ਚੰਡੀਗੜ੍ਹ:11ਅਗਸਤ (ਛਤਰਪਾਲ ਸਿੰਘ):ਸ਼ਹਿਰ ਦੇ ਚਾਰ ਪ੍ਰਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲਣ ਤੋਂ ਬਾਅਦ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ। ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਨੇ ਬੰਬ ਡਿਸਪੋਜ਼ਲ ਸਕੁਆਡ ਅਤੇ ਡੌਗ ਸਕੁਆਡ ਨਾਲ ਮਿਲ ਕੇ ਸਕੂਲਾਂ ਦੀ ਤਲਾਸ਼ੀ ਲਈ।
ਧਮਕੀ ਦੀ ਸੂਚਨਾ ਜਿਨ੍ਹਾਂ ਸਕੂਲਾਂ ਨੂੰ ਮਿਲੀ, ਉਨ੍ਹਾਂ ਵਿੱਚ ਕਰਮਲ ਕਾਨਵੈਂਟ ਸਕੂਲ ਸੈਕਟਰ-9, ਸੇਂਟ ਜੌਨਜ਼ ਹਾਈ ਸਕੂਲ ਸੈਕਟਰ-26, ਸੇਕ੍ਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ-26 ਅਤੇ ਸੇਂਟ ਸਟੀਫਨਜ਼ ਸਕੂਲ ਸੈਕਟਰ-45B ਸ਼ਾਮਲ ਹਨ।
ਪੁਲਿਸ ਅਤੇ ਸੁਰੱਖਿਆ ਟੀਮਾਂ ਨੇ ਸਕੂਲਾਂ ਦੇ ਅੰਦਰਲੇ ਹਿੱਸਿਆਂ ਤੋਂ ਇਲਾਵਾ ਆਸ-ਪਾਸ ਦੇ ਇਲਾਕਿਆਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ। ਤਲਾਸ਼ੀ ਮੁਹਿੰਮ ਦੌਰਾਨ ਕਿਸੇ ਵੀ ਸਕੂਲ ਤੋਂ ਬੰਬ ਜਾਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।
ਫਿਲਹਾਲ ਪੁਲਿਸ ਦਾ ਧਿਆਨ ਧਮਕੀ ਭਰੀ ਈ-ਮੇਲ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਨ ’ਤੇ ਹੈ। ਜਾਂਚ ਟੀਮਾਂ ਈ-ਮੇਲ ਦੇ ਸਰੋਤ ਅਤੇ ਇਸ ਦੇ ਪਿੱਛੇ ਮੌਜੂਦ ਵਿਅਕਤੀ ਜਾਂ ਲੋਕਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਤਕਨੀਕੀ ਜਾਂਚ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਇਸ ਤੋਂ ਪਹਿਲਾਂ ਵੀ ਸਕੂਲਾਂ ਨੂੰ ਬੰਬ ਧਮਕੀਆਂ ਮਿਲਦੀਆਂ ਰਹੀਆਂ ਹਨ। ਜਨਵਰੀ 2026 ਵਿੱਚ ਵੀ ਕਈ ਸਕੂਲਾਂ ਨੂੰ ਅਜਿਹੀਆਂ ਈ-ਮੇਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਵਿਆਪਕ ਜਾਂਚ ਕੀਤੀ ਗਈ ਸੀ।
