Homeਪੰਜਾਬਨਾਕੇ 'ਤੇ ਹੰਗਾਮਾ, ਹੁਣ ਚੌਰਾਹੇ 'ਤੇ ਜਾਗਰੂਕਤਾ

ਨਾਕੇ ‘ਤੇ ਹੰਗਾਮਾ, ਹੁਣ ਚੌਰਾਹੇ ‘ਤੇ ਜਾਗਰੂਕਤਾ

ਚੰਡੀਗੜ੍ਹ, 9 ਜੁਲਾਈ (ਜਗਦੇਵ ਰੰਚਨਾ): ਨਸ਼ੇ ਦੀ ਹਾਲਤ ਵਿੱਚ ਪੁਲਿਸ ਨਾਕੇ ‘ਤੇ ਹੰਗਾਮਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਅਦਾਲਤ ਨੇ ਅਨੋਖੀ ਸਜ਼ਾ ਸੁਣਾਈ ਹੈ। ਹੁਣ ਇਹ ਦੋਵੇਂ ਨੌਜਵਾਨ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਸੜਕਾਂ ‘ਤੇ ਲੋਕਾਂ ਨੂੰ ਸ਼ਰਾਬ ਪੀ ਕੇ ਵਾਹਨ ਨਾ ਚਲਾਉਣ ਬਾਰੇ ਜਾਗਰੂਕ ਕਰ ਰਹੇ ਹਨ।

ਮਾਮਲਾ ਸੈਕਟਰ 34-35 ਡਿਵਾਈਡਿੰਗ ਰੋਡ ‘ਤੇ ਲੱਗੇ ਪੁਲਿਸ ਨਾਕੇ ਦਾ ਹੈ, ਜਿੱਥੇ ਲੁਧਿਆਣਾ ਦੇ ਸਮਰਾਲਾ ਨਾਲ ਸਬੰਧਤ ਲਵਜੋਤ ਸਿੰਘ ਅਤੇ ਗਗਨਪ੍ਰੀਤ ਸਿੰਘ ਉੱਤੇ ਨਸ਼ੇ ਦੀ ਹਾਲਤ ਵਿੱਚ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲੱਗੇ ਸਨ। ਦੱਸਿਆ ਜਾਂਦਾ ਹੈ ਕਿ ਦੋਵਾਂ ਨੇ ਮੌਕੇ ‘ਤੇ ਕਾਫੀ ਸਮੇਂ ਤੱਕ ਹੰਗਾਮਾ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਫਾਰਚੂਨਰ ਗੱਡੀ ਕਬਜ਼ੇ ਵਿੱਚ ਲੈ ਲਈ।

ਘਟਨਾ ਦੌਰਾਨ ਪੀਸੀਆਰ ਟੀਮ ਵੀ ਮੌਕੇ ‘ਤੇ ਪਹੁੰਚੀ, ਪਰ ਦੋਵੇਂ ਨੌਜਵਾਨ ਪੁਲਿਸ ਨਾਲ ਉਲਝਦੇ ਰਹੇ। ਆਖ਼ਿਰਕਾਰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕੀਤਾ।

ਸੁਣਵਾਈ ਦੌਰਾਨ ਅਦਾਲਤ ਨੇ ਦੋਵਾਂ ‘ਤੇ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਅਤੇ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਤਿੰਨ ਮਹੀਨਿਆਂ ਲਈ ਮੁਅੱਤਲ ਕਰਨ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਅਦਾਲਤ ਨੇ ਸਮਾਜਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਜ਼ਾ ਵੀ ਸੁਣਾਈ।

ਹੁਕਮਾਂ ਅਨੁਸਾਰ ਦੋਵੇਂ ਨੌਜਵਾਨ ਚਾਰ ਦਿਨ ਤੱਕ ਹਰ ਰੋਜ਼ ਸੈਕਟਰ-16 ਸਥਿਤ ਮਟਕਾ ਚੌਕ ‘ਤੇ ਖੜ੍ਹ ਕੇ ਤਖ਼ਤੀਆਂ ਰਾਹੀਂ ਲੋਕਾਂ ਨੂੰ ਸ਼ਰਾਬ ਪੀ ਕੇ ਵਾਹਨ ਨਾ ਚਲਾਉਣ ਦਾ ਸੰਦੇਸ਼ ਦੇਣਗੇ। ਟ੍ਰੈਫਿਕ ਪੁਲਿਸ ਨੇ ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ ਉਨ੍ਹਾਂ ਦੀ ਇਹ ਡਿਊਟੀ ਸ਼ੁਰੂ ਕਰਵਾ ਦਿੱਤੀ ਹੈ।

ਇਸ ਅਨੋਖੇ ਫੈਸਲੇ ਦੀ ਸ਼ਹਿਰ ਵਿੱਚ ਚਰਚਾ ਹੋ ਰਹੀ ਹੈ ਅਤੇ ਕਈ ਲੋਕ ਇਸ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਵਾਲਾ ਕਦਮ ਮੰਨ ਰਹੇ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments