Home ਪਟਿਆਲਾ ਅਪਡੇਟ ਬੂਥ ਇੰਚਾਰਜ ਹੀ ਪਾਰਟੀ ਦਾ ਅਸਲੀ ਲੋਕਲ ਚਿਹਰਾ, ਭਗਵੰਤ ਮਾਨ ਨੂੰ ਮੁੜ...

ਬੂਥ ਇੰਚਾਰਜ ਹੀ ਪਾਰਟੀ ਦਾ ਅਸਲੀ ਲੋਕਲ ਚਿਹਰਾ, ਭਗਵੰਤ ਮਾਨ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਜ਼ਮੀਨੀ ਪੱਧਰ ‘ਤੇ ਜੁਟਣ ਵਰਕਰ: ਮਨੀਸ਼ ਸਿਸੋਦੀਆ

Manish Sisodia Calls for Grassroots Mobilisation to Help Bhagwant Mann Return as Chief Minister

0

ਸਨੌਰ, 7 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ): ਆਮ ਆਦਮੀ ਪਾਰਟੀ ਵੱਲੋਂ ਸੰਗਠਨ ਦੀ ਮਜ਼ਬੂਤੀ ਅਤੇ ਆਗਾਮੀ ਚੋਣ ਸਰਗਰਮੀਆਂ ਦੇ ਮੱਦੇਨਜ਼ਰ ਬਲਾਕ ਪ੍ਰਧਾਨਾਂ ਅਤੇ ਬੂਥ ਇੰਚਾਰਜਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਰਕਰਾਂ ਦੇ ਵਿਸ਼ਾਲ ਇਕੱਠ ਅਤੇ ਬੂਥ ਇੰਚਾਰਜਾਂ ਦੀ 100 ਫ਼ੀਸਦੀ ਹਾਜ਼ਰੀ ਨੂੰ ਦੇਖਦਿਆਂ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਹਡਾਣਾ ਦੀ ਜੰਮ ਕੇ ਸਿਫ਼ਤ ਕੀਤੀ। ਉਨ੍ਹਾਂ ਹਡਾਣਾ ਦੀ ਮਿਹਨਤ, ਬਿਹਤਰੀਨ ਸੰਗਠਨ ਪ੍ਰਣਾਲੀ ਅਤੇ ਅਗਵਾਈ ਦੀ ਖੁੱਲ੍ਹ ਕੇ ਤਾਰੀਫ਼ ਕਰਦਿਆਂ ਕਿਹਾ ਕਿ ਹਡਾਣਾ ਵੱਲੋਂ ਕੀਤੀ ਗਈ ਦਿਨ-ਰਾਤ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਏਨਾ ਵੱਡਾ ਇਕੱਠ ਜੁੜਿਆ ਹੈ ਅਤੇ ਸੌ ਫ਼ੀਸਦੀ ਬੂਥ ਇੰਚਾਰਜ ਹਾਜ਼ਰ ਹੋਏ ਹਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਲਈ ਅਗਲੇ ਦੋ-ਤਿੰਨ ਮਹੀਨੇ ਦਿਨ-ਰਾਤ ਮਿਹਨਤ ਕਰਨ ਦਾ ਸਮਾਂ ਹੈ। ਉਨ੍ਹਾਂ ਯਾਦ ਕਰਵਾਇਆ ਕਿ 2022 ਵਿੱਚ ਇਹਨਾਂ ਮਿਹਨਤੀ ਵਲੰਟੀਅਰਾਂ ਨੇ ਹੀ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕੀਤਾ ਸੀ ਅਤੇ ਵੱਡੀ ਗਿਣਤੀ ਵਿੱਚ ਹੋਰਨਾਂ ਲੋਕਾਂ ਨੂੰ ਪਾਰਟੀ ਨਾਲ ਜੋੜ ਕੇ ਬਦਲਾਅ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਵਰਕਰ ਹੀ ਸਮਾਜ ਅਤੇ ਦੇਸ਼ ਦੀ ਤਰੱਕੀ ਦੀ ਮੁੱਖ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮੁੱਖ ਕੰਮ ਵੱਡੇ ਆਗੂਆਂ ਰਾਹੀਂ ਦੇਖੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ਅਤੇ ਵਾਰਡਾਂ ਵਿੱਚ ਪਾਰਟੀ ਦਾ ਅਸਲ ਚਿਹਰਾ ਬੂਥ ਇੰਚਾਰਜ ਹੀ ਹੁੰਦੇ ਹਨ। ਲੋਕ ਪਾਰਟੀ ਦੀ ਪਛਾਣ ਬੂਥ ਇੰਚਾਰਜ ਰਾਹੀਂ ਕਰਦੇ ਹਨ, ਇਸ ਲਈ ਬੂਥ ਇੰਚਾਰਜਾਂ ਦਾ ਸਰਗਰਮ ਅਤੇ ਤਿਆਰ ਰਹਿਣਾ ਬੇਹੱਦ ਜ਼ਰੂਰੀ ਹੈ। ਮੀਟਿੰਗ ਦੌਰਾਨ 270 ਬੂਥਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਪਿਛਲੀਆਂ ਚੋਣਾਂ ਦੇ ਨਤੀਜਿਆਂ, ਵੋਟਾਂ ਦੇ ਅੰਕੜਿਆਂ ਅਤੇ ਜਿੱਤ-ਹਾਰ ਬਾਰੇ ਵਿਸਥਾਰ ਨਾਲ ਚਰਚਾ ਹੋਈ।

