂਜ਼ਰਾਂ ਵਿੱਚ ਗੋਪਨੀਯਤਾ ਨੂੰ ਲੈ ਕੇ ਚਿੰਤਾ ਵਧ ਗਈ ਹੈ। ਰਿਪੋਰਟਾਂ ਮੁਤਾਬਕ ਕੁਝ ਚੈਟਾਂ ਸਰਚ ਇੰਜਨਾਂ ਰਾਹੀਂ ਖੋਜੀਆਂ ਜਾ ਸਕਦੀਆਂ ਸਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਮੁੱਦੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕੁਝ ਯੂਜ਼ਰਾਂ ਨੇ ਸਰਚ ਇੰਜਨਾਂ ‘ਤੇ ਖਾਸ ਖੋਜ ਸ਼ਬਦਾਂ ਦੀ ਵਰਤੋਂ ਕਰਕੇ ਸਾਂਝੀਆਂ ਕੀਤੀਆਂ ਗੱਲਬਾਤਾਂ ਨੂੰ ਦੇਖਣ ਦਾ ਦਾਅਵਾ ਕੀਤਾ। ਇਸ ਤੋਂ ਬਾਅਦ ਡਾਟਾ ਗੋਪਨੀਯਤਾ ਅਤੇ ਆਨਲਾਈਨ ਸੁਰੱਖਿਆ ਬਾਰੇ ਸਵਾਲ ਉੱਠਣ ਲੱਗੇ।
ਮਾਹਿਰਾਂ ਅਨੁਸਾਰ ਕਲੌਡ ਵਿੱਚ ਇੱਕ ਐਸੀ ਸੁਵਿਧਾ ਮੌਜੂਦ ਹੈ ਜਿਸ ਰਾਹੀਂ ਯੂਜ਼ਰ ਆਪਣੀਆਂ ਚੈਟਾਂ ਦੇ ਜਨਤਕ ਲਿੰਕ ਬਣਾ ਕੇ ਹੋਰਾਂ ਨਾਲ ਸਾਂਝੇ ਕਰ ਸਕਦੇ ਹਨ। ਅਜਿਹੇ ਲਿੰਕ ਵਾਲੀਆਂ ਗੱਲਬਾਤਾਂ ਨੂੰ ਇੰਟਰਨੈੱਟ ‘ਤੇ ਐਕਸੈਸ ਕੀਤਾ ਜਾ ਸਕਦਾ ਹੈ, ਜਿਸ ਕਾਰਨ ਕੁਝ ਚੈਟਾਂ ਸਰਚ ਨਤੀਜਿਆਂ ਵਿੱਚ ਵੀ ਨਜ਼ਰ ਆ ਸਕਦੀਆਂ ਹਨ।ਤਕਨੀਕੀ ਮਾਹਿਰਾਂ ਨੇ ਯੂਜ਼ਰਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਏਆਈ ਪਲੇਟਫਾਰਮ ‘ਤੇ ਨਿੱਜੀ ਜਾਂ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਸਮੇਂ ਸਾਵਧਾਨੀ ਵਰਤਣ ਅਤੇ ਚੈਟ ਸ਼ੇਅਰ ਕਰਨ ਤੋਂ ਪਹਿਲਾਂ ਗੋਪਨੀਯਤਾ ਸੈਟਿੰਗਾਂ ਦੀ ਜਾਂਚ ਜ਼ਰੂਰ ਕਰਨ।






