Homeਹਰਿਆਣਾਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਧਰਮਪਤਨੀ ਸਮੇਤ ਪਹਿਲੇ ਨਰਾਤੇ ਮੌਕੇ...

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਧਰਮਪਤਨੀ ਸਮੇਤ ਪਹਿਲੇ ਨਰਾਤੇ ਮੌਕੇ ਮਾਤਾ ਮਨਸਾ ਦੇਵੀ ਮੰਦਰ ਵਿੱਚ ਕੀਤੀ ਪੂਜਾ-ਅਰਚਨਾ, ਸੂਬਾ ਵਾਸੀਆਂ ਦੀ ਸੁੱਖ-ਸਮ੍ਰਿੱਧੀ ਦੀ ਕੀਤੀ ਕਾਮਨਾ

Haryana CM Nayab Singh Saini and his wife offer prayers at Mata Mansa Devi Temple on the first Navratri, seeking peace, prosperity and well-being for the state's residents.

ਹਰਿਆਣਾ ਦੀ ਪਹਿਲੀ ਟੂਰਿਸਟ ਪੁਲਿਸ ਪੋਸਟ ਦਾ ਕੀਤਾ ਉਦਘਾਟਨ, ਸ਼ਰਧਾਲੂਆਂ ਨੂੰ ਮਿਲੇਗੀ ਸੁਰੱਖਿਅਤ ਅਤੇ ਸੁਖਾਲੀ ਯਾਤਰਾ ਦੀ ਸਹੂਲਤ

ਮੁੱਖ ਮੰਤਰੀ ਨੇ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਦਾ ਵਧਾਇਆ ਉਤਸ਼ਾਹ, ਕਿਹਾ—ਖੂਨਦਾਨ ਮਹਾਦਾਨ

ਪੰਚਕੂਲਾ, 12 ਅਕਤੂਬਰ, 2026 (ਸੰਜੀਵ ਸ਼ਰਮਾ) :  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਆਪਣੀ ਧਰਮਪਤਨੀ ਸ੍ਰੀਮਤੀ ਸੁਮਨ ਸੈਣੀ ਦੇ ਨਾਲ ਅਸ਼ਵਿਨ ਨਰਾਤਿਆਂ ਦੇ ਪਹਿਲੇ ਦਿਨ ਮਾਤਾ ਮਨਸਾ ਦੇਵੀ ਮੰਦਰ ਵਿੱਚ ਮੱਥਾ ਟੇਕ ਕੇ ਵਿਧੀਵਤ ਪੂਜਾ-ਅਰਚਨਾ ਕੀਤੀ ਅਤੇ ਮਹਾਮਾਈ ਦਾ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨੇ ਸੂਬਾ ਵਾਸੀਆਂ ਦੀ ਸੁੱਖ, ਸ਼ਾਂਤੀ ਅਤੇ ਸਮ੍ਰਿੱਧੀ ਦੀ ਕਾਮਨਾ ਕੀਤੀ।  ਮੁੱਖ ਮੰਤਰੀ ਨੇ ਇਸ ਤੋਂ ਬਾਅਦ ਮੰਦਰ ਕੰਪਲੈਕਸ ਸਥਿਤ ਯੱਗਸ਼ਾਲਾ ਵਿੱਚ ਕਰਵਾਏ ਗਏ ਹਵਨ-ਯੱਗ ਵਿੱਚ ਸ਼ਮੂਲੀਅਤ ਕੀਤੀ ਅਤੇ ਆਹੂਤੀਆਂ ਪਾਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਸ੍ਰੀ ਮਾਤਾ ਮਨਸਾ ਦੇਵੀ ਪੂਜਾ ਸਥਲ ਬੋਰਡ ਦੇ ਮੁੱਖ ਪ੍ਰਸ਼ਾਸਕ ਸ੍ਰੀ ਸਤਪਾਲ ਸ਼ਰਮਾ ਨੇ ਮੁੱਖ ਮੰਤਰੀ ਨੂੰ ਸਨਮਾਨ ਵਜੋਂ ਮਾਤਾ ਮਨਸਾ ਦੇਵੀ ਦੀ ਤਸਵੀਰ ਭੇਟ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਅਸ਼ਵਿਨ ਨਰਾਤਿਆਂ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਹਿਲੇ ਨਰਾਤੇ ਦੇ ਪਵਿੱਤਰ ਮੌਕੇ ਉਨ੍ਹਾਂ ਨੂੰ ਮਹਾਮਾਈ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਮਾਤਾ ਮਨਸਾ ਦੇਵੀ ਦੇ ਚਰਨਾਂ ਵਿੱਚ ਸੂਬਾ ਵਾਸੀਆਂ ਦੇ ਸੁਖੀ ਅਤੇ ਮੰਗਲਮਈ ਜੀਵਨ ਲਈ ਪ੍ਰਾਰਥਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਮਨਾ ਕੀਤੀ ਕਿ ਹਰਿਆਣਾ ਸੂਬਾ ਲਗਾਤਾਰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ’ਤੇ ਅੱਗੇ ਵਧਦਾ ਰਹੇ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਏ।