ਮਨੀਸ਼ ਸਿਸੋਦੀਆ ਨੇ ਸਪੱਸ਼ਟ ਕੀਤਾ ਕਿ ਇਹ ਸਾਰੇ ਇਤਿਹਾਸਕ ਕੰਮ ਇਕੱਲੀ ਸਰਕਾਰ ਨੇ ਨਹੀਂ ਕੀਤੇ, ਸਗੋਂ ਲੋਕਾਂ ਦੇ ਸਹਿਯੋਗ ਅਤੇ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋਏ ਹਨ। ਸਿੱਖਿਆ ਅਤੇ ਸਿਹਤ ਖੇਤਰ ਬਾਰੇ ਵੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਦ੍ਰਿੜ੍ਹ ਸੰਕਲਪ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਢਾਂਚੇ ਨੂੰ ਏਨਾ ਮਜ਼ਬੂਤ ਬਣਾਇਆ ਜਾਵੇ ਕਿ ਬਾਹਰਲੇ ਮੁਲਕਾਂ ਦੇ ਲੋਕ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਪੰਜਾਬ ਭੇਜਣ ਦੀ ਗੱਲ ਕਰਨ। ਉਨ੍ਹਾਂ ਸਿਹਤ ਸੇਵਾਵਾਂ ਬਾਰੇ ਦੱਸਿਆ ਗਿਆ ਕਿ ਅੱਜ ਰੋਜ਼ਾਨਾ 90 ਹਜ਼ਾਰ ਤੋਂ ਵੱਧ ਲੋਕ ਐਮ ਬੀ ਬੀ ਐਸ ਡਾਕਟਰਾਂ ਤੋਂ ਆਪਣਾ ਚੈੱਕਅਪ ਕਰਵਾ ਰਹੇ ਹਨ ਅਤੇ ਜੇਬ੍ਹ ਵਿੱਚ ਸਿਹਤ ਕਾਰਡ ਹੋਣ ਕਾਰਨ ਆਮ ਲੋਕਾਂ ਨੂੰ ਇਲਾਜ ਦੇ ਖ਼ਰਚੇ ਦੀ ਕੋਈ ਵੀ ਚਿੰਤਾ ਨਹੀਂ ਹੈ।

ਹਾਜ਼ਰ ਲੋਕਾਂ ਨੇ ਸੂਬੇ ਵਿੱਚ ਸੜਕ ਸੁਰੱਖਿਆ ਫੋਰਸ ਰਾਹੀਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਅਤੇ ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਉਚੇਚਾ ਧੰਨਵਾਦ ਕੀਤਾ।ਇਕੱਠ ਵਿੱਚ ਹਾਜ਼ਰ ਲੋਕਾਂ ਨੇ ਇੱਕਸੁਰ ਹੋ ਕੇ ਕਿਹਾ ਕਿ ਉਹ ਸਰਕਾਰ ਦੀ ਇਮਾਨਦਾਰੀ ਅਤੇ ਸਾਫ਼-ਸੁਥਰੀ ਨੀਤੀ ਕਾਰਨ ਹੀ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਮੀਟਿੰਗ ਦੇ ਅੰਤ ਵਿੱਚ ਹਡਾਣਾ ਅਤੇ ਸਮੂਹ ਬਲਾਕ ਪ੍ਰਧਾਨਾਂ ਤੇ ਬੂਥ ਇੰਚਾਰਜਾਂ ਨੇ ਆਉਣ ਵਾਲੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਅਤੇ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਅਹਿਦ ਲਿਆ। ਪ੍ਰੋਗਰਾਮ ਦੌਰਾਨ ਸਟੇਟ ਸੈਕਟਰੀ ਪੰਜਾਬ ਜਗਦੀਪ ਸਿੰਘ ਜੱਗਾ, ਲੋਕ ਸਭਾ ਇੰਚਾਰਜ ਬਲਜਿੰਦਰ ਢਿਲੋਂ, ਚੇਅਰਮੈਨ ਹੈਪੀ ਪਹਾੜੀਪੁਰ, ਜਿਲ੍ਹਾ ਇੰਚਾਰਜ ਨਵਲਦੀਪ ਸਿੰਘ ਤੋਂ ਇਲਾਵਾ ਹਲਕੇ ਸਨੌਰ ਦੇ ਸਾਰੇ ਬਲਾਕ ਪ੍ਰਧਾਨ ਅਤੇ ਸਾਰੇ ਬੂਥ ਇੰਚਾਰਜ ਵਿਸ਼ੇਸ਼ ਤੌਰ ਤੇ ਮੌਜੂਦ ਸਨ.

Exit mobile version