ਪਟਿਆਲਾ, 15 ਅਕਤੂਬਰ, 2026 (ਛਤਰਪਾਲ ਸਿੰਘ) : ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਐੱਨ.ਐੱਸ.ਐੱਨ.ਆਈ.ਐੱਸ. ਵੈਲੋਡਰੋਮ, ਪਟਿਆਲਾ ਵਿਖੇ ਕਰਵਾਈ ਜਾ ਰਹੀ ਅਸਮਿਤਾ ਮਹਿਲਾ ਸਾਈਕਲਿੰਗ ਜ਼ੋਨਲ ਟਰੈਕ ਲੀਗ ਦੇ ਪਹਿਲੇ ਦਿਨ ਦੇ ਮੁਕਾਬਲੇ ਅੱਜ ਸਫ਼ਲਤਾਪੂਰਵਕ ਸੰਪੰਨ ਹੋਏ। ਦੋ ਰੋਜ਼ਾ ਲੀਗ ਦੇ ਪਹਿਲੇ ਦਿਨ ਮਹਿਲਾ ਸਾਈਕਲਿਸਟਾਂ ਨੇ ਆਪਣੀ ਰਫ਼ਤਾਰ, ਤਕਨੀਕੀ ਮੁਹਾਰਤ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਦਰਸ਼ਨ ਕਰਦਿਆਂ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਮੌਕੇ ਡਾ. ਪੁਸ਼ਪਿੰਦਰ ਸਿੰਘ ਗਿੱਲ, ਉਪ ਕੁਲਪਤੀ, ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਓਲੰਪੀਅਨ ਹਾਕੀ ਖਿਡਾਰਨ ਗੁਰਜੀਤ ਕੌਰ ਅਤੇ ਬਾਲਕਿੰਗਜ਼ ਇੰਡਸਟਰੀਜ਼ ਤੋਂ ਹਰਜੈ ਗੰਭੀਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮਹਿਮਾਨਾਂ ਨੇ ਖਿਡਾਰਨਾਂ ਦਾ ਹੌਸਲਾ ਵਧਾਇਆ ਅਤੇ ਮਹਿਲਾ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਪਹਿਲੇ ਦਿਨ ਐਲੀਟ ਮਹਿਲਾ ਵਰਗ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਹਰਸ਼ਿਤਾ ਜਾਖੜ ਨੇ ਸੋਨ ਤਮਗਾ, ਮੀਨਾਕਸ਼ੀ ਨੇ ਚਾਂਦੀ ਦਾ ਤਮਗਾ ਅਤੇ ਸਵਾਤੀ ਸਿੰਘ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸੰਯੁਕਤ ਸਕੱਤਰ ਸ਼੍ਰੀ ਨੀਰਜ ਤੰਵਰ ਨੇ ਜੇਤੂ ਖਿਡਾਰਨਾਂ ਨੂੰ ਤਮਗੇ, ਸਰਟੀਫਿਕੇਟ ਅਤੇ ਨਕਦ ਇਨਾਮ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਉਪ ਕੁਲਪਤੀ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਿਲਾਵਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਢੁੱਕਵੇਂ ਮੌਕੇ ਅਤੇ ਉਤਸ਼ਾਹ ਮਿਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ, “ਸਾਡੀਆਂ ਧੀਆਂ ਵਿੱਚ ਪ੍ਰਤਿਭਾ ਅਤੇ ਮਿਹਨਤ ਦੀ ਕੋਈ ਘਾਟ ਨਹੀਂ ਹੈ। ਲੋੜ ਉਨ੍ਹਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਲਈ ਮੰਚ ਅਤੇ ਨਿਰੰਤਰ ਸਹਿਯੋਗ ਦੇਣ ਦੀ ਹੈ। ਅਸਮਿਤਾ ਵਰਗੀਆਂ ਲੀਗਾਂ ਖਿਡਾਰਨਾਂ ਨੂੰ ਮੁਕਾਬਲਿਆਂ ਦਾ ਤਜਰਬਾ ਦੇਣ ਦੇ ਨਾਲ-ਨਾਲ ਵੱਡੇ ਟੀਚਿਆਂ ਵੱਲ ਅੱਗੇ ਵਧਣ ਦਾ ਆਤਮ-ਵਿਸ਼ਵਾਸ ਵੀ ਪ੍ਰਦਾਨ ਕਰਦੀਆਂ ਹਨ।”
ਪੁਸ਼ਪਿੰਦਰ ਸਿੰਘ ਗਿੱਲ ਨੇ ਅੱਗੇ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਸਮੇਂ ਦੀ ਕਦਰ ਅਤੇ ਮਿਹਨਤ ਕਰਨ ਦੀ ਆਦਤ ਵਿਕਸਿਤ ਕਰਦੀਆਂ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਦੀ ਖੇਡਾਂ ਵਿੱਚ ਰੁਚੀ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਖੇਡ ਸਫ਼ਰ ਵਿੱਚ ਸਹਿਯੋਗ ਦੇਣ। ਉਨ੍ਹਾਂ ਜੇਤੂਆਂ ਨੂੰ ਵਧਾਈ ਦਿੰਦਿਆਂ ਸਾਰੀਆਂ ਭਾਗੀਦਾਰ ਖਿਡਾਰਨਾਂ ਦੀ ਮਿਹਨਤ ਅਤੇ ਸਮਰਪਣ ਦੀ ਵੀ ਸ਼ਲਾਘਾ ਕੀਤੀ। ਵਿਸ਼ੇਸ਼ ਮਹਿਮਾਨ ਓਲੰਪੀਅਨ ਗੁਰਜੀਤ ਕੌਰ ਨੇ ਖਿਡਾਰਨਾਂ ਨੂੰ ਨਿਰੰਤਰ ਅਭਿਆਸ ਅਤੇ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, “ਵੱਡੀਆਂ ਪ੍ਰਾਪਤੀਆਂ ਦਾ ਆਧਾਰ ਰੋਜ਼ਾਨਾ ਦੀ ਮਿਹਨਤ, ਅਨੁਸ਼ਾਸਨ ਅਤੇ ਆਪਣੇ ਆਪ ’ਤੇ ਭਰੋਸਾ ਹੁੰਦਾ ਹੈ। ਹਰ ਮੁਕਾਬਲਾ ਖਿਡਾਰਨ ਨੂੰ ਕੁਝ ਨਵਾਂ ਸਿਖਾਉਂਦਾ ਹੈ। ਜਿੱਤ ਤੋਂ ਪ੍ਰੇਰਣਾ ਲਵੋ ਅਤੇ ਜਿੱਥੇ ਸੁਧਾਰ ਦੀ ਲੋੜ ਹੋਵੇ, ਉੱਥੇ ਹੋਰ ਮਿਹਨਤ ਕਰੋ। ਆਪਣੇ ਸੁਪਨਿਆਂ ਨੂੰ ਵੱਡਾ ਰੱਖੋ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਲਗਾਤਾਰ ਯਤਨ ਕਰਦੇ ਰਹੋ।”
ਸਨਅਤਕਾਰ ਹਰਜੈ ਗੰਭੀਰ ਨੇ ਕਿਹਾ, “ਮਹਿਲਾ ਖਿਡਾਰਨਾਂ ਨੂੰ ਅੱਗੇ ਵਧਣ ਲਈ ਮੌਕੇ ਅਤੇ ਸਹਿਯੋਗ ਪ੍ਰਦਾਨ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਅਸਮਿਤਾ ਮਹਿਲਾ ਸਾਈਕਲਿੰਗ ਲੀਗ ਵਰਗੇ ਉਪਰਾਲੇ ਉੱਭਰਦੀ ਪ੍ਰਤਿਭਾ ਨੂੰ ਮੰਚ ਦੇਣ ਦੇ ਨਾਲ-ਨਾਲ ਹੋਰ ਲੜਕੀਆਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਸਨਅਤੀ ਖੇਤਰ ਨੂੰ ਵੀ ਖੇਡਾਂ ਦੇ ਵਿਕਾਸ ਅਤੇ ਖਿਡਾਰਨਾਂ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਉਹ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।” ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਲੀਗ ਵਿੱਚ ਸਬ-ਜੂਨੀਅਰ/ਯੂਥ ਲੜਕੀਆਂ, ਜੂਨੀਅਰ ਲੜਕੀਆਂ ਅਤੇ ਐਲੀਟ ਮਹਿਲਾਵਾਂ ਦੇ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਖਿਡਾਰਨਾਂ ਨੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਹਿੱਸਾ ਲਿਆ। ਲੀਗ ਦੇ ਦੂਜੇ ਦਿਨ, 15 ਅਕਤੂਬਰ ਨੂੰ ਕੇਰਿਨ ਅਤੇ ਸਕ੍ਰੈਚ ਰੇਸ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਤੋਂ ਬਾਅਦ ਜੇਤੂਆਂ ਦਾ ਸਨਮਾਨ ਕੀਤਾ ਜਾਵੇਗਾ। ਜਗਦੀਪ ਸਿੰਘ ਕਾਹਲੋਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਨੁਮਾਇੰਦਿਆਂ, ਕੋਚਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਖੇਡ ਪ੍ਰੇਮੀਆਂ ਨੂੰ ਦੂਜੇ ਦਿਨ ਦੇ ਮੁਕਾਬਲਿਆਂ ਦੌਰਾਨ ਵੀ ਖਿਡਾਰਨਾਂ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ।
ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦੇ ਟਰੈਜਰਾਰ ਬੀਐਸ ਸੂਦਨ, ਕੌਮਾਂਤਰੀ ਸਾਈਕਲਿਸਟ ਬਖਸ਼ੀਸ਼ ਸਿੰਘ, ਕੌਮਾਂਤਰੀ ਸਾਈਕਲਿਸਟ ਅਤੇ ਸਾਈਕਲ ਐਸੋਸੀਏਸ਼ਨ ਆਫ ਪੰਜਾਬ ਦੇ ਸੰਯੁਕਤ ਸਕੱਤਰ ਸੁਖਜਿੰਦਰ ਸਿੰਘ, ਵਾਈਸ ਪ੍ਰਧਾਨ ਐਸਪੀ ਸਿੰਘ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਸੰਗਰੂਰ ਦੀ ਔਰਗਨਾਈਜ਼ਿੰਗ ਕਮੇਟੀ ਦੇ ਚੇਅਰਮੈਨ ਜਗਦੀਸ਼ ਸਿੰਘ, ਸਕੱਤਰ ਜਸਵੀਰ ਸਿੰਘ, ਸੀਨੀਅਰ ਅਹੁਦੇਦਾਰ ਕੁਲਦੀਪ ਸਿੰਘ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਮੋਹਾਲੀ ਦੀ ਔਰਗਨਾਈਜ਼ਿੰਗ ਕਮੇਟੀ ਦੇ ਚੇਅਰਪਰਸਨ ਦਮਨਪ੍ਰੀਤ ਕੌਰ, ਕੌਮਾਂਤਰੀ ਸਾਈਕਲਿਸਟ ਗੁਰਪ੍ਰੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰ, ਸਪੋਰਟਸ ਕੋਆਰਡੀਨੇਟਰ ਗੁਰਜੀਤ ਸਿੰਘ, ਐਨਐਸ ਐਨਆਈਐਸ ਦੇ ਚੀਫ ਕੋਚ ਸ਼੍ਰੀ ਜੋਗਿੰਦਰ, ਕੋਚ ਸੰਦੀਪ ਕੌਰ, ਸਪੋਰਟਸ ਪ੍ਰਮੋਟਰ ਜਗਜੀਤ ਸਿੰਘ ਸਮੇਤ ਵੱਖ-ਵੱਖ ਪ੍ਰਬੰਧਕ ਅਤੇ ਅਹੁਦੇਦਾਰ ਅਤੇ ਵੱਡੀ ਗਿਣਤੀ ਖਿਡਾਰੀ ਹਾਜ਼ਰ ਸਨ।