ਪਟਿਆਲਾ, 19 ਸਤੰਬਰ 2026 (ਬਲਜੀਤ ਸਰਨਾ): ਪਟਿਆਲਾ ਵਿੱਚ ਚਾਰ ਸਾਲ ਦੀ ਬੱਚੀ ‘ਤੇ ਕਥਿਤ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੇ ਪਿਤਾ ਗੁਰਵਿੰਦਰ ਸਿੰਘ, ਨਿਵਾਸੀ ਪਿੰਡ ਬੋੜਾਂ ਕਲਾਂ, ਨੇ ਤਿੰਨ ਵਿਅਕਤੀਆਂ ‘ਤੇ ਰਸਤੇ ਵਿੱਚ ਰੋਕ ਕੇ ਹਮਲਾ ਕਰਨ ਅਤੇ ਧਮਕਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਗੁਰਵਿੰਦਰ ਸਿੰਘ ਦੇ ਅਨੁਸਾਰ, 17 ਤਾਰੀਖ਼ ਨੂੰ ਭਗਤਾਂ ਵਾਲੇ ਬਾਗ਼ ਦੇ ਕੋਲ ਸ਼ਾਮ ਲਗਭਗ 6:45 ਵਜੇ ਤਿੰਨ ਵਿਅਕਤੀਆਂ ਨੇ ਉਨ੍ਹਾਂ ਨਾਲ ਕਥਿਤ ਤੌਰ ‘ਤੇ ਲੁੱਟ-ਖੋਹ ਕੀਤੀ ਸੀ। ਇਸ ਸਬੰਧੀ ਅਗਲੇ ਦਿਨ ਥਾਣੇ ਵਿੱਚ ਐੱਫ.ਆਈ.ਆਰ. (FIR) ਵੀ ਦਰਜ ਕਰਵਾਈ ਗਈ ਸੀ।

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਹ ਆਪਣੀ ਚਾਰ ਸਾਲਾ ਧੀ ਨੂੰ ਹਥੌਲਾ ਕਰਵਾਉਣ ਲਈ ਲੈ ਕੇ ਜਾ ਰਹੇ ਸਨ। ਲਗਭਗ 9 ਵਜੇ ਛੋਟੀ ਬੋੜਾਂ ਤੋਂ ਬਾਲਾਂ ਕਲਾਂ ਵੱਲ ਜਾਣ ਵਾਲੇ ਰਸਤੇ ‘ਤੇ ਤਿੰਨ ਵਿਅਕਤੀ ਮੋਟਰਸਾਈਕਲ ‘ਤੇ ਖੜ੍ਹੇ ਮਿਲੇ। ਪਿਤਾ ਦੇ ਦੋਸ਼ਾਂ ਮੁਤਾਬਕ, ਇਹਨਾਂ ਲੋਕਾਂ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਕੇ ਧਮਕਾਇਆ ਅਤੇ ਕਿਹਾ ਕਿ ਪੁਲਿਸ ਜਾਂ ਕੋਈ ਵਿਧਾਇਕ ਵੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ।
ਗੁਰਵਿੰਦਰ ਸਿੰਘ ਦਾ ਦਾਅਵਾ ਹੈ ਕਿ ਉਹ ਇਹਨਾਂ ਵਿਅਕਤੀਆਂ ਨੂੰ ਨਿੱਜੀ ਤੌਰ ‘ਤੇ ਨਹੀਂ ਜਾਣਦੇ ਅਤੇ ਪਰਿਵਾਰ ਦਾ ਉਨ੍ਹਾਂ ਨਾਲ ਕੋਈ ਪੁਰਾਣਾ ਵਿਵਾਦ ਵੀ ਨਹੀਂ ਹੈ। ਉਨ੍ਹਾਂ ਦਾ ਦੋਸ਼ ਹੈ ਕਿ 17 ਤਾਰੀਖ਼ ਦੀ ਲੁੱਟ-ਖੋਹ ਦੀ ਘਟਨਾ ਵਿੱਚ ਵੀ ਇਹੋ ਤਿੰਨ ਵਿਅਕਤੀ ਸ਼ਾਮਲ ਸਨ ਅਤੇ ਅੱਜ ਫਿਰ ਉਹੀ ਲੋਕ ਰਸਤੇ ਵਿੱਚ ਸਾਹਮਣੇ ਆਏ। ਪਰਿਵਾਰ ਦੇ ਅਨੁਸਾਰ, ਘਟਨਾ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਅੱਗੇ ਦੇ ਇਲਾਜ ਲਈ ਚੰਡੀਗੜ੍ਹ ਸਥਿਤ ਪੀ.ਜੀ.ਆਈ. (PGI) ਰੈਫ਼ਰ ਕਰ ਦਿੱਤਾ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਕਥਿਤ ਤੌਰ ‘ਤੇ ਧਮਕਾਉਣ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।