ਠੰਢ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਸਕੂਲ ਆਉਣ ਅਤੇ ਛੁੱਟੀ ਦੇ ਸਮੇਂ ਵਿੱਚ ਹੋਵੇਗਾ ਬਦਲਾਅ
ਚੰਡੀਗੜ੍ਹ, 28 ਅਕਤੂਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਮੌਸਮ ਵਿੱਚ ਆ ਰਹੀ ਤਬਦੀਲੀ ਅਤੇ ਸਵੇਰ-ਸ਼ਾਮ ਵਧ ਰਹੀ ਠੰਢ ਦੇ ਮੱਦੇਨਜ਼ਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਇਸ ਤਹਿਤ ਚੰਡੀਗੜ੍ਹ ਵਿੱਚ ਸਰਦੀਆਂ ਦੀ ਨਵੀਂ ਸਮਾਂ-ਸਾਰਣੀ 1 ਨਵੰਬਰ ਤੋਂ ਲਾਗੂ ਹੋਵੇਗੀ, ਜਦਕਿ ਪੰਜਾਬ ਦੇ ਸਕੂਲਾਂ ਲਈ ਨਵਾਂ ਸਮਾਂ 2 ਨਵੰਬਰ ਤੋਂ ਲਾਗੂ ਹੋਵੇਗਾ।
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦਾ ਸਮਾਂ
ਚੰਡੀਗੜ੍ਹ ਦੇ ਡਬਲ ਸ਼ਿਫਟ ਵਾਲੇ ਸਰਕਾਰੀ ਸਕੂਲਾਂ ਵਿੱਚ 2 ਨਵੰਬਰ ਤੋਂ ਸਵੇਰ ਦੀ ਸ਼ਿਫਟ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਵੇਰੇ 8 ਵਜੇ ਤੋਂ ਦੁਪਹਿਰ 1:15 ਵਜੇ ਤੱਕ ਹੋਵੇਗੀ। ਇਸ ਸ਼ਿਫਟ ਦੇ ਸਕੂਲ ਸਵੇਰੇ 7:50 ਵਜੇ ਖੁੱਲ੍ਹਣਗੇ। ਦੁਪਹਿਰ ਦੀ ਸ਼ਿਫਟ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਦੁਪਹਿਰ 12:45 ਵਜੇ ਸਕੂਲ ਪਹੁੰਚਣਗੇ ਅਤੇ ਉਨ੍ਹਾਂ ਦੀ ਛੁੱਟੀ ਸ਼ਾਮ 5 ਵਜੇ ਹੋਵੇਗੀ। ਇਸ ਸ਼ਿਫਟ ਦੇ ਸਟਾਫ਼ ਦਾ ਸਮਾਂ ਸਵੇਰੇ 10:50 ਵਜੇ ਤੋਂ ਸ਼ਾਮ 5:10 ਵਜੇ ਤੱਕ ਹੋਵੇਗਾ। ਸਿੰਗਲ ਸ਼ਿਫਟ ਵਾਲੇ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਸਮਾਂ ਸਵੇਰੇ 8:20 ਵਜੇ ਤੋਂ ਦੁਪਹਿਰ 2:20 ਵਜੇ ਤੱਕ ਹੋਵੇਗਾ। ਇਨ੍ਹਾਂ ਸਕੂਲਾਂ ਦਾ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਸਵੇਰੇ 8:10 ਵਜੇ ਪਹੁੰਚੇਗਾ ਅਤੇ ਦੁਪਹਿਰ 2:30 ਵਜੇ ਛੁੱਟੀ ਕਰੇਗਾ।
ਪੰਜਾਬ ਦੇ ਸਕੂਲਾਂ ਲਈ ਵੀ ਨਵਾਂ ਸ਼ਡਿਊਲ
ਪੰਜਾਬ ਸਰਕਾਰ ਵੱਲੋਂ ਵੀ ਸੂਬੇ ਦੇ ਸਰਕਾਰੀ, ਨਿੱਜੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਨਵਾਂ ਸ਼ਡਿਊਲ 2 ਨਵੰਬਰ ਤੋਂ 28 ਫਰਵਰੀ ਤੱਕ ਲਾਗੂ ਰਹੇਗਾ ਅਤੇ ਇਸ ਅਧੀਨ ਸੂਬੇ ਦੇ 19,000 ਤੋਂ ਵੱਧ ਸਕੂਲ ਆਉਣਗੇ। ਨਵੇਂ ਸਮੇਂ ਮੁਤਾਬਕ ਪੰਜਾਬ ਦੇ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲੱਗਣਗੇ। ਇਸੇ ਤਰ੍ਹਾਂ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3:20 ਵਜੇ ਤੱਕ ਹੋਵੇਗਾ।
ਮੌਸਮ ਅਨੁਸਾਰ ਬਦਲਦਾ ਹੈ ਸਕੂਲਾਂ ਦਾ ਸਮਾਂ
ਪੰਜਾਬ ਵਿੱਚ ਮੌਸਮ ਅਤੇ ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਅਕਾਦਮਿਕ ਸੈਸ਼ਨ ਦੌਰਾਨ ਸਕੂਲਾਂ ਦੇ ਸਮੇਂ ਵਿੱਚ ਸਾਲ ਵਿੱਚ ਤਿੰਨ ਵਾਰ ਤਬਦੀਲੀ ਕੀਤੀ ਜਾਂਦੀ ਹੈ। 1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਦੇ ਹਨ। ਇਸ ਤੋਂ ਬਾਅਦ 1 ਅਕਤੂਬਰ ਤੋਂ 31 ਅਕਤੂਬਰ ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਹੁੰਦਾ ਹੈ। ਸਰਦੀਆਂ ਦਾ ਸ਼ਡਿਊਲ ਖ਼ਤਮ ਹੋਣ ਤੋਂ ਬਾਅਦ 1 ਮਾਰਚ ਤੋਂ ਸਕੂਲਾਂ ਦੇ ਸਮੇਂ ਵਿੱਚ ਮੁੜ ਤਬਦੀਲੀ ਕੀਤੀ ਜਾਵੇਗੀ।
