ਅੱਜ ਦਾ ਮਨੁੱਖ ਰੇਡੀਏਸ਼ਨ ਨਾਲ ਘਿਰਿਆ ਹੋਇਆ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਰੇਡੀਏਸ਼ਨ ਖ਼ਤਰਨਾਕ ਹੈ। ਮੋਬਾਈਲ ਫੋਨ, ਮੋਬਾਈਲ ਟਾਵਰ, ਵਾਈ-ਫਾਈ, ਬਿਜਲੀ ਦੇ ਉਪਕਰਨ, ਰੇਡੀਓ-ਟੈਲੀਵਿਜ਼ਨ ਸਿਗਨਲ ਅਤੇ ਹਸਪਤਾਲਾਂ ਦੇ ਐਕਸ-ਰੇ ਤੇ ਸੀਟੀ ਸਕੈਨ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਚੁੱਕੇ ਹਨ। ਅਸਲ ਮੁੱਦਾ ਹੈ ਕਿ ਕਿਸ ਕਿਸਮ ਦੀ ਰੇਡੀਏਸ਼ਨ, ਕਿੰਨੀ ਮਾਤਰਾ, ਕਿੰਨੇ ਸਮੇਂ ਅਤੇ ਕਿਸ ਤਰੀਕੇ ਨਾਲ ਸਰੀਰ ਤੱਕ ਪਹੁੰਚ ਰਹੀ ਹੈ। ਮੋਬਾਈਲ ਟਾਵਰ ਰੇਡੀਓਫ੍ਰੀਕਵੈਂਸੀ, ਭਾਵ ਗੈਰ-ਆਇਨੀਕਰਨ ਕਿਰਣਾਂ , ਵਰਤਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਜਨਤਕ ਤੌਰ ’ਤੇ ਪਹੁੰਚਯੋਗ ਥਾਵਾਂ ’ਤੇ ਬੇਸ-ਸਟੇਸ਼ਨ ਤੋਂ ਰੇਡੀਓਫ੍ਰੀਕਵੈਂਸੀ ਦੀ ਮਾਤਰਾ ਆਮ ਤੌਰ ’ਤੇ ਨਿਰਧਾਰਤ ਸੁਰੱਖਿਆ ਹੱਦਾਂ ਤੋਂ ਕਾਫ਼ੀ ਹੇਠਾਂ ਹੁੰਦੀ ਹੈ। ਟਾਵਰ ਦੇ ਐਂਟੀਨਾ ਦੇ ਬਿਲਕੁਲ ਸਾਹਮਣੇ ਨਜ਼ਦੀਕੀ ਦੂਰੀ ’ਤੇ ਪਹੁੰਚ ’ਤੇ ਪਾਬੰਦੀਆਂ ਇਸੇ ਲਈ ਮਹੱਤਵਪੂਰਨ ਹਨ।
ਭਾਰਤ ਵਿੱਚ ਦੂਰਸੰਚਾਰ ਵਿਭਾਗ ਨੇ ਮੋਬਾਈਲ ਬੇਸ-ਸਟੇਸ਼ਨਾਂ ਲਈ ਈਐਮਐਫ ਐਕਸਪੋਜ਼ਰ ਸੀਮਾਵਾਂ ਨਿਰਧਾਰਤ ਕੀਤੀਆਂ ਹਨ ਅਤੇ ਵਿਭਾਗ ਦੇ ਦਸਤਾਵੇਜ਼ਾਂ ਮੁਤਾਬਕ ਇਹ ਸੀਮਾਵਾਂ ਆਈ ਸੀ ਐਨ ਆਰ ਪੀ ਦੀਆਂ ਅੰਤਰਰਾਸ਼ਟਰੀ ਹੱਦਾਂ ਦੇ ਇੱਕ-ਦਸਵੇਂ ਹਿੱਸੇ ’ਤੇ ਰੱਖੀਆਂ ਗਈਆਂ ਹਨ। ਇਸ ਲਈ ਹਰ ਟਾਵਰ ਨੂੰ ਕੈਂਸਰ ਜਾਂ ਹੋਰ ਬਿਮਾਰੀਆਂ ਦਾ ਸਿੱਧਾ ਕਾਰਨ ਦੱਸਣਾ ਵਿਗਿਆਨਕ ਤੌਰ ’ਤੇ ਠੀਕ ਨਹੀਂ। ਵਿਸ਼ਵ ਸਿਹਤ ਸੰਸਥਾ ਦੀ ਮੌਜੂਦਾ ਸਮੀਖਿਆ ਮੁਤਾਬਕ ਨਿਰਧਾਰਤ ਅੰਤਰਰਾਸ਼ਟਰੀ ਹੱਦਾਂ ਤੋਂ ਹੇਠਾਂ ਈਐਮਐਫ ਐਕਸਪੋਜ਼ਰ ਨਾਲ ਸਿਹਤ ’ਤੇ ਕੋਈ ਜਾਣਿਆ ਹੋਇਆ ਨੁਕਸਾਨ ਸਾਬਤ ਨਹੀਂ ਹੋਇਆ।
ਇੱਥੇ ਮੋਬਾਈਲ ਫੋਨ ਦੀ ਵਰਤੋਂ ਇਕ ਵੱਖਰਾ ਮਾਮਲਾ ਹੈ। ਟਾਵਰ ਨਾਲੋਂ ਮੋਬਾਈਲ ਫੋਨ ਸਰੀਰ ਦੇ ਬਹੁਤ ਨੇੜੇ ਹੁੰਦਾ ਹੈ। ਖ਼ਾਸ ਕਰਕੇ ਲੰਬੇ ਸਮੇਂ ਤੱਕ ਕੰਨ ਨਾਲ ਲਗਾ ਕੇ ਗੱਲ ਕਰਨ ਵੇਲੇ ਸਿਰ ਦੇ ਨੇੜੇ ਰੇਡੀਓਫ੍ਰੀਕਵੈਂਸੀ ਐਕਸਪੋਜ਼ਰ ਵੱਧ ਹੁੰਦਾ ਹੈ। ਵਿਸ਼ਵ ਸਿਹਤ ਸੰਸਥਾ ਮੁਤਾਬਕ ਹੁਣ ਤੱਕ ਉਪਲਬਧ ਸਮੁੱਚੇ ਸਬੂਤ ਮੋਬਾਈਲ ਫੋਨ ਦੀ ਵਰਤੋਂ ਨੂੰ ਮਨੁੱਖੀ ਸਿਹਤ ਲਈ ਸਪਸ਼ਟ ਤੌਰ ’ਤੇ ਹਾਨੀਕਾਰਕ ਸਾਬਤ ਨਹੀਂ ਕਰਦੇ। ਫਿਰ ਵੀ ਸਾਵਧਾਨੀ ਮੁਫ਼ਤ ਹੈ ਵਰਤ ਲੈਣੀ ਚਾਹੀਂਦੀ ਹੈ । ਲੰਬੀਆਂ ਕਾਲਾਂ ਲਈ ਸਪੀਕਰ ਜਾਂ ਹੈਂਡਸ-ਫ੍ਰੀ ਵਰਤਣਾ, ਫੋਨ ਨੂੰ ਸਰੀਰ ਨਾਲ ਲਗਾਤਾਰ ਨਾ ਰੱਖਣਾ ਅਤੇ ਕਮਜ਼ੋਰ ਸਿਗਨਲ ਵਿੱਚ ਬੇਲੋੜੀਆਂ ਲੰਬੀਆਂ ਕਾਲਾਂ ਤੋਂ ਬਚਣਾ ਸਮਝਦਾਰੀ ਹੈ।
ਐਕਸ-ਰੇ, ਸੀਟੀ ਅਤੇ ਫਲੋਰੋਸਕੋਪੀ ਆਇਨੀਕਰਨ ਕਿਰਣਾਂ ਵਰਤਦੇ ਹਨ। ਇਹ ਰੇਡੀਏਸ਼ਨ ਡੀਐਨਏ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦੀ ਹੈ ਅਤੇ ਵਾਰ-ਵਾਰ ਜਾਂ ਵੱਧ ਡੋਜ਼ ਨਾਲ ਜੀਵਨਕਾਲ ਵਿੱਚ ਕੈਂਸਰ ਦੇ ਖ਼ਤਰੇ ਵਿੱਚ ਥੋੜ੍ਹਾ ਵਾਧਾ ਹੋ ਸਕਦਾ ਹੈ। ਸੀਟੀ ਦੀ ਡੋਜ਼ ਆਮ ਐਕਸ-ਰੇ ਨਾਲੋਂ ਵੱਧ ਹੁੰਦੀ ਹੈ। ਪਰ ਇਸ ਦਾ ਅਰਥ ਇਹ ਨਹੀਂ ਕਿ ਮਰੀਜ਼ ਲੋੜੀਂਦਾ ਸੀਟੀ ਜਾਂ ਐਕਸ -ਰੇ ਨਾ ਕਰਵਾਏ। ਜਦੋਂ ਮੈਡੀਕਲ ਤੌਰ ’ਤੇ ਜਾਂਚ ਜ਼ਰੂਰੀ ਹੋਵੇ ਤਾਂ ਇਸ ਦਾ ਲਾਭ ਆਮ ਤੌਰ ’ਤੇ ਜੋਖ਼ਮ ਨਾਲੋਂ ਕਾਫ਼ੀ ਵੱਧ ਹੁੰਦਾ ਹੈ। ਬੇਲੋੜੀਆਂ ਜਾਂਚਾਂ ਤੋਂ ਬਚਣਾ ਅਤੇ ਰੇਡੀਏਸ਼ਨ ਡੋਜ਼ ਨੂੰ “ਵਾਜਬ ਤੌਰ ’ਤੇ ਜਿੰਨਾ ਘੱਟ ਰੱਖਿਆ ਜਾ ਸਕੇ, ਉੱਨਾ ਘੱਟ” ਰੱਖਣਾ ਮੁੱਖ ਸਿਧਾਂਤ ਹੈ।
ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਆਮ ਲੋਕ ਆਇਨੀਕਰਨ ਕਿਰਣਾਂ / ਗੈਰ-ਆਇਨੀਕਾਰੀ ਕਿਰਣ ਵਿਚਲਾ ਫ਼ਰਕ ਨਹੀਂ ਜਾਣਦੇ। ਇੱਕ ਪਾਸੇ ਟਾਵਰ ਨੂੰ ਦੇਖ ਕੇ ਡਰ ਪੈਦਾ ਕੀਤਾ ਜਾਂਦਾ ਹੈ, ਦੂਜੇ ਪਾਸੇ ਲੋੜ ਤੋਂ ਬਿਨਾਂ ਮੋਬਾਈਲ ਦੀ ਵਰਤੋਂ ਅਤੇ ਬੇਲੋੜੀਆਂ ਮੈਡੀਕਲ ਜਾਂਚਾਂ ਨੂੰ ਹਲਕੇ ਵਿੱਚ ਲਿਆ ਜਾਂਦਾ ਹੈ। ਇਸ ਲਈ ਭਾਰਤ ਵਿੱਚ ਲੋੜ ਰੇਡੀਏਸ਼ਨ ਮੁਕਤ ਸਮਾਜ ਦੀ ਨਹੀਂ, ਸਗੋਂ ਰੇਡੀਏਸ਼ਨ ਜਾਗਰੂਕ ਸਮਾਜ ਦੀ ਹੈ। ਟਾਵਰਾਂ ਦੀ ਨਿਯਮਤ ਨਿਗਰਾਨੀ, ਹਸਪਤਾਲਾਂ ਵਿੱਚ ਰੇਡੀਏਸ਼ਨ ਸਾਵਧਾਨੀ ਦਾ ਪ੍ਰੋਟੋਕੋਲ, ਮਰੀਜ਼ਾਂ ਨੂੰ ਜਾਂਚ ਦੀ ਲੋੜ ਅਤੇ ਡੋਜ਼ ਬਾਰੇ ਜਾਣਕਾਰੀ ਅਤੇ ਲੋਕਾਂ ਵਿੱਚ ਵਿਗਿਆਨਕ ਜਾਗਰੂਕਤਾ। ਇਹੀ ਹੀ ਇਕਮਾਤਰ ਰਸਤਾ ਹੈ। ਰੇਡੀਏਸ਼ਨ ਅਦਿੱਖ ਹੈ, ਪਰ ਇਸ ਨਾਲ ਜੁੜੇ ਫ਼ੈਸਲੇ ਅੰਧਵਿਸ਼ਵਾਸ ਜਾਂ ਡਰ ਨਾਲ ਨਹੀਂ ਮਾਪ, ਮਿਆਰ, ਵਿਗਿਆਨ ਅਤੇ ਸਾਵਧਾਨੀ ਨਾਲ ਹੋਣੇ ਚਾਹੀਦੇ ਹਨ।
ਛੱਤਰਪਾਲ ਸਿੰਘ







