ਚੰਡੀਗੜ੍ਹ, 15 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐਫ) ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਕਰੀਬੀ ਸਾਥੀ ਕਰਮਵੀਰ ਸਿੰਘ ਉਰਫ਼ ਕਰਮਵੀਰ ਦੇਓ ਨੂੰ ਕੈਨੇਡਾ ਤੋਂ ਡਿਪੋਰਟ ਹੋ ਕੇ ਭਾਰਤ ਪਹੁੰਚਣ ਮਗਰੋਂ ਦਿੱਲੀ ਦੇ ਆਈ.ਜ਼ੀ.ਆਈ ਏਅਰਪੋਰਟ ਤੋਂ ਹਿਰਾਸਤ ਵਿੱਚ ਲੈ ਕੇ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਮੁਤਾਬਕ ਕਰਮਵੀਰ ’ਤੇ ਅਨਮੋਲ ਬਿਸ਼ਨੋਈ, ਜੋ ਲਾਰੈਂਸ ਬਿਸ਼ਨੋਈ ਦਾ ਭਰਾ ਹੈ, ਨੂੰ ਅਮਰੀਕਾ ਵਿੱਚ ਲਾਜਿਸਟਿਕ ਸਹਾਇਤਾ, ਠਿਕਾਣਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਦੋਸ਼ ਹਨ। ਉਸ ਖ਼ਿਲਾਫ਼ ਐਸ.ਏ.ਐਸ ਨਗਰ ਦੇ ਸਟੇਟ ਕ੍ਰਾਈਮ ਥਾਣੇ ਵਿੱਚ ਆਈਪੀਸੀ , ਆਰਮਜ਼ ਐਕਟ ਅਤੇ ਪਾਸਪੋਰਟ ਐਕਟ ਤਹਿਤ ਮਾਮਲਾ ਦਰਜ ਹੈ। ਪੰਜਾਬ ਏ ਜੀ ਟੀ ਐਫ ਨੇ ਉਸ ਖ਼ਿਲਾਫ਼ 3 ਸਤੰਬਰ 2026 ਨੂੰ ਲੁਕ ਆਊਟ ਸਰਕੂਲਰ ਜਾਰੀ ਕੀਤਾ ਸੀ। ਜਾਂਚ ਵਿੱਚ ਉਸ ਦਾ ਨਾਮ ਕੈਨੇਡਾ ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ ਦੀ ਰਿਹਾਇਸ਼ ’ਤੇ 2024 ਦੀ ਗੋਲੀਬਾਰੀ ਅਤੇ ਅੱਗਜ਼ਨੀ ਨਾਲ ਜੁੜੇ ਬਿਸ਼ਨੋਈ ਗੈਂਗ ਦੇ ਨੈੱਟਵਰਕ ਦੇ ਸੰਦਰਭ ਵਿੱਚ ਵੀ ਸਾਹਮਣੇ ਆਇਆ ਹੈ। ਹਾਲਾਂਕਿ ਕੈਨੇਡਾ ਵਿੱਚ ਇਸ ਮਾਮਲੇ ਵਿੱਚ ਉਸ ’ਤੇ ਦੋਸ਼ ਤੈਅ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ।
ਕਰਮਵੀਰ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਦੱਸਿਆ ਗਿਆ ਹੈ, ਜਿਸ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ, ਫਿਰੌਤੀ ਅਤੇ ਹਥਿਆਰਾਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ। 2012 ਵਿੱਚ ਪੰਜਾਬ ਵਿੱਚ ਉਸ ’ਤੇ ਕਤਲ ਦਾ ਮਾਮਲਾ ਦਰਜ ਹੋਇਆ ਸੀ ਅਤੇ 2019 ਵਿੱਚ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ। ਇਸ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ ਸੀ। ਇਹ ਗ੍ਰਿਫ਼ਤਾਰੀ ਭਾਰਤ, ਕੈਨੇਡਾ ਅਤੇ ਅਮਰੀਕਾ ਵਿੱਚ ਫੈਲੇ ਬਿਸ਼ਨੋਈ ਗੈਂਗ ਦੇ ਕਥਿਤ ਟਰਾਂਸਨੈਸ਼ਨਲ ਅਪਰਾਧਿਕ ਨੈੱਟਵਰਕ ’ਤੇ ਕਾਰਵਾਈ ਦੇ ਵੱਡੇ ਕਦਮ ਵਜੋਂ ਦੇਖੀ ਜਾ ਰਹੀ ਹੈ। ਕੈਨੇਡਾ ਦੀ ਆਰਸੀਐਮਪੀ ਅਤੇ ਐਫਬੀਆਈ ਨੇ ਵੀ ਜੁਲਾਈ 2026 ਵਿੱਚ ਬਿਸ਼ਨੋਈ ਸਮੇਤ ਕਈ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਸਾਂਝੀ ਕਾਰਵਾਈ ਦੀ ਜਾਣਕਾਰੀ ਦਿੱਤੀ ਸੀ। ਪੁਲਿਸ ਹੁਣ ਕਰਮਵੀਰ ਤੋਂ ਵਿਦੇਸ਼ੀ ਨੈੱਟਵਰਕ, ਅਨਮੋਲ ਬਿਸ਼ਨੋਈ ਨਾਲ ਉਸ ਦੇ ਸੰਪਰਕ ਅਤੇ ਪੰਜਾਬ ਵਿੱਚ ਗੈਂਗ ਦੀਆਂ ਗਤੀਵਿਧੀਆਂ ਨਾਲ ਜੁੜੀਆਂ ਕੜੀਆਂ ਬਾਰੇ ਪੁੱਛਗਿੱਛ ਕਰ ਰਹੀ ਹੈ।







