ਚੰਡੀਗੜ੍ਹ, 23 ਅਕਤੂਬਰ 2026 (ਛਤਰਪਾਲ ਸਿੰਘ) : ਪੰਜਾਬ ਵਿਧਾਨ ਸਭਾ ਦੇ ਦੁਆਰ ਵੀਰਵਾਰ ਨੂੰ ਸਕੂਲੀ ਵਿਦਿਆਰਥੀਆਂ ਲਈ ਖੋਲ੍ਹੇ ਗਏ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਕਾਨੂੰਨ ਬਣਾਉਣ, ਬਜਟ ਪਾਸ ਕਰਨ ਅਤੇ ਲੋਕ ਪ੍ਰਤੀਨਿਧੀਆਂ ਦੀ ਜਵਾਬਦੇਹੀ ਦੀ ਪ੍ਰਕਿਰਿਆ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲ ਸਕੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ (ਫਰੀਦਕੋਟ) ਦੇ ਵਿਦਿਆਰਥੀਆਂ ਨਾਲ ਖਾਸ ਮੁਲਾਕਾਤ ਕੀਤੀ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਫਲਤਾਵਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਡਾ. ਏ.ਪੀ.ਜੇ. ਅਬਦੁੱਲ ਕਲਾਮ ਦੇ ਵਿਚਾਰਾਂ ਅਤੇ ਆਪਣੀ ਪਹਿਲੀ ਚੋਣ ਹਾਰਨ ਦੇ ਅਨੁਭਵ ਨੂੰ ਸਾਂਝਾ ਕਰਦਿਆਂ ਉਹਨਾਂ ਕਿਹਾ, “ਸੈੱਟਬੈਕ (ਅਸਫਲਤਾਵਾਂ) ਸਫ਼ਰ ਦਾ ਅੰਤ ਨਹੀਂ, ਸਗੋਂ ਹੋਰ ਮਜ਼ਬੂਤ ਹੋ ਕੇ ਵਾਪਸੀ ਕਰਨ ਦਾ ਮੌਕਾ ਹੁੰਦੀਆਂ ਹਨ।” ਮੁੱਖ ਮੰਤਰੀ ਨੇ ਜ਼ੋਰ ਦਿੱਤਾ ਕਿ ਪੰਜਾਬ ਵਿੱਚ ਹੁਣ ਨੌਕਰੀਆਂ ਕਿਸੇ ਦੀ ਸਿਫਾਰਸ਼ ਜਾਂ ਪਹੁੰਚ ਨਾਲ ਨਹੀਂ, ਸਗੋਂ ਯੋਗਤਾ ਅਤੇ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਯੋਗ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਹਾ ਹੈ। ਮਾਨ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਬਿਨਾਂ ਕਿਸੇ ਡਰ ਦੇ ਵੱਡੇ ਸੁਪਨੇ ਦੇਖਣ, ਬਿਨਾਂ ਬਹਾਨੇ ਸਖ਼ਤ ਮਿਹਨਤ ਕਰਨ ਅਤੇ ਆਪਣੇ ਮੁੱਲਾਂ ਨਾਲ ਸਮਝੌਤਾ ਕੀਤੇ ਬਿਨਾਂ ਸਫਲਤਾ ਹਾਸਲ ਕਰਨ।
