ਫ਼ਤਹਿਗੜ ਸਾਹਿਬ/ਬੱਸੀ ਪਠਾਣਾ, 03 ਸਤੰਬਰ, 2026 (ਦੀਪਕ ਦੱਤਾ) : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਵਾਤਾਵਰਣ ਪੱਖੋਂ ਸੁੰਦਰ ਬਣਾਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਨਗਰ ਕੌਂਸਲ ਸਰਹਿੰਦ ਅਤੇ ਨਗਰ ਕੌਂਸਲ ਬੱਸੀ ਪਠਾਣਾ ਵੱਲੋਂ ਸਫ਼ਾਈ ਮੁਹਿੰਮ ਦੇ ਛੇਵੇਂ ਦਿਨ ਵੀ ਵੱਖ-ਵੱਖ ਥਾਵਾਂ ’ਤੇ ਵਿਆਪਕ ਪੱਧਰ ’ਤੇ ਸਫ਼ਾਈ ਕਾਰਜ ਕਰਵਾਏ ਗਏ। ਇਸੇ ਲੜੀ ਤਹਿਤ ਨਗਰ ਕੌਂਸਲ ਸਰਹਿੰਦ ਵੱਲੋਂ ਵਾਰਡ ਨੰਬਰ 9 ਅਤੇ 10 ਵਿੱਚ ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਸ੍ਰੀਮਤੀ ਆਸ਼ਾ ਰਾਣੀ ਦੀ ਅਗਵਾਈ ਹੇਠ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਕੂੜਾ-ਕਰਕਟ ਹਟਾਉਣ ਦੇ ਨਾਲ-ਨਾਲ ਜਨਤਕ ਥਾਵਾਂ ਦੀ ਸਫ਼ਾਈ ਕਰਵਾਈ ਗਈ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸੇ ਤਰ੍ਹਾਂ ਨਗਰ ਕੌਂਸਲ ਬੱਸੀ ਪਠਾਣਾ ਵੱਲੋਂ ਗੁੱਗਾ ਮਾੜੀ ਰੋਡ ਵਿਖੇ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਪੁਰੀ ਨੇ ਮੌਕੇ ’ਤੇ ਪਹੁੰਚ ਕੇ ਚੱਲ ਰਹੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਕਰਮਚਾਰੀਆਂ ਨੂੰ ਸਫ਼ਾਈ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।

ਇਸ ਮੌਕੇ ਨਗਰ ਕੌਂਸਲ ਬੱਸੀ ਪਠਾਣਾ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਪੁਰੀ ਅਤੇ ਨਗਰ ਕੌਂਸਲ ਸਰਹਿੰਦ ਆਸ਼ਾ ਰਾਣੀ ਨੇ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਤਹਿਤ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਦਾ ਮਕਸਦ ਸਿਰਫ਼ ਕੂੜਾ ਹਟਾਉਣਾ ਹੀ ਨਹੀਂ, ਸਗੋਂ ਲੋਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਸਾਫ਼-ਸੁਥਰੇ ਅਤੇ ਸੁੰਦਰ ਸ਼ਹਿਰ ਦੀ ਸਿਰਜਣਾ ਕਰਨਾ ਵੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ਸਾਫ਼ ਰੱਖਣ ਅਤੇ ਸਫ਼ਾਈ ਮੁਹਿੰਮ ਵਿੱਚ ਆਪਣਾ ਸਰਗਰਮ ਸਹਿਯੋਗ ਦੇਣ। ਇਸ ਮੌਕੇ ਪਾਵੇਲ ਹਾਂਡਾ, ਬਹਾਦਰ ਜਲਾਲ, ਬਲਜਿੰਦਰ ਸਿੰਘ, ਨਗਰ ਕੌਂਸਲ ਬੱਸੀ ਪਠਾਣਾ ਦੇ ਕੌਂਸਲਰ ਸ੍ਰੀ ਅਰਵਿੰਦਰ ਸਿੰਘ ਸਮੇਤ ਵੱਖ-ਵੱਖ ਵਾਰਡਾਂ ਦੇ ਵਸਨੀਕ ਅਤੇ ਨਗਰ ਕੌਂਸਲ ਦੇ ਕਰਮਚਾਰੀ ਹਾਜ਼ਰ ਸਨ।
ਮਿਸ਼ਨ ਕਲੀਨ ਪੰਜਾਬ’ ਤਹਿਤ ਸਰਹਿੰਦ ਤੇ ਬੱਸੀ ਪਠਾਣਾ ’ਚ ਛੇਵੇਂ ਦਿਨ ਵੀ ਜਾਰੀ ਰਹੀ ਸਫ਼ਾਈ ਮੁਹਿੰਮ
Cleanliness Drive Continues for Sixth Day in Sirhind and Bassi Pathana






