ਚਮੋਲੀ, 14 ਅਗਸਤ, 2026 (ਹਰਸ਼ਪ੍ਰੀਤ ਕੌਰ) : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿਪਲਕੋਟੀ ਵਿੱਚ ਟਿਹਰੀ ਹਾਈਡ੍ਰੋ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (THDC) ਦੀ ਨਿਰਮਾਣ ਅਧੀਨ ਸੁਰੰਗ ਵਿੱਚ ਪਾਣੀ ਅਤੇ ਮਲਬਾ ਦਾਖਲ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਤੋਂ ਬਾਅਦ ਸੁਰੰਗ ਵਿੱਚ ਕਈ ਮਜ਼ਦੂਰ ਫਸ ਗਏ। ਅਧਿਕਾਰੀਆਂ ਮੁਤਾਬਕ ਸੁਰੰਗ ਵਿੱਚੋਂ ਬਚਾਏ ਗਏ 19 ਲੋਕਾਂ ਨੂੰ ਗੋਪੇਸ਼ਵਰ ਦੇ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਇਨ੍ਹਾਂ ਵਿੱਚੋਂ 7 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਸਪਤਾਲ ਦੇ ਡਾਕਟਰ ਆਯੂਸ਼ ਨੇ ਦੱਸਿਆ ਕਿ ਬਾਕੀ ਲੋਕਾਂ ਵਿੱਚੋਂ 13 ਦੀ ਹਾਲਤ ਮੁਕਾਬਲਤਨ ਸਥਿਰ ਸੀ। 10 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ, ਜਦਕਿ ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸ੍ਰੀਨਗਰ ਦੇ ਬੇਸ ਹਸਪਤਾਲ ਰੈਫਰ ਕੀਤਾ ਗਿਆ ਹੈ। ਸੁਰੰਗ ਵਿੱਚ ਫਸੇ ਬਾਕੀ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ NDRF ਅਤੇ SDRF ਦੀਆਂ ਟੀਮਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਐਨਡੀਆਰਐਫ ਟੀਮ ਦੇ ਕਮਾਂਡਰ ਅਮ੍ਰਿਤ ਲਾਲ ਮੀਣਾ ਨੇ ਦੱਸਿਆ ਕਿ ਜਦੋਂ ਬਚਾਅ ਟੀਮ ਮੌਕੇ ‘ਤੇ ਪਹੁੰਚੀ ਤਾਂ ਸੁਰੰਗ ਦੇ ਅੰਦਰ ਵੱਡੀ ਮਾਤਰਾ ਵਿੱਚ ਪਾਣੀ ਭਰਿਆ ਹੋਇਆ ਸੀ ਅਤੇ ਪਾਸਿਆਂ ਤੋਂ ਵੀ ਪਾਣੀ ਰਿਸ ਰਿਹਾ ਸੀ।
ਮੀਣਾ ਮੁਤਾਬਕ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਸੀ। ਵਿਸ਼ੇਸ਼ ਉਪਕਰਨਾਂ ਦੀ ਮਦਦ ਨਾਲ ਬਚਾਅ ਟੀਮ ਨੇ ਹੁਣ ਤੱਕ ਪਾਣੀ ਵਿੱਚੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਤੱਕ ਰਾਹਤ ਕਾਰਜ ਜਾਰੀ ਰਹਿਣਗੇ। THDC ਦੇ ਐਗਜ਼ੀਕਿਊਟਿਵ ਡਾਇਰੈਕਟਰ (ਪ੍ਰੋਜੈਕਟਸ) ਕੁਮਾਰ ਸ਼ਰਦ ਨੇ ਦੱਸਿਆ ਕਿ ਹਾਦਸੇ ਸਮੇਂ ਸੁਰੰਗ ਦੇ ਅੰਦਰ ਲਗਭਗ 20 ਤੋਂ 22 ਮਜ਼ਦੂਰ ਮੌਜੂਦ ਸਨ। ਉਨ੍ਹਾਂ ਮੁਤਾਬਕ ਸ਼ੁਰੂਆਤੀ ਕਾਰਵਾਈ ਦੌਰਾਨ 18 ਮਜ਼ਦੂਰਾਂ ਨੂੰ ਬਚਾ ਕੇ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਸੀ। ਬਚਾਏ ਗਏ ਲੋਕਾਂ ਵਿੱਚੋਂ 3 ਤੋਂ 4 ਦੀ ਹਾਲਤ ਗੰਭੀਰ ਦੱਸੀ ਗਈ ਸੀ। ਪ੍ਰਸ਼ਾਸਨ ਅਤੇ ਬਚਾਅ ਏਜੰਸੀਆਂ ਵੱਲੋਂ ਸੁਰੰਗ ਵਿੱਚ ਫਸੇ ਹੋਰ ਮਜ਼ਦੂਰਾਂ ਦੀ ਭਾਲ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜੰਗੀ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
