Home ਪੰਜਾਬ ਅੰਮ੍ਰਿਤਸਰ ਹਵਾਈ ਅੱਡੇ ’ਤੇ ਜਾਅਲੀ ਟਿਕਟਾਂ ਦਾ ਮਾਮਲਾ, 16 ਯਾਤਰੀ ਹਿਰਾਸਤ ’ਚ

ਅੰਮ੍ਰਿਤਸਰ ਹਵਾਈ ਅੱਡੇ ’ਤੇ ਜਾਅਲੀ ਟਿਕਟਾਂ ਦਾ ਮਾਮਲਾ, 16 ਯਾਤਰੀ ਹਿਰਾਸਤ ’ਚ

16 Passengers Detained at Amritsar Airport After Suspected Fake Tickets for an IndiGo Flight to Sharjah Failed Verification.

0

ਅੰਮ੍ਰਿਤਸਰ, 16 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ): ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਾਅਲੀ ਹਵਾਈ ਟਿਕਟਾਂ ਮਿਲਣ ਦੇ ਸ਼ੱਕ ਵਿੱਚ 16 ਯਾਤਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਯਾਤਰੀ ਸ਼ਾਰਜਾਹ, ਸੰਯੁਕਤ ਅਰਬ ਅਮੀਰਾਤ (UAE) ਜਾਣ ਵਾਲੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਰਾਹੀਂ ਸਫ਼ਰ ਕਰਨ ਦੀ ਤਿਆਰੀ ਵਿੱਚ ਸਨ। ਮਿਲੀ ਜਾਣਕਾਰੀ ਅਨੁਸਾਰ, ਉਡਾਣ ਨੰਬਰ 6E 1427 ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਦੌਰਾਨ 16 ਯਾਤਰੀਆਂ ਦੀਆਂ ਟਿਕਟਾਂ ਏਅਰਲਾਈਨ ਦੇ ਸਿਸਟਮ ਵਿੱਚ ਨਹੀਂ ਦਿਖਾਈ ਦਿੱਤੀਆਂ। ਇਸ ਤੋਂ ਬਾਅਦ ਟਿਕਟਾਂ ਦੀ ਜਾਂਚ ਕੀਤੀ ਗਈ ਅਤੇ ਕਥਿਤ ਤੌਰ ’ਤੇ ਇਹ ਟਿਕਟਾਂ ਜਾਅਲੀ ਹੋਣ ਦਾ ਸ਼ੱਕ ਸਾਹਮਣੇ ਆਇਆ। ਇਸ ਮਾਮਲੇ ਵਿੱਚ ਸਬੰਧਤ ਯਾਤਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ।

ਟਿਕਟਾਂ ਕਿੱਥੋਂ ਮਿਲੀਆਂ, ਜਾਂਚ ਜਾਰੀ

ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਯਾਤਰੀਆਂ ਨੇ ਇਹ ਟਿਕਟਾਂ ਕਿੱਥੋਂ ਪ੍ਰਾਪਤ ਕੀਤੀਆਂ ਅਤੇ ਕੀ ਇਸ ਮਾਮਲੇ ਵਿੱਚ ਕੋਈ ਟਰੈਵਲ ਏਜੰਟ ਜਾਂ ਹੋਰ ਵਿਅਕਤੀ ਸ਼ਾਮਲ ਹੈ। ਅਧਿਕਾਰੀ ਇਸ ਸੰਭਾਵਨਾ ਦੀ ਵੀ ਜਾਂਚ ਕਰ ਰਹੇ ਹਨ ਕਿ ਕਿਤੇ ਇਸ ਪਿੱਛੇ ਕੋਈ ਸੰਗਠਿਤ ਨੈੱਟਵਰਕ ਤਾਂ ਕੰਮ ਨਹੀਂ ਕਰ ਰਿਹਾ ਸੀ। ਏਅਰਪੋਰਟ ਇੰਚਾਰਜ ਸ਼ਾਕ ਕੁਲਜੀਤ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਸਬੰਧਤ ਏਜੰਟ ਵਿਰੁੱਧ ਐੱਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਅਗਲੀ ਕਾਰਵਾਈ ਪੁੱਛਗਿੱਛ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਕੀਤੀ ਜਾਵੇਗੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਅਲੀ ਟਿਕਟਾਂ ਦੀ ਸਪਲਾਈ ਦੇ ਸਰੋਤ ਬਾਰੇ ਅਧਿਕਾਰਤ ਤੌਰ ’ਤੇ ਹੋਰ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।

 

Exit mobile version