Home ਹਰਿਆਣਾ ਭੋਂਡਸੀ ਜੇਲ੍ਹ ਪਹੁੰਚੇ CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ, ਮੰਤਰੀ ਸੰਜੀਵ ਅਰੋੜਾ...

ਭੋਂਡਸੀ ਜੇਲ੍ਹ ਪਹੁੰਚੇ CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ, ਮੰਤਰੀ ਸੰਜੀਵ ਅਰੋੜਾ ਨਾਲ ਕਰਨਗੇ ਮੁਲਾਕਾਤ

Bhagwant Mann and Arvind Kejriwal meet Sanjeev Arora at Bhondsi Jail amid ongoing legal proceedings.

0

ਗੁਰੁਗ੍ਰਾਮ, 7 ਸਤੰਬਰ, 2026 (ਸੰਜੀਵ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਗੁਰੁਗ੍ਰਾਮ ਦੀ ਭੋਂਡਸੀ ਜ਼ਿਲ੍ਹਾ ਜੇਲ੍ਹ ਪਹੁੰਚੇ। ਦੋਵੇਂ ਆਗੂ ਜੇਲ੍ਹ ਵਿੱਚ ਬੰਦ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ। ਮੌਜੂਦਾ ਸਿਆਸੀ ਅਤੇ ਕਾਨੂੰਨੀ ਹਾਲਾਤਾਂ ਦਰਮਿਆਨ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕਾਫ਼ਲੇ ਸਮੇਤ ਦੁਪਹਿਰ ਕਰੀਬ 2 ਵਜੇ ਗੁਰੁਗ੍ਰਾਮ ਪਹੁੰਚੇ। ਜੇਲ੍ਹ ਪ੍ਰਸ਼ਾਸਨ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਮਾਨ ਅਤੇ ਕੇਜਰੀਵਾਲ ਸੰਜੀਵ ਅਰੋੜਾ ਨਾਲ ਮੁਲਾਕਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਮੁਲਾਕਾਤ ਦੌਰਾਨ ਮੰਤਰੀ ਦੇ ਮਾਮਲੇ ਨਾਲ ਜੁੜੇ ਕਾਨੂੰਨੀ ਮਸਲਿਆਂ ਤੋਂ ਇਲਾਵਾ ਪਾਰਟੀ ਦੀ ਅਗਲੀ ਰਣਨੀਤੀ ’ਤੇ ਵੀ ਵਿਚਾਰ-ਵਟਾਂਦਰਾ ਹੋ ਸਕਦਾ ਹੈ।

ਇਸ ਤੋਂ ਪਹਿਲਾਂ ਵੀ 23 ਮਈ 2026 ਨੂੰ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਭੋਂਡਸੀ ਜੇਲ੍ਹ ਪਹੁੰਚੇ ਸਨ। ਉਸ ਸਮੇਂ ਦੋਵੇਂ ਆਗੂਆਂ ਨੇ ਜੇਲ੍ਹ ਅੰਦਰ ਸੰਜੀਵ ਅਰੋੜਾ ਨਾਲ ਕਰੀਬ 20 ਮਿੰਟ ਤੱਕ ਮੁਲਾਕਾਤ ਕੀਤੀ ਸੀ। ਉਸ ਦੌਰਾਨ ‘ਆਪ’ ਆਗੂਆਂ ਨੇ ਕਾਨੂੰਨੀ ਲੜਾਈ ਵਿੱਚ ਅਰੋੜਾ ਦੇ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ ਸੀ। ਲਗਭਗ ਤਿੰਨ ਮਹੀਨਿਆਂ ਬਾਅਦ ਹੋ ਰਹੀ ਇਹ ਮੁਲਾਕਾਤ ਇਸ ਲਈ ਵੀ ਚਰਚਾ ਵਿੱਚ ਹੈ। ਸੰਜੀਵ ਅਰੋੜਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 9 ਮਈ 2026 ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਸਰਕਾਰੀ ਨਿਵਾਸ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ’ਤੇ ਮਨੀ ਲਾਂਡਰਿੰਗ ਅਤੇ ਕਰੀਬ 100 ਕਰੋੜ ਰੁਪਏ ਦੇ ਕਥਿਤ ਫਰਜ਼ੀ ਜੀਐੱਸਟੀ ਬਿਲਿੰਗ ਘਪਲੇ ਨਾਲ ਸਬੰਧਤ ਦੋਸ਼ ਲਗਾਏ ਗਏ ਹਨ। ਈਡੀ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਅਰੋੜਾ ਨੇ ਕਥਿਤ ਤੌਰ ’ਤੇ ਸ਼ੈੱਲ ਕੰਪਨੀਆਂ ਦੇ ਨੈੱਟਵਰਕ ਰਾਹੀਂ ਵਿੱਤੀ ਲੈਣ-ਦੇਣ ਕੀਤੇ ਅਤੇ ਗੁਰੁਗ੍ਰਾਮ ਵਿੱਚ ਬੇਨਾਮੀ ਜਾਇਦਾਦਾਂ ਖਰੀਦੀਆਂ।

ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਦੇ ਮੰਤਰੀ ਵਾਲੇ ਵਿਭਾਗ ਹੋਰ ਮੰਤਰੀਆਂ ਨੂੰ ਸੌਂਪੇ ਜਾ ਚੁੱਕੇ ਹਨ, ਪਰ ਸੰਜੀਵ ਅਰੋੜਾ ਹਾਲੇ ਵੀ ਭਗਵੰਤ ਮਾਨ ਦੀ ਕੈਬਨਿਟ ਦਾ ਹਿੱਸਾ ਹਨ। ਅੱਜ ਦੀ ਮੁਲਾਕਾਤ ਦੌਰਾਨ ਸੰਜੀਵ ਅਰੋੜਾ ਦੇ ਕੇਸ ਦੀ ਕਾਨੂੰਨੀ ਕਾਰਵਾਈ, ਆਉਣ ਵਾਲੀਆਂ ਜ਼ਮਾਨਤ ਅਰਜ਼ੀਆਂ ਅਤੇ ਅਗਲੀ ਰਣਨੀਤੀ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਆਮ ਆਦਮੀ ਪਾਰਟੀ ਲਗਾਤਾਰ ਈਡੀ ਦੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੰਦੀ ਰਹੀ ਹੈ। ਪਾਰਟੀ ਦਾ ਦੋਸ਼ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਪੰਜਾਬ ਵਿੱਚ ਵਿਰੋਧੀ ਧਿਰ ਅਤੇ ਇਸ ਦੇ ਆਗੂਆਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

Exit mobile version