ਨਵੀਂ ਦਿੱਲੀ, 17 ਨਵੰਬਰ, 2026 (ਕਾਜਲ) : ਭਾਰਤ ਦੇ ਰੱਖਿਆ ਖੇਤਰ ਵਿੱਚ ਇੱਕ ਵੱਡੀ ਤਕਨੀਕੀ ਪਹਿਲਕਦਮੀ ਸਾਹਮਣੇ ਆਈ ਹੈ। ਦੇਸ਼ ਵਿੱਚ ਛੇਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਤਿਆਰ ਕਰਨ ਦੀ ਯੋਜਨਾ ’ਤੇ ਕੰਮ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦੀ ਪਹਿਲੀ ਉਡਾਣ ਸਾਲ 2030 ਤੱਕ ਸੰਭਵ ਹੋਣ ਦੀ ਉਮੀਦ ਜਤਾਈ ਗਈ ਹੈ। ਇਹ ਪਹਿਲਕਦਮੀ ਰੱਖਿਆ ਖੇਤਰ ਨਾਲ ਜੁੜੀ ਨਿੱਜੀ ਕੰਪਨੀ ਰੇਫੀ ਐਮਫਾਈਬਰ ਵੱਲੋਂ ਅੱਗੇ ਵਧਾਈ ਜਾ ਰਹੀ ਹੈ। ਸੋਮਵਾਰ ਨੂੰ ਨੈਸ਼ਨਲ ਸਕਿਓਰਿਟੀ ਸਮਿਟ ਦੌਰਾਨ ਕੰਪਨੀ ਦੇ ਚੇਅਰਮੈਨ ਵਿਕਾਸ ਮਿਸ਼ਰਾ ਨੇ ਹਵਾਈ ਫੌਜ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਭਾਰਤ ਨੂੰ ਛੇਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਦੇਣ ਦੀ ਯੋਜਨਾ ਦਾ ਐਲਾਨ ਕੀਤਾ।
ਕੰਪਨੀ ਨਾਲ ਜੁੜੇ ਸੂਤਰਾਂ ਮੁਤਾਬਕ, ਤਿਆਰ ਕੀਤਾ ਜਾ ਰਿਹਾ ਜਹਾਜ਼ ਛੇਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਲਈ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ਦੇ ਸਮਰੱਥ ਹੋਵੇਗਾ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੁਝ ਤਕਨੀਕੀ ਵਿਸ਼ੇਸ਼ਤਾਵਾਂ ਦੇ ਮਾਮਲੇ ਵਿੱਚ ਇਸ ਦੀ ਸਮਰੱਥਾ ਅਮਰੀਕਾ ਦੇ F-35 ਲੜਾਕੂ ਜਹਾਜ਼ ਨਾਲੋਂ ਬਿਹਤਰ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਦਾ ਅਧਿਕਾਰਤ ਸਵਦੇਸ਼ੀ ਸਟੀਲਥ ਲੜਾਕੂ ਜਹਾਜ਼ ਪ੍ਰੋਗਰਾਮ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (AMCA) ਪੰਜਵੀਂ ਪੀੜ੍ਹੀ ਦੇ ਜਹਾਜ਼ ਨਾਲ ਸਬੰਧਤ ਹੈ। ਅਜਿਹੇ ਵਿੱਚ ਨਿੱਜੀ ਖੇਤਰ ਵੱਲੋਂ ਛੇਵੀਂ ਪੀੜ੍ਹੀ ਦੇ ਜਹਾਜ਼ ਦੀ ਯੋਜਨਾ ਦਾ ਐਲਾਨ ਭਾਰਤ ਦੀ ਰੱਖਿਆ ਤਕਨਾਲੋਜੀ ਵਿੱਚ ਨਵੇਂ ਵਿਕਾਸ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਇਸ ਪ੍ਰਾਜੈਕਟ ਦੀ ਅਸਲ ਤਕਨੀਕੀ ਸਮਰੱਥਾ, ਵਿਕਾਸ ਦੀ ਪ੍ਰਗਤੀ ਅਤੇ ਨਿਰਧਾਰਤ ਸਮੇਂ-ਸੀਮਾ ਬਾਰੇ ਹੋਰ ਅਧਿਕਾਰਤ ਵੇਰਵਿਆਂ ਦੀ ਉਡੀਕ ਰਹੇਗੀ।
