ਚੰਡੀਗੜ੍ਹ, 24 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਅਤੇ ਹਰਿਆਣਾ ਦੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਹੁਨਰ, ਤਕਨਾਲੋਜੀ ਅਤੇ ਵਪਾਰ ਦੇ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਨਾਲ ਪੂਰਾ ਖੇਤਰ ਉਤਪਾਦਨ, ਨਵੀਨਤਾ ਅਤੇ ਰੁਜ਼ਗਾਰ ਦਾ ਮਜ਼ਬੂਤ ਕੇਂਦਰ ਬਣ ਸਕਦਾ ਹੈ।
ਸ੍ਰੀ ਸੈਣੀ ਬੁੱਧਵਾਰ ਨੂੰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਦੌਲਤਪੁਰ ਵਿੱਚ ਜੀ.ਐਸ.ਏ. ਇੰਡਸਟਰੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਵੇਂ ਉਦਯੋਗਿਕ ਪਲਾਂਟ ਦੇ ਭੂਮੀ ਪੂਜਨ ਅਤੇ ਨੀਂਹ ਪੱਥਰ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਰਾਧਾ ਸੁਆਮੀ ਡੇਰਾ ਬਿਆਸ ਦੇ ਅਧਿਆਤਮਿਕ ਮੁਖੀ ਸਰਦਾਰ ਗੁਰਿੰਦਰ ਸਿੰਘ ਢਿੱਲੋਂ, ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ, ਜੀ.ਐਸ.ਏ. ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਜਤਿੰਦਰ ਪਾਲ ਸੈਣੀ, ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬੀ ਜੈਇੰਦਰ ਕੌਰ, ਪਟਿਆਲਾ ਜ਼ਿਲ੍ਹਾ ਭਾਜਪਾ ਪ੍ਰਧਾਨ ਸਰਦਾਰ ਜਸਪਾਲ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਰਹੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੀ.ਐਸ.ਏ. ਗਰੁੱਪ ਦੀ ਉਦਯੋਗਿਕ ਵਿਕਾਸ ਯਾਤਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋ ਕੇ ਵਿਸ਼ਵ ਬਾਜ਼ਾਰਾਂ ਤੱਕ ਪਹੁੰਚੀ ਜੀ.ਐਸ.ਏ. ਇੰਡਸਟਰੀਜ਼ ਦੀ ਯਾਤਰਾ ਇਸ ਗੱਲ ਦੀ ਉਦਾਹਰਨ ਹੈ ਕਿ ਭਾਰਤੀ ਉੱਦਮਸ਼ੀਲਤਾ, ਤਕਨਾਲੋਜੀ ਅਤੇ ਮਿਹਨਤ ਮਿਲ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਦੇ ਹਨ, ਕਿਸਾਨਾਂ ਨੂੰ ਮਜ਼ਬੂਤ ਬਣਾ ਸਕਦੇ ਹਨ ਅਤੇ ਭਾਰਤ ਨੂੰ ਵਿਸ਼ਵ ਪੱਧਰੀ ਨਿਰਮਾਣ ਕੇਂਦਰ ਬਣਾਉਣ ਵਿੱਚ ਯੋਗਦਾਨ ਪਾ ਸਕਦੇ ਹਨ।
