ਚੰਡੀਗੜ੍ਹ, 30 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਜ਼ਿਲ੍ਹਾ ਹੈਡਕੁਆਰਟਰ ਨੂੰਹ ਸਥਿਤ ਮਿਨੀ ਸਕੱਤਰੇਤ ਵਿੱਚ ਆਯੋਜਿਤ ਮੇਵਾਤ ਵਿਕਾਸ ਬੋਰਡ ਦੀ 32ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਨੂੰਹ ਜ਼ਿਲ੍ਹਾ ਹੁਣ ਨੌਜਵਾਨਾਂ ਲਈ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦਾ ਵੱਡਾ ਕੇਂਦਰ ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਹਿਲਕਦਮੀ ‘ਤੇ ਨੂੰਹ ਨੂੰ ਆਕਾਂਸ਼ੀ ਜ਼ਿਲ੍ਹਾ ਪ੍ਰੋਗਰਾਮ (ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ) ਵਿੱਚ ਸ਼ਾਮਲ ਕੀਤਾ ਗਿਆ, ਜਿਸ ਦੇ ਤਹਿਤ ਨੀਤੀ ਆਯੋਗ ਵੱਲੋਂ ਹੁਣ ਤੱਕ 36.20 ਕਰੋੜ ਰੁਪਏ ਦੀ ਲਾਗਤ ਦੇ 12 ਪ੍ਰੋਜੈਕਟ ਮਨਜ਼ੂਰ ਕੀਤੇ ਜਾ ਚੁੱਕੇ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਮੀਟਿੰਗ ਵਿੱਚ ਸਿੱਖਿਆ, ਸਿਹਤ, ਖੇਡਾਂ, ਸਿੰਚਾਈ, ਸੀਵਰੇਜ, ਸਾਈਬਰ ਸੁਰੱਖਿਆ ਸਮੇਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ‘ਤੇ ਵਿਸਥਾਰ ਨਾਲ ਮੰਥਨ ਕੀਤਾ ਗਿਆ। ਮੀਟਿੰਗ ਵਿੱਚ ਵਿੱਤ ਸਾਲ 2026-27 ਲਈ ਸਾਲਾਨਾ ਕਾਰਜ ਯੋਜਨਾ ਤਹਿਤ ਲਗਭਗ 30 ਕਰੋੜ 43 ਲੱਖ 79 ਹਜ਼ਾਰ ਰੁਪਏ ਦੇ ਬਜਟ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ। ਮੁੱਖ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਨੂੰਹ ਵਿੱਚ ਸਿੱਖਿਆ ਦੇ ਖੇਤਰ ਦੇ ਵਿਕਾਸ ਲਈ ਲਗਭਗ 10.06 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਤਹਿਤ ਸਰਕਾਰੀ ਸਕੂਲਾਂ ਵਿੱਚ ਡਿਊਲ ਡੈਸਕ ਉਪਲਬਧ ਕਰਵਾਉਣ, 20 ਸਰਕਾਰੀ ਸਕੂਲਾਂ ਵਿੱਚ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐਸ.ਟੀ.ਈ.ਐਮ.) ਲੈਬ ਸਥਾਪਤ ਕਰਨ, ਵਜ਼ੀਫ਼ਾ ਯੋਜਨਾਵਾਂ ਅਤੇ ਵਿਦਿਆਰਥੀਆਂ ਨੂੰ ਕੋਚਿੰਗ ਮੁਹੱਈਆ ਕਰਵਾਉਣ ਸਮੇਤ ਵੱਖ-ਵੱਖ ਕਾਰਜ ਕਰਵਾਏ ਜਾਣਗੇ। ਸਮਾਜਿਕ ਬੁਨਿਆਦੀ ਢਾਂਚੇ ਦੇ ਵਿਕਾਸ ਤਹਿਤ ਪਿੰਗਵਾਂ ਵਿੱਚ ਸਟੇਡੀਅਮ ਦੇ ਨਵੀਨੀਕਰਨ ਅਤੇ ਨੂੰਹ ਦੇ ਪੁਰਾਣੇ ਕੋਰਟ ਪਰਿਸਰ ਵਿੱਚ ਪਬਲਿਕ ਪਾਰਕ ਵਿਕਸਤ ਕਰਨ ਸੰਬੰਧੀ ਕਾਰਜਾਂ ‘ਤੇ ਲਗਭਗ 4 ਕਰੋੜ 50 ਲੱਖ ਰੁਪਏ ਖਰਚ ਕੀਤੇ ਜਾਣਗੇ।