ਮੁੱਖ ਮੰਤਰੀ ਨੇ ਖੂਨਦਾਨੀਆਂ ਦਾ ਵਧਾਇਆ ਉਤਸ਼ਾਹ

ਮੁੱਖ ਮੰਤਰੀ ਨੇ ਨਰਾਤਿਆਂ ਦੇ ਸ਼ੁਭ ਮੌਕੇ ’ਤੇ ਸ੍ਰੀ ਮਾਤਾ ਮਨਸਾ ਦੇਵੀ ਸ਼੍ਰਾਈਨ ਬੋਰਡ, ਜ਼ਿਲ੍ਹਾ ਰੈਡਕ੍ਰਾਸ ਸੋਸਾਇਟੀ, ਪੰਚਕੂਲਾ ਅਤੇ ਸ੍ਰੀ ਸ਼ਿਵ ਕਾਂਵੜ ਮਹਾਸੰਘ ਚੈਰੀਟੇਬਲ ਟਰੱਸਟ, ਪੰਚਕੂਲਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਪਹੁੰਚ ਕੇ ਖੂਨਦਾਨੀਆਂ ਨਾਲ ਗੱਲਬਾਤ ਕੀਤੀ ਅਤੇ ਇਸ ਨੇਕ ਕਾਰਜ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਖੂਨਦਾਨੀਆਂ ਨੂੰ ਬੈਜ ਲਗਾ ਕੇ ਉਨ੍ਹਾਂ ਦਾ ਉਤਸ਼ਾਹਵਰਧਨ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ। ਕਿਸੇ ਵਿਅਕਤੀ ਵੱਲੋਂ ਦਾਨ ਕੀਤੇ ਗਏ ਖੂਨ ਦੀ ਇੱਕ ਬੂੰਦ ਵੀ ਲੋੜਵੰਦ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਨੇਕ ਕਾਰਜ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

ਹਰਿਆਣਾ ਦੀ ਪਹਿਲੀ ਟੂਰਿਸਟ ਪੁਲਿਸ ਪੋਸਟ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਨੇ ਮਾਤਾ ਮਨਸਾ ਦੇਵੀ ਮੰਦਰ ਕੰਪਲੈਕਸ ਵਿੱਚ ਹਰਿਆਣਾ ਦੀ ਪਹਿਲੀ ਟੂਰਿਸਟ ਪੁਲਿਸ ਪੋਸਟ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਸ੍ਰੀ ਅਜੈ ਸਿੰਘਲ ਅਤੇ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਸ੍ਰੀ ਪੰਕਜ ਨੈਨ ਵੀ ਮੌਜੂਦ ਰਹੇ। ਇਸ ਟੂਰਿਸਟ ਪੁਲਿਸ ਪੋਸਟ ’ਤੇ 20 ਸਿਖਲਾਈ ਪ੍ਰਾਪਤ ਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਜਵਾਨਾਂ ਨੂੰ ਆਮ ਪੁਲਿਸ ਵਰਦੀ ਤੋਂ ਵੱਖਰੀ ਵਿਸ਼ੇਸ਼ ਟੂਰਿਸਟ ਪੁਲਿਸ ਵਰਦੀ ਦਿੱਤੀ ਗਈ ਹੈ, ਤਾਂ ਜੋ ਸ਼ਰਧਾਲੂ ਉਨ੍ਹਾਂ ਦੀ ਆਸਾਨੀ ਨਾਲ ਪਛਾਣ ਕਰ ਸਕਣ। ਇਹ ਜਵਾਨ ਚੌਵੀ ਘੰਟੇ ਸ਼ਰਧਾਲੂਆਂ ਦੀ ਸਹਾਇਤਾ ਅਤੇ ਸੇਵਾ ਲਈ ਤਿਆਰ ਰਹਿਣਗੇ। ਮੰਦਰ ਕੰਪਲੈਕਸ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਇੱਥੇ ਲੱਗੇ 100 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਲਾਈਵ ਨਿਗਰਾਨੀ ਹੁਣ ਇਸੇ ਟੂਰਿਸਟ ਪੁਲਿਸ ਪੋਸਟ ਤੋਂ ਕੀਤੀ ਜਾਵੇਗੀ। ਇਸ ਲਈ ਪੋਸਟ ਵਿੱਚ ਹੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।

ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਭਾਸ਼ਾ ਅਤੇ ਵਿਵਹਾਰ ਨੂੰ ਸਮਝਦਿਆਂ ਉਨ੍ਹਾਂ ਦੀ ਬਿਹਤਰ ਸਹਾਇਤਾ ਯਕੀਨੀ ਬਣਾਉਣ ਲਈ ਜਵਾਨਾਂ ਨੂੰ ਵਿਸ਼ੇਸ਼ ਵਿਵਹਾਰ-ਕੌਸ਼ਲ ਅਤੇ ਸੰਵਾਦ ਸਬੰਧੀ ਸਿਖਲਾਈ ਵੀ ਦਿੱਤੀ ਗਈ ਹੈ, ਤਾਂ ਜੋ ਉਹ ਸ਼ਰਧਾਲੂਆਂ ਦੀਆਂ ਸਮੱਸਿਆਵਾਂ ਦਾ ਨਿਮਰਤਾ ਅਤੇ ਸਹਿਯੋਗੀ ਭਾਵਨਾ ਨਾਲ ਹੱਲ ਕਰ ਸਕਣ। ਮੁੱਖ ਮੰਤਰੀ ਨੇ ਪੁਲਿਸ ਵਿਭਾਗ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਿਆਣਾ ਦੀ ਪਹਿਲੀ ਟੂਰਿਸਟ ਪੁਲਿਸ ਪੋਸਟ ਸ਼ੁਰੂ ਹੋਣ ਨਾਲ ਮਾਤਾ ਮਨਸਾ ਦੇਵੀ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ, ਸੁਖਾਲੀ ਅਤੇ ਸੁਖਦਾਈ ਬਣੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਤੇ ਸ੍ਰੀ ਮਾਤਾ ਮਨਸਾ ਦੇਵੀ ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਵਿਵੇਕ ਆਰਿਆ, ਪੁਲਿਸ ਡਿਪਟੀ ਕਮਿਸ਼ਨਰ ਸੁਸ਼੍ਰੀ ਅਦਿਤੀ ਸਿੰਘ, ਮੇਅਰ ਸ੍ਰੀ ਸ਼ਾਮ ਲਾਲ ਬਾਂਸਲ, ਹਰਿਆਣਾ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਬੰਤੋ ਕਟਾਰੀਆ, ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਅਜੈ ਮਿੱਤਲ, ਸ੍ਰੀ ਮਾਤਾ ਮਨਸਾ ਦੇਵੀ ਸ਼੍ਰਾਈਨ ਬੋਰਡ ਦੀ ਸਕੱਤਰ ਸ੍ਰੀਮਤੀ ਸ਼ਾਰਦਾ ਪ੍ਰਜਾਪਤੀ, ਮੀਡੀਆ ਸੰਪਰਕ ਮੁਖੀ ਸ੍ਰੀ ਪ੍ਰਵੀਣ ਅਤਰੇ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments