ਚੰਡੀਗੜ੍ਹ, 6 ਨਵੰਬਰ, 2026 (ਸੰਜੀਵ ਸ਼ਰਮਾ) – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਧਨਤੇਰਸ ਅਤੇ ਦੀਵਾਲੀ ਮੌਕੇ ਸੂਬੇ ਦੇ ਪੇਂਡੂ ਚੌਕੀਦਾਰਾਂ ਨੂੰ ਤੋਹਫ਼ਾ ਦਿੰਦਿਆਂ ਉਹਨਾਂ ਦੇ ਮਹੀਨਾਵਾਰ ਮਾਣਭੱਤੇ ਨੂੰ 11 ਹਜ਼ਾਰ ਤੋਂ ਵਧਾ ਕੇ 15 ਹਜ਼ਾਰ 221 ਰੁਪਏ ਕਰਨ ਦਾ ਐਲਾਨ ਕੀਤਾ। ਇਸ ਨਾਲ ਹਰ ਚੌਕੀਦਾਰ ਨੂੰ ਹਰ ਮਹੀਨੇ 4 ਹਜ਼ਾਰ 221 ਰੁਪਏ ਵੱਧ ਮਿਲਣਗੇ, ਜਿਸ ਨਾਲ ਹਰ ਸਾਲ ਉਸ ਨੂੰ 50 ਹਜ਼ਾਰ ਰੁਪਏ ਤੋਂ ਵੀ ਵੱਧ ਦਾ ਲਾਭ ਹੋਵੇਗਾ। ਸਾਲ 2014 ਵਿੱਚ ਗ੍ਰਾਮੀਣ ਚੌਕੀਦਾਰਾਂ ਦਾ ਮਾਣਭੱਤਾ ਸਿਰਫ਼ 3,500 ਰੁਪਏ ਮਹੀਨਾਵਾਰ ਸੀ ਜੋ ਅੱਜ ਵਧ ਕੇ 4 ਗੁਣਾ ਤੋਂ ਵੀ ਵੱਧ ਹੋ ਗਿਆ ਹੈ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਅੱਜ ਪੰਚਕੂਲਾ ਵਿੱਚ ਰਾਜ ਪੱਧਰੀ ਗ੍ਰਾਮੀਣ ਚੌਕੀਦਾਰ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ, ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ, ਹਰਿਆਣਾ ਪਬਲਿਕ ਉਪਕ੍ਰਮ ਬਿਊਰੋ ਦੇ ਚੇਅਰਮੈਨ ਸ਼੍ਰੀ ਮੋਹਨ ਲਾਲ ਬਡੌਲੀ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਵਿਜੇਂਦਰ ਕੁਮਾਰ, ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸਕੱਤਰ ਸ਼੍ਰੀ ਯਸ਼ਪਾਲ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸ਼੍ਰੀ ਸੁਸ਼ੀਲ ਸਾਰਵਾਨ ਵੀ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਧਨਤੇਰਸ ਅਤੇ ਦੀਵਾਲੀ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਮੁੱਖ ਮੰਤਰੀ ਨੇ ਗ੍ਰਾਮੀਣ ਚੌਕੀਦਾਰਾਂ ਲਈ ਕਈ ਹੋਰ ਵੱਡੇ ਐਲਾਨ ਕੀਤੇ, ਜਿਨ੍ਹਾਂ ਵਿੱਚ ਸਾਲਾਨਾ ਵਰਦੀ ਭੱਤਾ 4 ਹਜ਼ਾਰ ਰੁਪਏ ਤੋਂ ਵਧਾ ਕੇ 5 ਹਜ਼ਾਰ ਰੁਪਏ, ਲਾਠੀ, ਬੈਟਰੀ, ਸੀਟੀ ਅਤੇ ਛੱਤਰੀ ਦਾ ਸਾਲਾਨਾ ਭੱਤਾ 1,000 ਰੁਪਏ ਤੋਂ ਵਧਾ ਕੇ 1,500 ਰੁਪਏ, ਅਤੇ ਸਾਈਕਲ ਭੱਤਾ 3 ਹਜ਼ਾਰ 500 ਰੁਪਏ ਤੋਂ ਵਧਾ ਕੇ 5 ਹਜ਼ਾਰ ਰੁਪਏ ਸ਼ਾਮਲ ਹਨ। ਮੁੱਖ ਮੰਤਰੀ ਨੇ ਗ੍ਰਾਮੀਣ ਚੌਕੀਦਾਰਾਂ ਦੇ ਹਿੱਤ ਵਿੱਚ ਇੱਕ ਹੋਰ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਕਿ ਹਰਿਆਣਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੁਣ ਜਲ-ਕਰਮਚਾਰੀਆਂ ਅਤੇ ਸਫ਼ਾਈ-ਕਰਮਚਾਰੀਆਂ ਦੀ ਤਰਜ਼ ‘ਤੇ ਗ੍ਰਾਮੀਣ ਚੌਕੀਦਾਰਾਂ ਨੂੰ ਈ.ਐੱਸ.ਆਈ. (ESI – ਕਰਮਚਾਰੀ ਰਾਜ ਬੀਮਾ) ਦਾ ਲਾਭ ਮਿਲੇਗਾ। ਇਸ ਨਾਲ ਬੀਮਾਰੀ ਦੇ ਸਮੇਂ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਲਾਜ ਦੀ ਸਹੂਲਤ ਮਿਲੇਗੀ। ਹਾਦਸੇ ਜਾਂ ਦਿਵਿਆਂਗਤਾ ਦੀ ਸਥਿਤੀ ਵਿੱਚ ਵੀ ਸਹਾਰਾ ਮਿਲੇਗਾ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਹੁਣ ਹਰ ਚੌਕੀਦਾਰ ਹਰਿਆਣਾ ਲੇਬਰ ਵੈਲਫੇਅਰ ਫੰਡ ਦੇ ਘੇਰੇ ਵਿੱਚ ਵੀ ਆਵੇਗਾ। ਇਸ ਨਾਲ ਉਹ ਪੁੱਤਰ ਜਾਂ ਧੀ ਦੀ ਪੜ੍ਹਾਈ ਜਾਂ ਵਿਆਹ ਜਾਂ ਪਰਿਵਾਰ ਦੀ ਮਦਦ ਦੀ ਲੋੜ ਵੇਲੇ ਸਰਕਾਰ ਦੀਆਂ ਯੋਜਨਾਵਾਂ ਰਾਹੀਂ ਸਹਾਇਤਾ ਪ੍ਰਾਪਤ ਕਰ ਸਕੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਰੇ ਲਾਭ ਅੱਜ ਤੋਂ ਹੀ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਇਹਨਾਂ ਫ਼ੈਸਲਿਆਂ ਨਾਲ ਸੂਬਾ ਸਰਕਾਰ ‘ਤੇ ਹਰ ਸਾਲ ਲਗਭਗ 27 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ, ਪਰ ਪਿੰਡਾਂ ਦੀ ਸੁਰੱਖਿਆ ਕਰਨ ਵਾਲਿਆਂ ‘ਤੇ ਕੀਤਾ ਗਿਆ ਇਹ ਖ਼ਰਚ ਸਹੀ ਮਾਇਨਿਆਂ ਵਿੱਚ ਪ੍ਰਦੇਸ਼ ਦੇ ਪਿੰਡਾਂ ਅਤੇ ਹਰ ਘਰ ਦੀ ਸੁਰੱਖਿਆ ਵਿੱਚ ਕੀਤਾ ਗਿਆ ਨਿਵੇਸ਼ ਹੈ।
ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਨੂੰ ਇਹਨਾਂ ਫ਼ੈਸਲਿਆਂ ਦਾ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਵਧਿਆ ਹੋਇਆ ਮਾਣਭੱਤਾ ਹਰ ਮਹੀਨੇ ਦੀ 7 ਤਾਰੀਖ਼ ਤੋਂ ਪਹਿਲਾਂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚੇ, ਹਰ ਚੌਕੀਦਾਰ ਦੀ ਈਐਸਆਈ ਅਤੇ ਲੇਬਰ ਵੈਲਫੇਅਰ ਫੰਡ ਵਿੱਚ ਰਜਿਸਟ੍ਰੇਸ਼ਨ ਜਲਦ ਤੋਂ ਜਲਦ ਹੋਵੇ ਅਤੇ ਜ਼ਿਲ੍ਹਾ ਤੇ ਬਲਾਕ ਪੱਧਰ ਦੇ ਅਧਿਕਾਰੀ ਨਿੱਜੀ ਤੌਰ ‘ਤੇ ਇਸ ਦੀ ਨਿਗਰਾਨੀ ਕਰਨ। ਕਿਸੇ ਵੀ ਚੌਕੀਦਾਰ ਨੂੰ ਆਪਣੇ ਹੱਕ ਲਈ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ।