ਕੁਸ਼ਲਤਾ ਵਿਕਾਸ ਲਈ 87 ਲੱਖ ਰੁਪਏ ਅਤੇ ਪਸ਼ੂ ਪਾਲਣ ਤੇ ਖੇਤੀਬਾੜੀ ਖੇਤਰ ਨਾਲ ਸੰਬੰਧਤ ਵਿਕਾਸ ਕਾਰਜਾਂ ਲਈ 1.50 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਇਸੇ ਤਰ੍ਹਾਂ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਖੇਡ ਸਟੇਡੀਅਮ ਵਿੱਚ ਸਵੀਮਿੰਗ ਪੂਲ ਅਤੇ 200 ਮੀਟਰ ਸਿੰਥੈਟਿਕ ਟਰੈਕ ਵਿਕਸਤ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ। ਜੰਗਲਾਤ, ਮੀਂਹ ਦੇ ਪਾਣੀ ਦੀ ਸੰਭਾਲ (ਰੇਨ ਵਾਟਰ ਹਾਰਵੈਸਟਿੰਗ) ਅਤੇ ਮਿੱਟੀ ਦੀ ਸੰਭਾਲ ਨਾਲ ਸੰਬੰਧਤ ਵੱਖ-ਵੱਖ ਕਾਰਜਾਂ ਲਈ ਲਗਭਗ 5.42 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਸਾਈਬਰ ਅਪਰਾਧ ਦੀ ਰੋਕਥਾਮ ਲਈ 1.16 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਸਾਈਬਰ ਫੋਰੈਂਸਿਕ ਲੈਬ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਵੀ ਬੋਰਡ ਦੇ ਸਾਹਮਣੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧ ਦੀ ਜੜ੍ਹ ‘ਤੇ ਪ੍ਰਭਾਵੀ ਢੰਗ ਨਾਲ ਵਾਰ ਕਰਨ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਮਨਜ਼ੂਰ ਵਿਕਾਸ ਕਾਰਜ ਨਿਰਧਾਰਤ ਸਮੇਂ-ਸੀਮਾ ਵਿੱਚ ਪੂਰੇ ਕੀਤੇ ਜਾਣ। ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਕਾਰਜਾਂ ਵਿੱਚ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਮੁਫ਼ਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ
ਮੁੱਖ ਮੰਤਰੀ ਨੇ ਕਿਹਾ ਕਿ ਮੇਵਾਤ ਖੇਤਰ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਉਪਲਬਧ ਕਰਵਾਈ ਜਾਵੇਗੀ। ਇਸ ਦੇ ਤਹਿਤ ਸਟਾਫ਼ ਸਿਲੈਕਸ਼ਨ ਕਮਿਸ਼ਨ, ਰੇਲਵੇ ਭਰਤੀ ਬੋਰਡ, ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ, ਸੀ.ਈ.ਟੀ. ਅਤੇ ਬੈਂਕਿੰਗ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੇਵਾਤ ਵਜ਼ੀਫ਼ਾ, ਪੋਸਟ ਮੈਟ੍ਰਿਕ ਵਜ਼ੀਫ਼ਾ ਅਤੇ ਛਾਤਰ ਪ੍ਰਤਿਭਾ ਸਨਮਾਨ ਯੋਜਨਾ ਤਹਿਤ ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਨੂੰ ਕਰੋੜਾਂ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਨੂੰਹ ਸ਼ਹਿਰ ਦੀ ਸੀਵਰ ਲਾਇਨ ਸਮਰੱਥਾ ਵਿੱਚ ਸੁਧਾਰ ਲਈ ਟ੍ਰੈਂਚਲੈਸ ਤਕਨੀਕ ਨਾਲ ਲਗਭਗ 2900 ਮੀਟਰ ਲੰਬੀ ਬਾਈਪਾਸ ਸੀਵਰ ਲਾਈਨ ਪਾਈ ਜਾਵੇਗੀ। ਇਹ ਸੀਵਰ ਲਾਈਨ ਨਵੇਂ ਵਾਈ.