ਉਨ੍ਹਾਂ ਸਮਾਗਮ ਦੇ ਸੰਦੇਸ਼ ‘Making India Stronger Through Manufacturing’ ਨੂੰ ਪ੍ਰੇਰਣਾਦਾਇਕ ਦੱਸਦਿਆਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਵਿਕਸਿਤ ਭਾਰਤ-2047’ ਦੇ ਵਿਜ਼ਨ ਨੂੰ ਸਾਕਾਰ ਕਰਨ ਵੱਲ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਮਰੱਥਾ ਉਸ ਵੇਲੇ ਵਧਦੀ ਹੈ, ਜਦੋਂ ਕਾਰਖਾਨਿਆਂ ਵਿੱਚ ਉਤਪਾਦਨ ਵਧਦਾ ਹੈ, ਨੌਜਵਾਨਾਂ ਦੇ ਹੁਨਰ ਨੂੰ ਨਿਖਾਰਿਆ ਜਾਂਦਾ ਹੈ ਅਤੇ ਦੇਸ਼ ਵਿੱਚ ਬਣੇ ਉਤਪਾਦ ਵਿਸ਼ਵ ਪੱਧਰ ’ਤੇ ਭਰੋਸਾ ਜਿੱਤਦੇ ਹਨ।
ਸ੍ਰੀ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੇ ਸੱਦੇ ਦਾ ਮੁੱਖ ਉਦੇਸ਼ ਦੇਸ਼ ਦੀਆਂ ਆਪਣੀਆਂ ਸਮਰੱਥਾਵਾਂ ਨੂੰ ਵਿਕਸਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਪ੍ਰਤਿਭਾ ਨੂੰ ਮੌਕੇ ਦੇਣ, ਉਦਯੋਗਾਂ ਨੂੰ ਨਵੀਂ ਤਕਨਾਲੋਜੀ ਨਾਲ ਜੋੜਨ ਅਤੇ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਵਿਸ਼ਵ ਬਾਜ਼ਾਰਾਂ ਤੱਕ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦਾ ਸੰਕਲਪ ਅਜਿਹੇ ਠੋਸ ਯਤਨਾਂ ਰਾਹੀਂ ਹੀ ਸਾਕਾਰ ਹੋ ਸਕਦਾ ਹੈ।
ਮੁੱਖ ਮੰਤਰੀ ਨੇ ਪੰਜਾਬ ਅਤੇ ਹਰਿਆਣਾ ਦੇ ਭਾਈਚਾਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵਾਂ ਸੂਬਿਆਂ ਦੀ ਸੱਭਿਆਚਾਰਕ ਸਾਂਝ, ਖੇਤੀਬਾੜੀ, ਪਰਿਵਾਰਕ ਰਿਸ਼ਤੇ ਅਤੇ ਮਿਹਨਤ ਦੀ ਪਰੰਪਰਾ ਇੱਕ-ਦੂਜੇ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦਾ ਉਦਯੋਗ ਅੱਗੇ ਵਧਦਾ ਹੈ ਤਾਂ ਇਸ ਦੀਆਂ ਸੰਭਾਵਨਾਵਾਂ ਹਰਿਆਣਾ ਤੱਕ ਪਹੁੰਚਦੀਆਂ ਹਨ ਅਤੇ ਜੇ ਹਰਿਆਣਾ ਦਾ ਉਦਯੋਗ ਵਿਕਾਸ ਕਰਦਾ ਹੈ ਤਾਂ ਪੰਜਾਬ ਦੇ ਕਾਰੋਬਾਰੀਆਂ ਅਤੇ ਨੌਜਵਾਨਾਂ ਲਈ ਵੀ ਨਵੇਂ ਮੌਕੇ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਸੂਬਿਆਂ ਦੀ ਸਾਂਝੀ ਤਾਕਤ ਪੂਰੇ ਉੱਤਰੀ ਭਾਰਤ ਦੇ ਵਿਕਾਸ ਨੂੰ ਗਤੀ ਦੇ ਸਕਦੀ ਹੈ।
ਉਨ੍ਹਾਂ ਨਿਰਮਾਣ ਖੇਤਰ ਨਾਲ ਜੁੜੇ ਉਦਯੋਗਪਤੀਆਂ ਅਤੇ ਕਰਮਚਾਰੀਆਂ ਨੂੰ ਉੱਤਮਤਾ ਲਈ ਸਾਂਝਾ ਸੰਕਲਪ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇੱਥੇ ਤਿਆਰ ਹੋਣ ਵਾਲਾ ਹਰ ਉਤਪਾਦ ਆਪਣੀ ਗੁਣਵੱਤਾ ਦੇ ਆਧਾਰ ’ਤੇ ਵਿਦੇਸ਼ਾਂ ਵਿੱਚ ਵੀ ਪਸੰਦ ਕੀਤਾ ਜਾਵੇ, ਤਾਂ ਜੋ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋ ਸਕੇ।