ਮੁੱਖ ਮੰਤਰੀ ਨੇ ਗ੍ਰਾਮੀਣ ਚੌਕੀਦਾਰਾਂ ਨਾਲ ਗੱਲਬਾਤ ਕਰਦਿਆਂ ਸੱਦਾ ਦਿੱਤਾ ਕਿ ਉਹ ਨਸ਼ੇ ਵਿਰੁੱਧ ਲੜਾਈ ਵਿੱਚ ਪਿੰਡ ਦੇ ਮਜ਼ਬੂਤ ਸਾਥੀ ਬਣਨ। ਨਸ਼ਾ ਪਰਿਵਾਰਾਂ ਨੂੰ ਤੋੜਦਾ ਹੈ ਅਤੇ ਨੌਜਵਾਨਾਂ ਦੇ ਸੁਫ਼ਨਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਤੁਸੀਂ ਆਪਣੇ ਪਿੰਡ ਦੀਆਂ ਗਲੀਆਂ ਅਤੇ ਲੋਕਾਂ ਨੂੰ ਜਾਣਦੇ ਹੋ। ਜੇਕਰ ਕੋਈ ਨਸ਼ਾ ਵੇਚਦਾ ਹੈ, ਤਾਂ ਬਿਨਾਂ ਡਰ ਤੋਂ ਉਸ ਦੀ ਸੂਚਨਾ ਦਿਓ। ਹਰਿਆਣਾ ਦਾ ਯੂਥ ਸਾਡਾ ਭਵਿੱਖ ਹੈ, ਅਤੇ ਇਸ ਲੜਾਈ ਵਿੱਚ ਉਹ ਸਰਕਾਰ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਉਹ ਧੀਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣ। ਸਕੂਲ ਜਾਂਦੀ ਧੀ ਹੋਵੇ, ਖੇਤ ਵਿੱਚ ਕੰਮ ਕਰਦੀ ਭੈਣ ਹੋਵੇ ਜਾਂ ਇਕੱਲੇ ਰਹਿਣ ਵਾਲੇ ਬਜ਼ੁਰਗ, ਜਿੱਥੇ ਵੀ ਕਿਸੇ ਨੂੰ ਮਦਦ ਦੀ ਲੋੜ ਹੋਵੇ, ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨਾਲ ਅੱਗੇ ਆਉਣ। ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਪਛਾਣ ਪੱਤਰ ਪੋਰਟਲ ‘ਤੇ ਹਰ ਰਿਕਾਰਡ ਸਹੀ ਅਤੇ ਸਮੇਂ ਸਿਰ ਦਰਜ ਕਰਨ। ਤੁਹਾਡੀ ਇੱਕ ਸਹੀ ਐਂਟਰੀ ਕਿਸੇ ਪਰਿਵਾਰ ਨੂੰ ਸਮੇਂ ਸਿਰ ਉਸ ਦਾ ਹੱਕ ਦਿਵਾ ਸਕਦੀ ਹੈ। ਇਸ ਲਈ ਇਸ ਕੰਮ ਨੂੰ ਵੀ ਆਪਣੀ ਸੇਵਾ ਦਾ ਮਹੱਤਵਪੂਰਨ ਹਿੱਸਾ ਮੰਨੋ।
ਗ੍ਰਾਮੀਣ ਚੌਕੀਦਾਰ ਪਿੰਡਾਂ ਦੀ ਸੁਰੱਖਿਆ ਅਤੇ ਵਿਸ਼ਵਾਸ ਦੇ ਸੱਚੇ ਪਹਿਰੇਦਾਰ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਚੌਕੀਦਾਰ ਹਮੇਸ਼ਾ ਤੋਂ ਹੀ ਪਿੰਡ ਦੇ ਜੀਵਨ ਦਾ ਭਰੋਸੇਮੰਦ ਹਿੱਸਾ ਰਿਹਾ ਹੈ। ਪਿੰਡ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ, ਕੋਈ ਝਗੜਾ ਹੋਵੇ, ਰਾਤ ਨੂੰ ਕੋਈ ਅਣਜਾਣ ਵਿਅਕਤੀ ਦਿਖਾਈ ਦੇਵੇ, ਕੋਈ ਪਸ਼ੂ ਗੁਆਚ ਜਾਵੇ ਜਾਂ ਚੋਰੀ ਹੋ ਜਾਵੇ, ਹਰ ਮੌਕੇ ‘ਤੇ ਸਭ ਤੋਂ ਪਹਿਲਾਂ ਚੌਕੀਦਾਰ ਨੂੰ ਹੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਮਾਰਚ 2019 ਵਿੱਚ ਕਿਹਾ ਗਿਆ ਇੱਕ ਸ਼ਬਦ ‘ਮੈਂ ਵੀ ਚੌਕੀਦਾਰ ਹਾਂ‘ ਨੇ ਦੇਸ਼ ਦੀ ਰਾਜਨੀਤੀ ਅਤੇ ਸਮਾਜਿਕ ਸੋਚ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਪ੍ਰਧਾਨ ਮੰਤਰੀ ਨੇ ਚੌਕੀਦਾਰ ਸ਼ਬਦ ਨੂੰ ਇਮਾਨਦਾਰੀ, ਫ਼ਰਜ਼ ਪੂਰਤੀ, ਸੇਵਾ ਅਤੇ ਰਾਸ਼ਟਰ ਪ੍ਰਤੀ ਸਮਰਪਣ ਦਾ ਪ੍ਰਤੀਕ ਬਣਾ ਦਿੱਤਾ। ਉਹਨਾਂ ਦਾ ਮੰਨਣਾ ਹੈ ਕਿ ਦੇਸ਼ ਦੀ ਸੇਵਾ ਕਰਨ ਵਾਲਾ, ਦੇਸ਼ ਦੀ ਜਾਇਦਾਦ ਦੀ ਰੱਖਿਆ ਕਰਨ ਵਾਲਾ ਅਤੇ ਸਮਾਜ ਦੇ ਹਿੱਤਾਂ ਲਈ ਆਪਣੇ ਫ਼ਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਵਾਲਾ ਹਰ ਵਿਅਕਤੀ ਚੌਕੀਦਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਸਾਰੇ ਚੌਕੀਦਾਰ ਸਮਾਜ ਦੀ ਸੁਰੱਖਿਆ ਅਤੇ ਵਿਸ਼ਵਾਸ ਦੇ ਸੱਚੇ ਪਹਿਰੇਦਾਰ ਹੋ।
ਸਰਕਾਰ ਨੇ ਸੇਵਾ ਦਾ ਸਤਿਕਾਰ ਕਰਦਿਆਂ ਚੌਕੀਦਾਰਾਂ ਦੇ ਹਿੱਤ ਵਿੱਚ ਲਏ ਕਈ ਫ਼ੈਸਲੇ
ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਅਫ਼ਸੋਸ ਹੈ ਕਿ ਦਹਾਕਿਆਂ ਤੱਕ ਵਿਵਸਥਾ ਵਿੱਚ ਚੌਕੀਦਾਰਾਂ ਦੀਆਂ ਲੋੜਾਂ ‘ਤੇ ਉਤਨਾ ਧਿਆਨ ਨਹੀਂ ਦਿੱਤਾ ਗਿਆ, ਜਿਤਨਾ ਮਿਲਣਾ ਚਾਹੀਦਾ ਸੀ। ਮੌਜੂਦਾ ਸੂਬਾ ਸਰਕਾਰ ਨੇ ਉਹਨਾਂ ਦੀ ਸੇਵਾ ਦਾ ਸਤਿਕਾਰ ਕਰਦਿਆਂ ਚੌਕੀਦਾਰਾਂ ਦੇ ਹਿੱਤ ਵਿੱਚ ਕਈ ਫ਼ੈਸਲੇ ਲਏ ਹਨ। ਸਾਲ 2014 ਵਿੱਚ ਜਦੋਂ ਸਾਡੀ ਸਰਕਾਰ ਬਣੀ, ਉਦੋਂ ਇੱਕ ਚੌਕੀਦਾਰ ਨੂੰ ਮਹੀਨੇ ਦਾ ਸਿਰਫ਼ 3,500 ਰੁਪਏ ਮਾਣਭੱਤਾ ਮਿਲਦਾ ਸੀ, ਜਿਸ ਨੂੰ ਸਤੰਬਰ 2018 ਵਿੱਚ ਵਧਾ ਕੇ 7 ਹਜ਼ਾਰ ਰੁਪਏ ਮਹੀਨਾਵਾਰ ਅਤੇ ਫਿਰ ਫ਼ਰਵਰੀ 2024 ਵਿੱਚ ਵਧਾ ਕੇ 11 ਹਜ਼ਾਰ ਰੁਪਏ ਮਹੀਨਾਵਾਰ ਕੀਤਾ ਗਿਆ। ਚੌਕੀਦਾਰਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਭਵਿੱਖ ਨਿਧੀ (Provident Fund) ਦੀ ਸੁਰੱਖਿਆ ਦਿੱਤੀ ਗਈ ਤਾਂ ਜੋ ਹਰ ਮਹੀਨੇ ਉਹਨਾਂ ਲਈ ਕੁਝ ਬੱਚਤ ਹੋ ਸਕੇ। ਇਸ ਤੋਂ ਇਲਾਵਾ ਸੇਵਾਮੁਕਤੀ ‘ਤੇ 2 ਲੱਖ ਰੁਪਏ ਦੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ। ਇਹੋ ਨਹੀਂ, ਜੋ ਚੌਕੀਦਾਰ ਤੰਦਰੁਸਤ ਹਨ, ਉਹਨਾਂ ਨੂੰ 65 ਸਾਲ ਦੀ ਉਮਰ ਤੱਕ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚੌਕੀਦਾਰਾਂ ਦੇ ਪਰਿਵਾਰਾਂ ਨੂੰ ਦਿਆਲੂ ਯੋਜਨਾ ਵਿੱਚ ਸ਼ਾਮਲ ਕੀਤਾ, ਤਾਂ ਜੋ ਕਿਸੇ ਅਣਹੋਣੀ ਵੇਲੇ ਉਹਨਾਂ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਮਿਲ ਸਕੇ।
ਕਾਂਗਰਸ ਨੇ ਚੌਕੀਦਾਰਾਂ ਅਤੇ ਗਰੀਬਾਂ ਦਾ ਅਪਮਾਨ ਕੀਤਾ, ਦੇਸ਼ ਵਾਸੀਆਂ ਤੋਂ ਮੰਗੇ ਮਾਫ਼ੀ
ਮੁੱਖ ਮੰਤਰੀ ਨੇ ਵਿਰੋਧੀ ਧਿਰ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਕੋਲ ਕੋਈ ਮੁੱਦਾ ਨਹੀਂ ਹੈ। ਉਹ ਦੇਸ਼ ਵਿੱਚ ਝੂਠ ਦਾ ਮਾਹੌਲ ਤਿਆਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ, ਪਰ ਕਾਂਗਰਸ ਆਪਣੇ ਦੇਸ਼-ਵਿਰੋਧੀ ਮਨਸੂਬਿਆਂ ਵਿੱਚ ਕਦੇ ਕਾਮਯਾਬ ਨਹੀਂ ਹੋਵੇਗੀ, ਕਿਉਂਕਿ ਦੇਸ਼ ਦੀ ਜਨਤਾ ਉਸ ਦੀ ਸੱਚਾਈ ਜਾਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪ੍ਰਧਾਨ ਮੰਤਰੀ ਦੁਆਰਾ ਖ਼ੁਦ ਨੂੰ ਚੌਕੀਦਾਰ ਕਿਹਾ ਜਾਣ ‘ਤੇ ਉਹਨਾਂ ਦਾ ਅਪਮਾਨ ਕਰਕੇ ਦੇਸ਼ ਦੇ ਸਾਰੇ ਚੌਕੀਦਾਰਾਂ ਅਤੇ ਗਰੀਬ ਲੋਕਾਂ ਦਾ ਅਪਮਾਨ ਕੀਤਾ ਹੈ। ਇਸ ਲਈ ਵਿਰੋਧੀ ਧਿਰ ਨੂੰ ਦੇਸ਼ ਵਾਸੀਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਾਂਗਰਸ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਹੋਏ ਕਈ ਵੱਡੇ ਘੁਟਾਲਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਪੀੜ੍ਹੀ ਦੇ ਨਾਲ-ਨਾਲ ਆਉਣ ਵਾਲੀ ਪੀੜ੍ਹੀ ਨੂੰ ਵੀ ਇਹਨਾਂ ਘੁਟਾਲਿਆਂ ਬਾਰੇ ਜਾਗਰੂਕ ਕਰਨ ਦੀ ਲੋੜ ਹੈ, ਤਾਂ ਜੋ ਉਹ ਕਾਂਗਰਸ ਪਾਰਟੀ ਦੀ ਅਸਲਿਅਤ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕਣ।
ਗ੍ਰਾਮੀਣ ਚੌਕੀਦਾਰ ਸਰਕਾਰ ਦਾ ਅਹਿਮ ਹਿੱਸਾ, ਉਹਨਾਂ ਦੀਆਂ ਮੁਢਲੀਆਂ ਲੋੜਾਂ ਦਾ ਰੱਖਿਆ ਜਾ ਰਿਹਾ ਹੈ ਵਿਸ਼ੇਸ਼ ਧਿਆਨ – ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ
