Home ਦੇਸ਼ ਰੱਖੜੀ ਮੌਕੇ ਹਿਮਾਚਲ ਦੀਆਂ ਮਹਿਲਾਵਾਂ ਲਈ ਵੱਡੀ ਰਾਹਤ, HRTC ਦੀਆਂ ਆਮ ਬੱਸਾਂ...

ਰੱਖੜੀ ਮੌਕੇ ਹਿਮਾਚਲ ਦੀਆਂ ਮਹਿਲਾਵਾਂ ਲਈ ਵੱਡੀ ਰਾਹਤ, HRTC ਦੀਆਂ ਆਮ ਬੱਸਾਂ ’ਚ ਮੁਫ਼ਤ ਸਫ਼ਰ

HRTC Offers Free Bus Travel to Women on Raksha Bandhan in Himachal Pradesh

0

ਸ਼ਿਮਲਾ, 27 ਅਗਸਤ 2026 (ਅਮਨਦੀਪ ਸਰਾਂ) : ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਨੇ ਸੂਬੇ ਦੀਆਂ ਮਹਿਲਾਵਾਂ ਨੂੰ ਵੱਡੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। 28 ਅਗਸਤ ਨੂੰ ਮਹਿਲਾਵਾਂ HRTC ਦੀਆਂ ਆਮ ਬੱਸਾਂ ਵਿੱਚ ਸੂਬੇ ਦੇ ਅੰਦਰ ਮੁਫ਼ਤ ਸਫ਼ਰ ਕਰ ਸਕਣਗੀਆਂ। ਇਹ ਸਹੂਲਤ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਲਾਗੂ ਰਹੇਗੀ। ਰੱਖੜੀ ਦੇ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਆਪਣੇ ਪੇਕੇ ਘਰਾਂ ਜਾਂ ਹੋਰ ਸ਼ਹਿਰਾਂ ਅਤੇ ਪਿੰਡਾਂ ਵੱਲ ਜਾਂਦੀਆਂ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ HRTC ਪ੍ਰਬੰਧਨ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਤਿਉਹਾਰ ਦੌਰਾਨ ਯਾਤਰੀਆਂ ਦੀ ਵਧਣ ਵਾਲੀ ਗਿਣਤੀ ਦੇ ਮੱਦੇਨਜ਼ਰ ਖੇਤਰੀ ਮੈਨੇਜਰਾਂ ਨੂੰ ਵੱਧ ਤੋਂ ਵੱਧ ਬੱਸਾਂ ਸੜਕਾਂ ’ਤੇ ਚਲਾਉਣ ਅਤੇ ਯਾਤਰੀਆਂ ਦੀ ਸਹੂਲਤ ’ਤੇ ਨਜ਼ਦੀਕੀ ਨਜ਼ਰ ਰੱਖਣ ਲਈ ਕਿਹਾ ਗਿਆ ਹੈ। HRTC ਨੇ ਬੱਸ ਡਰਾਈਵਰਾਂ ਨੂੰ ਮਹਿਲਾਵਾਂ ਦੀ ਸਹੂਲਤ ਸਬੰਧੀ ਵੀ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ। ਜੇਕਰ ਕੋਈ ਮਹਿਲਾ ਰਸਤੇ ਵਿੱਚ ਸਰਕਾਰੀ ਬੱਸ ਨੂੰ ਰੁਕਣ ਲਈ ਇਸ਼ਾਰਾ ਕਰਦੀ ਹੈ ਤਾਂ ਡਰਾਈਵਰ ਨੂੰ ਬੱਸ ਰੋਕਣੀ ਲਾਜ਼ਮੀ ਹੋਵੇਗੀ। ਜੇਕਰ ਕਿਸੇ ਡਰਾਈਵਰ ਵੱਲੋਂ ਮਹਿਲਾ ਦੇ ਇਸ਼ਾਰੇ ਦੇ ਬਾਵਜੂਦ ਬੱਸ ਨਾ ਰੋਕਣ ਦੀ ਸ਼ਿਕਾਇਤ ਮਿਲਦੀ ਹੈ ਤਾਂ ਸਬੰਧਤ ਡਰਾਈਵਰ ਅਤੇ ਕੰਡਕਟਰ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ। HRTC ਦਾ ਉਦੇਸ਼ ਹੈ ਕਿ ਰੱਖੜੀ ਵਾਲੇ ਦਿਨ ਮਹਿਲਾਵਾਂ ਨੂੰ ਆਪਣੇ ਘਰਾਂ ਤੋਂ ਪੇਕੇ ਘਰਾਂ ਜਾਂ ਹੋਰ ਮੰਜ਼ਿਲਾਂ ਤੱਕ ਪਹੁੰਚਣ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਤਿਉਹਾਰ ਕਾਰਨ ਸੜਕਾਂ ’ਤੇ ਵਧਣ ਵਾਲੀ ਆਵਾਜਾਈ ਨੂੰ ਦੇਖਦਿਆਂ ਬੱਸਾਂ ਦੀ ਉਪਲਬਧਤਾ ਯਕੀਨੀ ਬਣਾਉਣ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।

 

Exit mobile version