ਚੰਡੀਗੜ੍ਹ, 16 ਨਵੰਬਰ, 2026 (ਸੰਜੀਵ ਸ਼ਰਮਾ ) : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਯਮੁਨਾਨਗਰ ਵਿਖੇ ਕਰਵਾਏ ਗਏ ਰਾਜ ਪੱਧਰੀ ਛੱਠ ਮਹੋਤਸਵ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸੂਬਾ ਵਾਸੀਆਂ, ਖਾਸ ਕਰਕੇ ਪੂਰਵਾਂਚਲ ਨਾਲ ਸਬੰਧਤ ਲੋਕਾਂ ਨੂੰ ਛੱਠ ਮਹਾਪਰਵ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਉਨ੍ਹਾਂ ਕਾਮਨਾ ਕੀਤੀ ਕਿ ਛੱਠ ਮਈਆ ਦੀ ਕਿਰਪਾ ਸਾਰਿਆਂ ‘ਤੇ ਬਣੀ ਰਹੇ ਅਤੇ ਹਰ ਕਿਸੇ ਦਾ ਜੀਵਨ ਸੁੱਖ, ਖੁਸ਼ਹਾਲੀ ਅਤੇ ਖੁਸ਼ੀਆਂ ਨਾਲ ਭਰਿਆ ਰਹੇ। ਮੁੱਖ ਮੰਤਰੀ ਨੇ ਛੱਠ ਘਾਟ ‘ਤੇ ਪੂਜਾ-ਅਰਚਨਾ ਕਰਕੇ ਛੱਠੀ ਮਈਆ ਦਾ ਆਸ਼ੀਰਵਾਦ ਵੀ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਮਾਂ ਯਮੁਨਾ ਦੀ ਪਵਿੱਤਰ ਧਰਤੀ ‘ਤੇ ਅਸੀਂ ਸਾਰੇ ਛੱਠ ਮਈਆ ਦਾ ਆਸ਼ੀਰਵਾਦ ਲੈਣ ਲਈ ਇਕੱਠੇ ਹੋਏ ਹਾਂ। ਕੁਦਰਤ ਅਤੇ ਸੱਭਿਆਚਾਰ ਦਾ ਇਹ ਅਦਭੁੱਤ ਸੰਗਮ ਸਾਨੂੰ ਆਪਣੀਆਂ ਮੂਲ ਜੜ੍ਹਾਂ ਨਾਲ ਹੋਰ ਮਜ਼ਬੂਤੀ ਨਾਲ ਜੋੜਦਾ ਹੈ ਅੱਜ ਉਹ ਉਸ ਮਹਾਨ ਪਰੰਪਰਾ ਦਾ ਸਨਮਾਨ ਕਰਨ ਲਈ ਇੱਥੇ ਪਹੁੰਚੇ ਹਨ, ਜਿਸ ਨੂੰ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਤੋਂ ਆਏ ਲੋਕਾਂ ਨੇ ਆਪਣੀ ਆਸਥਾ ਅਤੇ ਮਿਹਨਤ ਸਦਕਾ ਹਰਿਆਣਾ ਦੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਛੱਠ ਪੂਜਾ ਦਾ ਸਬੰਧ ਹਰਿਆਣਾ ਦੀ ਧਰਤੀ ਨਾਲ ਵੀ ਰਿਹਾ ਹੈ। ਇੱਕ ਮਾਨਤਾ ਅਨੁਸਾਰ ਛੱਠ ਪਰਵ ਦੀ ਸ਼ੁਰੂਆਤ ਮਹਾਭਾਰਤ ਕਾਲ ਵਿੱਚ ਹੋਈ ਸੀ ਅਤੇ ਸੂਰਜਪੁੱਤਰ ਕਰਨ ਨੇ ਧਰਮਖੇਤਰ ਕੁਰੂਕਸ਼ਤਰ ਵਿੱਚ ਸੂਰਜ ਦੇਵਤਾ ਦੀ ਉਪਾਸਨਾ ਦੀ ਸ਼ੁਰੂਆਤ ਕੀਤੀ ਸੀ। ਇਸ ਤਰ੍ਹਾਂ ਇਹ ਤਿਉਹਾਰ ਸਾਡੀਆਂ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਵੀ ਜੁੜਿਆ ਹੋਇਆ ਹੈ।

ਛੱਠ ਪੂਜਾ ਲਈ ਸੂਬੇ ਵਿੱਚ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਸਹੂਲਤਾਂ
ਮੁੱਖ ਮੰਤਰੀ ਨੇ ਕਿਹਾ ਕਿ ਪੂਰਵਾਂਚਲ ਦੇ ਲੋਕਾਂ ਦੀ ਆਸਥਾ ਅਤੇ ਪਰੰਪਰਾਵਾਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸੇ ਭਾਵਨਾ ਤਹਿਤ ਸਰਕਾਰ ਵੱਲੋਂ ਛੱਠ ਪੂਜਾ ਦੇ ਆਯੋਜਨ ਲਈ ਲੋੜੀਂਦੀਆਂ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਰਨਾਲ ਵਿੱਚ 4 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਇਸ਼ਨਾਨ ਘਾਟ ਦਾ ਨਿਰਮਾਣ ਕੀਤਾ ਗਿਆ ਹੈ। ਇਸੇ ਘਾਟ ਦੇ ਸਾਹਮਣੇ ਨਹਿਰ ਦੇ ਦੂਜੇ ਕਿਨਾਰੇ ‘ਤੇ ਵੀ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਘਾਟ ਬਣਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪੰਚਕੂਲਾ ਵਿੱਚ ਵੀ ਛੱਠ ਪੂਜਾ ਲਈ ਘਾਟ ਬਣਾਇਆ ਗਿਆ ਹੈ। ਪਾਣੀਪਤ ਅਤੇ ਸੋਨੀਪਤ ਵਿੱਚ ਵੀ ਘਾਟਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ।
