ਅਮਰੀਕਾ, 1 ਸਤੰਬਰ, 2026 (ਕਾਜਲ) : ਪੰਜਾਬੀ ਮੂਲ ਦੇ 55 ਸਾਲਾ ਸਿੱਖ ਟੈਕਸੀ ਡਰਾਈਵਰ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰਨ ਲਈ ਅਮਰੀਕੀ ਨਿਆਂ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ 31 ਅਗਸਤ ਨੂੰ ਕੀਤੀ ਗਈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਗੁਰਮੀਤ ਸਿੰਘ ਨੂੰ 2011 ਵਿੱਚ ਇੱਕ ਮਹਿਲਾ ਯਾਤਰੀ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਅਤੇ ਚਾਕੂ ਦੀ ਨੋਕ ’ਤੇ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਇਸ ਸਮੇਂ ਨਿਊਯਾਰਕ ਦੀ ਸ਼ਵਾਂਗੰਕ ਸੁਧਾਰ ਸੁਵਿਧਾ ਵਿੱਚ ਸਜ਼ਾ ਕੱਟ ਰਿਹਾ ਹੈ।
ਪੂਰਬੀ ਨਿਊਯਾਰਕ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਨਿਕੋਲਸ ਗਰਾਉਫਿਸ ਨੇ ਗੁਰਮੀਤ ਸਿੰਘ ਦੀ ਨਾਗਰਿਕਤਾ ਰੱਦ ਕਰਨ ਦੇ ਨਾਲ ਉਸਨੂੰ ਆਪਣਾ ਨਾਗਰਿਕਤਾ ਸਰਟੀਫਿਕੇਟ ਅਤੇ ਅਮਰੀਕੀ ਪਾਸਪੋਰਟ 16 ਸਤੰਬਰ ਤੱਕ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੌਰਾਨ ਗੁਰਮੀਤ ਸਿੰਘ ਨੇ ਆਪਣੇ ਪਿਛਲੇ ਅਪਰਾਧਾਂ ਨਾਲ ਸਬੰਧਤ ਜਾਣਕਾਰੀ ਕਥਿਤ ਤੌਰ ’ਤੇ ਲੁਕਾਈ ਸੀ। ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਕਿਸੇ ਅਪਰਾਧੀ ਲਈ ਸੁਰੱਖਿਆ ਕਵਚ ਨਹੀਂ ਬਣ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਨਾਗਰਿਕਤਾ ਧੋਖਾਧੜੀ ਰਾਹੀਂ ਹਾਸਲ ਕੀਤੀ ਗਈ ਹੋਵੇ ਤਾਂ ਕਾਨੂੰਨੀ ਕਾਰਵਾਈ ਤੋਂ ਬਚਾਅ ਨਹੀਂ ਮਿਲ ਸਕਦਾ।