ਇਸ ਤੋਂ ਪਹਿਲਾਂ, ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ ਨੇ ਗ੍ਰਾਮੀਣ ਚੌਕੀਦਾਰਾਂ ਲਈ ਕਈ ਮਹੱਤਵਪੂਰਨ ਐਲਾਨ ਕਰਨ ‘ਤੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜ਼ਮੀਨੀ ਪੱਧਰ ‘ਤੇ ਸੇਵਾਭਾਵ ਨਾਲ ਕੰਮ ਕਰ ਰਹੇ ਗ੍ਰਾਮੀਣ ਚੌਕੀਦਾਰਾਂ ਦੀਆਂ ਮੁਢਲੀਆਂ ਲੋੜਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਹਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗ੍ਰਾਮੀਣ ਚੌਕੀਦਾਰ ਜ਼ਮੀਨੀ ਪੱਧਰ ‘ਤੇ ਸਰਕਾਰ ਦਾ ਇੱਕ ਅਹਿਮ ਹਿੱਸਾ ਹਨ, ਜੋ ਕਿਸੇ ਵੀ ਘਟਨਾ ਦੀ ਸੂਚਨਾ ਪੁਲਿਸ ਜਾਂ ਸੰਬੰਧਿਤ ਵਿਭਾਗ ਨੂੰ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਗਰੀਬਾਂ ਦੇ ਹਿੱਤ ਵਿੱਚ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ। ਸਾਲ 2004 ਤੋਂ ਪਹਿਲਾਂ ਜੇਕਰ ਕਿਸੇ ਗਰੀਬ ਵਿਅਕਤੀ ਨੇ ਗ੍ਰਾਮ ਪੰਚਾਇਤ ਦੀ ਜ਼ਮੀਨ ‘ਤੇ ਮਕਾਨ ਬਣਾਇਆ ਹੈ ਅਤੇ ਉਹ ਜ਼ਮੀਨ ਫਿਰਨੀ, ਖੇਤੀਬਾੜੀ ਜ਼ਮੀਨ ਜਾਂ ਛੱਪੜ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੀ ਹੈ, ਤਾਂ ਮਕਾਨ ਮਾਲਕ ਕਲੈਕਟਰ ਰੇਟ ਤੋਂ ਡੇਢ ਗੁਣਾ ਰਾਸ਼ੀ ਜਮ੍ਹਾਂ ਕਰਵਾ ਕੇ ਉਸ ਮਕਾਨ ਦਾ ਮਾਲਕਾਨਾ ਹੱਕ ਪ੍ਰਾਪਤ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ‘ਮੁੱਖ ਮੰਤਰੀ ਆਵਾਸ ਯੋਜਨਾ‘ ਅਤੇ ‘ਪ੍ਰਧਾਨ ਮੰਤਰੀ ਆਵਾਸ ਯੋਜਨਾ‘ ਦੇ ਤਹਿਤ ਗਰੀਬ ਪਰਿਵਾਰਾਂ ਨੂੰ ਮਕਾਨ ਬਣਾ ਕੇ ਉਹਨਾਂ ਦੀਆਂ ਚਾਬੀਆਂ ਸੌਂਪਣ ਦਾ ਕੰਮ ਕੀਤਾ ਗਿਆ ਹੈ, ਤਾਂ ਜੋ ਕੋਈ ਵੀ ਗਰੀਬ ਵਿਅਕਤੀ ਬੇਘਰ ਨਾ ਰਹੇ। ਉਨ੍ਹਾਂ ਕਿਹਾ ਕਿ ਉੱਜਵਲਾ ਯੋਜਨਾ ਦੇ ਤਹਿਤ ਅੱਜ ਘਰੇਲੂ ਔਰਤਾਂ ਨੂੰ ਮਾਤਰ 500 ਰੁਪਏ ਵਿੱਚ ਗੈਸ ਸਿਲੰਡਰ ਉਪਲਬਧ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸਤਪਾਲ ਸ਼ਰਮਾ, ਡਿਪਟੀ ਕਮਿਸ਼ਨਰ ਆਫ਼ ਪੁਲਿਸ ਕੁਮਾਰੀ ਅਦਿਤੀ ਸਿੰਘ, ਵਧੀਕ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਵਿਵੇਕ ਆਰਿਆ, ਸਾਬਕਾ ਮੇਅਰ ਸ਼੍ਰੀਮਤੀ ਮਨਵੀਰ ਕੌਰ ਗਿੱਲ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।