ਮਜ਼ਦੂਰਾਂ ਦੀ ਭਲਾਈ ਲਈ ਸਰਕਾਰ ਵਚਨਬੱਧ
ਮੁੱਖ ਮੰਤਰੀ ਨੇ ਕਿਹਾ ਕਿ ਪੂਰਵਾਂਚਲ ਦੇ ਮਿਹਨਤੀ ਅਤੇ ਕਰਮਠ ਭੈਣ-ਭਰਾ ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਆਪਣੀ ਸਖ਼ਤ ਮਿਹਨਤ, ਲਗਨ ਅਤੇ ਸਮਰਪਣ ਨਾਲ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਛੱਠ ਪਰਵ ਨੂੰ ਰਾਸ਼ਟਰੀ ਤਿਉਹਾਰ ਦਾ ਦਰਜਾ ਦਿੱਤਾ ਹੈ, ਜੋ ਇਸ ਤਿਉਹਾਰ ਦੀ ਵਿਆਪਕ ਸੱਭਿਆਚਾਰਕ ਅਤੇ ਸਮਾਜਿਕ ਮਹੱਤਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਮਜ਼ਦੂਰਾਂ ਦੀ ਭਲਾਈ, ਸਨਮਾਨ ਅਤੇ ਸਮਾਜਿਕ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ।ਪਿਛਲੇ 12 ਸਾਲਾਂ ਦੌਰਾਨ ਉਸਾਰੀ ਮਜ਼ਦੂਰਾਂ ਦੀ ਭਲਾਈ ਲਈ 3,931 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਹਰਿਆਣਾ ਲੇਬਰ ਵੈਲਫੇਅਰ ਬੋਰਡ ਵੱਲੋਂ ਵੀ ਮਜ਼ਦੂਰਾਂ ਦੀ ਭਲਾਈ ‘ਤੇ ਲਗਭਗ 1,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮਜ਼ਦੂਰ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਕੰਨਿਆਦਾਨ ਯੋਜਨਾ ਤਹਿਤ 1 ਲੱਖ 1 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਸਰਕਾਰ ਨੇ ਤਨਖ਼ਾਹ ਦੀ ਸੀਮਾ ਵਿੱਚ ਵਾਧਾ ਕਰਕੇ ਵੱਧ ਤੋਂ ਵੱਧ ਉਦਯੋਗਿਕ ਅਤੇ ਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਵੱਖ-ਵੱਖ ਭਲਾਈ ਯੋਜਨਾਵਾਂ ਦੇ ਘੇਰੇ ਵਿੱਚ ਸ਼ਾਮਲ ਕੀਤਾ ਹੈ, ਤਾਂ ਜੋ ਉਹ ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਸਕਣ।ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਦੇ ਆਪਣੇ ਘਰ ਦਾ ਸੁਪਨਾ ਪੂਰਾ ਕਰਨ ਲਈ ਸਿੱਧੀ ਵਿੱਤੀ ਸਹਾਇਤਾ ਯੋਜਨਾ ਵੀ ਲਾਗੂ ਕੀਤੀ ਗਈ ਹੈ।ਮੁੱਖ ਮੰਤਰੀ ਆਵਾਸ ਯੋਜਨਾ ਦੇ ਯੋਗ ਉਸਾਰੀ ਮਜ਼ਦੂਰਾਂ ਨੂੰ ਘਰ ਬਣਾਉਣ ਲਈ 2 ਲੱਖ 50 ਹਜ਼ਾਰ ਰੁਪਏ ਤੱਕ ਦੀ ਵਿੱਤੀ ਸਹਾਇਤਾ ਸਿੱਧੇ ਤੌਰ ‘ਤੇ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ, ਸੰਭਾਲ, ਸਨਮਾਨ ਅਤੇ ਸਸ਼ਕਤੀਕਰਨ ਲਈ ਹਰ ਸੰਭਵ ਯਤਨ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਮਾਜ ਦੇ ਹਰ ਵਰਗ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣਾ ਹੈ। ਇਸ ਮੌਕੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਵਿਧਾਇਕ ਘਣਸ਼ਿਆਮ ਦਾਸ ਅਤੇ ਸਾਬਕਾ ਮੰਤਰੀ ਕੰਵਰ ਪਾਲ ਸਮੇਤ ਹੋਰ ਕਈ ਪਤਵੰਤੇ ਸੱਜਣ ਮੌਜੂਦ ਸਨ।





