Home ਪੰਜਾਬ ਆਂਗਣਵਾੜੀ ਕੇਂਦਰਾਂ ’ਚ ਈ.ਸੀ.ਸੀ.ਈ. ਦਿਵਸ ਮੌਕੇ ਖੇਡ-ਖੇਡ ’ਚ ਸਿੱਖਣ ਦੇ ਰੰਗਾਂ ਨਾਲ...

ਆਂਗਣਵਾੜੀ ਕੇਂਦਰਾਂ ’ਚ ਈ.ਸੀ.ਸੀ.ਈ. ਦਿਵਸ ਮੌਕੇ ਖੇਡ-ਖੇਡ ’ਚ ਸਿੱਖਣ ਦੇ ਰੰਗਾਂ ਨਾਲ ਖਿੜਿਆ ਬਚਪਨ

ECCE Day Celebrates Joyful Learning Through Play at Anganwadi Centres

0
ਸੰਗਰੂਰ, 11 ਸਤੰਬਰ, 2026 (ਛਤਰਪਾਲ ਸਿੰਘ) :  ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਆਂਗਣਵਾੜੀ ਕੇਂਦਰਾਂ ਵਿਖੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਪਾਲ ਈ.ਸੀ.ਸੀ.ਈ. ਦਿਵਸ ਮਨਾਇਆ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈਆਂ ਗਤੀਵਿਧੀਆਂ ਦੌਰਾਨ 0 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਖੇਡ ਅਤੇ ਰਚਨਾਤਮਕ ਤਰੀਕਿਆਂ ਨਾਲ ਸਿੱਖਣ ਦੇ ਮੌਕੇ ਦਿੱਤੇ ਗਏ।
ਪ੍ਰਦੀਪ ਸਿੰਘ ਗਿੱਲ ਨੇ ਕਿਹਾ ਕਿ ਬੱਚੇ ਦੇ ਜੀਵਨ ਦੇ ਸ਼ੁਰੂਆਤੀ ਸਾਲ ਉਸ ਦੀ ਸੋਚ, ਸਮਝ ਅਤੇ ਸ਼ਖ਼ਸੀਅਤ ਦੀ ਨੀਂਹ ਰੱਖਦੇ ਹਨ। ਇਸ ਲਈ ਆਂਗਣਵਾੜੀ ਕੇਂਦਰਾਂ ਵਿੱਚ ਅਜਿਹਾ ਸਿੱਖਣ-ਮਾਹੌਲ ਸਿਰਜਿਆ ਜਾ ਰਿਹਾ ਹੈ, ਜਿੱਥੇ ਬੱਚੇ ਬਿਨਾਂ ਕਿਸੇ ਦਬਾਅ ਦੇ ਖੇਡਦੇ ਹੋਏ ਸਿੱਖਣ, ਸਵਾਲ ਕਰਨ, ਚੀਜ਼ਾਂ ਨੂੰ ਪਛਾਣਨ ਅਤੇ ਆਪਣੀ ਸੋਚ ਨੂੰ ਪ੍ਰਗਟ ਕਰਨ ਲਈ ਉਤਸ਼ਾਹਿਤ ਹੋਣ।
 ਈ.ਸੀ.ਸੀ.ਈ. ਦਿਵਸ ਮੌਕੇ ਬੱਚਿਆਂ ਨੂੰ ਵੱਖ-ਵੱਖ ਰੰਗਾਂ ਦੇ ਢੱਕਣ ਅਤੇ ਹੋਰ ਉਪਲਬਧ ਸਮੱਗਰੀ ਦਿਖਾ ਕੇ ਰੰਗਾਂ ਦੀ ਪਛਾਣ ਕਰਵਾਈ ਗਈ। ਪੀਲੇ, ਨੀਲੇ ਅਤੇ ਲਾਲ ਆਦਿ ਰੰਗਾਂ ਨੂੰ ਆਲੇ-ਦੁਆਲੇ ਦੀਆਂ ਵਸਤਾਂ ਨਾਲ ਜੋੜਦਿਆਂ ਬੱਚਿਆਂ ਤੋਂ ਸਵਾਲ ਪੁੱਛੇ ਗਏ। ਬੱਚਿਆਂ ਨੇ ਕੇਲੇ, ਕੱਪੜਿਆਂ, ਖਿਡੌਣਿਆਂ ਅਤੇ ਹੋਰ ਵਸਤਾਂ ਦੇ ਰੰਗ ਪਛਾਣ ਕੇ ਉਤਸ਼ਾਹ ਨਾਲ ਜਵਾਬ ਦਿੱਤੇ। ਇਸ ਉਪਰੰਤ ਇੱਕੋ ਰੰਗ ਵਾਲੇ ਢੱਕਣਾਂ ਨੂੰ ਵੱਖ-ਵੱਖ ਕਰਕੇ ਛਾਂਟੀ ਕਰਨ ਦੀ ਗਤੀਵਿਧੀ ਵੀ ਕਰਵਾਈ ਗਈ।
ਗਿੱਲ ਨੇ ਦੱਸਿਆ ਕਿ ਅਜਿਹੀਆਂ ਸਰਲ ਪਰ ਰਚਨਾਤਮਕ ਗਤੀਵਿਧੀਆਂ ਬੱਚਿਆਂ ਵਿੱਚ ਰੰਗਾਂ ਦੀ ਪਛਾਣ, ਵਸਤਾਂ ਦੀ ਛਾਂਟੀ, ਤਰਕਸ਼ੀਲ ਸੋਚ, ਇਕਾਗਰਤਾ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਵਿਕਸਿਤ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਸ ਨਾਲ ਬੱਚਿਆਂ ਵਿੱਚ ਸਿੱਖਣ ਦੀ ਉਤਸੁਕਤਾ ਅਤੇ ਆਤਮ-ਵਿਸ਼ਵਾਸ ਵੀ ਵਧਦਾ ਹੈ। ਗਤੀਵਿਧੀਆਂ ਵਿੱਚ ਬੱਚਿਆਂ ਅਤੇ ਮਾਪਿਆਂ ਦੇ ਨਾਲ ਪੰਚਾਇਤ ਮੈਂਬਰਾਂ, ਸਥਾਨਕ ਯੂਥ ਕਲੱਬਾਂ ਦੇ ਮੈਂਬਰਾਂ, ਆਸ਼ਾ ਵਰਕਰਾਂ/ਏ.ਐਨ.ਐਮ. ਅਤੇ ਹੋਰ ਪਤਵੰਤੇ ਵਿਅਕਤੀਆਂ ਨੇ ਵੀ ਸ਼ਮੂਲੀਅਤ ਕੀਤੀ।
           ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਆਂਗਣਵਾੜੀ ਵਰਕਰਾਂ ਨੂੰ ਉਮਰ ਅਨੁਕੂਲ, ਦਿਲਚਸਪ ਅਤੇ ਬੱਚਾ-ਕੇਂਦਰਿਤ ਗਤੀਵਿਧੀਆਂ ਲਗਾਤਾਰ ਕਰਵਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਬਚਪਨ ਵਿੱਚ ਸਿੱਖਣ ਨੂੰ ਖੁਸ਼ੀ ਅਤੇ ਖੇਡ ਨਾਲ ਜੋੜਨਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਸਾਰਥਕ ਹੈ।

Exit mobile version