ਐਮ.ਡੀ. ਕਾਲਜ ਗੇਟ ਤੋਂ ਮੇਵਲੀ ਮੋੜ, ਸ਼ਹੀਦੀ ਪਾਰਕ ਹੁੰਦੇ ਹੋਏ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.) ਤੱਕ ਜਾਵੇਗੀ। ਇਸ ਨਾਲ ਸਿਟੀ ਹਸਪਤਾਲ ਕਲੋਨੀ, ਮੈਡੀਕਲ ਰੋਡ ਕਲੋਨੀ, ਹਿਦਾਇਤ ਕਲੋਨੀ, ਬਘੇਲ ਮੁਹੱਲਾ, ਨਵੀਂ ਸਬਜ਼ੀ ਮੰਡੀ, ਪੁਰਾਣੀ ਅਨਾਜ ਮੰਡੀ ਅਤੇ ਬਿੱਤੂ ਕਲੋਨੀ ਸਮੇਤ ਲਗਭਗ ਇੱਕ ਦਰਜਨ ਕਲੋਨੀਆਂ ਦੇ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਦਿਵਿਆ ਨਗਰ ਯੋਜਨਾ ਤਹਿਤ ਨੂੰਹ ਵਿੱਚ 12.52 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਪਰਿਸਰ ਅਤੇ 20.92 ਕਰੋੜ ਰੁਪਏ ਦੀ ਲਾਗਤ ਨਾਲ ਆਡੀਟੋਰੀਅਮ-ਕਮ-ਮਿਊਜ਼ੀਅਮ ਦੇ ਨਿਰਮਾਣ ਨੂੰ ਪਹਿਲਾਂ ਹੀ ਪ੍ਰਸ਼ਾਸਕੀ ਮਨਜ਼ੂਰੀ ਮਿਲ ਚੁੱਕੀ ਹੈ। ਮੇਵਾਤ ਵਿਕਾਸ ਏਜੰਸੀ ਵੱਲੋਂ ਸਾਲ 2026-27 ਲਈ 30 ਕਰੋੜ 43 ਲੱਖ 79 ਹਜ਼ਾਰ ਰੁਪਏ ਦੀ ਸਾਲਾਨਾ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਵਿੱਚ ਸਿੱਖਿਆ ਖੇਤਰ ‘ਤੇ ਸਭ ਤੋਂ ਵੱਧ 10.06 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੀਟਿੰਗ ਵਿੱਚ ਹਥੀਨ ਬਲਾਕ ਦੇ ਸਕੂਲਾਂ ਵਿੱਚ 176 ਗਰਲਜ਼ ਟੁਆਇਲਟ ਦੇ ਨਿਰਮਾਣ, ਸਿਹਤ ਕੇਂਦਰਾਂ ਦੇ ਉੱਨਤੀਕਰਨ ਅਤੇ ਸਰਕਾਰੀ ਕਾਲਜ ਵਿੱਚ ਸੋਲਰ ਪਾਵਰ ਪਲਾਂਟ ਸਥਾਪਤ ਕਰਨ ਵਰਗੇ ਵੱਖ-ਵੱਖ ਪ੍ਰਸਤਾਵ ਵੀ ਰੱਖੇ ਗਏ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਵਿੱਚ ਕਿਹਾ ਕਿ ਮੇਵਾਤ ਖੇਤਰ ਦੇ ਵਿਕਾਸ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਵਿਭਾਗ ਆਪਣੇ-ਆਪਣੇ ਕਾਰਜਾਂ ਦੀ ਪ੍ਰਗਤੀ ਯਕੀਨੀ ਬਣਾਉਣ ਅਤੇ ਅਗਲੀ ਮੀਟਿੰਗ ਵਿੱਚ ਮਨਜ਼ੂਰ ਕਾਰਜਾਂ ਦੀ ਠੋਸ ਪ੍ਰਗਤੀ ਰਿਪੋਰਟ ਪੇਸ਼ ਕਰਨ। ਇਸ ਮੌਕੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ, ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਵਿਧਾਇਕ ਸ੍ਰੀ ਤੇਜਪਾਲ ਤੰਵਰ, ਵਿਧਾਇਕ ਸ੍ਰੀ ਮੁਹੰਮਦ ਇਸਰਾਇਲ, ਵਿਧਾਇਕ ਸ੍ਰੀ ਆਫਤਾਬ ਅਹਿਮਦ, ਵਿਧਾਇਕ ਸ੍ਰੀ ਮਾਮਨ ਖਾਨ ਸਮੇਤ ਪਤਵੰਤੇ ਮੌਜੂਦ ਸਨ।
